Nepal Floods: ਬਰਾਮਦ ਲਾਸ਼ਾਂ ਦੀ ਪਛਾਣ ਚੁਣੌਤੀ ਬਣੀ

Nepal Floods: ਬਰਾਮਦ ਲਾਸ਼ਾਂ ਦੀ ਪਛਾਣ ਚੁਣੌਤੀ ਬਣੀ

ਕਾਠਮੰਡੂ : ਨੇਪਾਲ ’ਚ 26 ਅਗਸਤ ਨੂੰ ਆਏ ਹੜ੍ਹ ਕਾਰਨ ਮਚੀ ਤਬਾਹੀ ਤੋਂ ਤਕਰੀਬਨ 11 ਦਿਨ ਬਾਅਦ ਵੀ ਬਚਾਅ ਕਰਮੀ ਮਲਬੇ ਹੇਠੋਂ ਲੋਕਾਂ ਦੀ ਭਾਲ ਕਰ ਰਹੇ ਹਨ ਪਰ ਉਨ੍ਹਾਂ ਨੂੰ ਬਰਾਮਦ ਹੋਈਆਂ ਲਾਸ਼ਾਂ ਦੀ ਸ਼ਨਾਖ਼ਤ ਕਰਨ ’ਚ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨੇਪਾਲ ਪੁਲੀਸ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਹੁਣ ਤੱਕ 1,344 ਜਣਿਆਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ; ਪੰਜ ਹਜ਼ਾਰ ਸ਼ਖ਼ਸ ਹਾਲੇ ਵੀ ਲਾਪਤਾ ਹਨ। ਹੁਣ ਤੱਕ 13,100 ਤੋਂ ਵੱਧ ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਨੇਪਾਲ-ਤਿੱਬਤ ਸਰਹੱਦ ਨੇੜੇ 26 ਅਗਸਤ ਨੂੰ ਗਲੇਸ਼ੀਅਰ ਤੋਂ ਬਰਫ਼ ਦਾ ਵੱਡਾ ਹਿੱਸਾ ਟੁੱਟਣ ਤੋਂ ਬਾਅਦ ਭਾਰੀ ਮਲਬੇ ਅਤੇ ਤੇਜ਼ ਰਫ਼ਤਾਰ ਨਾਲ ਹੇਠਲੇ ਇਲਾਕਿਆਂ ਵਿੱਚ ਪਾਣੀ ਵਗਿਆ ਜਿਸ ਨਾਲ ਉੱਤਰੀ ਅਤੇ ਮੱਧ ਨੇਪਾਲ ਵਿੱਚ ਬਸਤੀਆਂ ਦੀਆਂ ਬਸਤੀਆਂ ਤਬਾਹ ਹੋ ਗਈਆਂ। ਚੀਨੀ ਮੀਡੀਆ ਦੀਆਂ ਖ਼ਬਰਾਂ ਮੁਤਾਬਕ ਤਿੱਬਤ ਵਿੱਚ ਵੀ ਘੱਟੋ-ਘੱਟ 31 ਜਣਿਆਂ ਦੀ ਮੌਤ ਹੋਈ ਹੈ; 500 ਤੋਂ ਵੱਧ ਸ਼ਖ਼ਸ ਹਾਲੇ ਵੀ ਲਾਪਤਾ ਹਨ। ਅਧਿਕਾਰੀਆਂ ਅਨੁਸਾਰ ਨੇਪਾਲ ਵਿੱਚ ਬਰਾਮਦ ਲਾਸ਼ਾਂ ਵਿੱਚੋਂ ਘੱਟੋ-ਘੱਟ 85 ਬੱਚਿਆਂ ਦੀਆਂ ਹਨ; ਤਕਰੀਬਨ 500 ਲਾਸ਼ਾਂ ਦੇ ਕੁਝ ਅੰਗ ਗਾਇਬ ਸਨ। ਕਈ ਲਾਸ਼ਾਂ ਦੀ ਹਾਲਤ ਅਜਿਹੀ ਹੈ ਕਿ ਉਨ੍ਹਾਂ ਦੀ ਪਛਾਣ ਕਰਨ ਵਿੱਚ ਮੁਸ਼ਕਲ ਆ ਰਹੀ ਹੈ। ਨੇਪਾਲ ਪੁਲੀਸ ਨੇ ਅੱਜ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ 26 ਅਗਸਤ ਦੇ ਹੜ੍ਹਾਂ ਤੋਂ ਬਾਅਦ ਮਿਲਣ ਵਾਲੇ ਸੋਨੇ, ਚਾਂਦੀ, ਨਕਦੀ ਅਤੇ ਹੋਰ ਕੀਮਤੀ ਚੀਜ਼ਾਂ ਆਪਣੇ ਕੋਲ ਨਾ ਰੱਖਣ, ਨਾ ਵੇਚਣ ਅਤੇ ਨਾ ਹੀ ਵੰਡਣ ਅਤੇ ਅਜਿਹੀਆਂ ਚੀਜ਼ਾਂ ਪੁਲੀਸ ਨੂੰ ਸੌਂਪ ਦੇਣ। ਇਸੇ ਦੌਰਾਨ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨ ਵਾਲੇ ਪੱਤਰਕਾਰਾਂ ਲਈ ਮੀਡੀਆ ਸੁਰੱਖਿਆ ਅਤੇ ਸੰਚਾਲਨ ਪ੍ਰੋਟੋਕੋਲ ਜਾਰੀ ਕੀਤਾ ਗਿਆ ਹੈ।

ਚੀਨ-ਨੇਪਾਲ ਸਰਹੱਦ ’ਤੇ ਮਲਬੇ ਹੇਠ ਦੱਬੇ ਲੋਕਾਂ ਦੀ ਭਾਲ ਜਾਰੀ

ਚੀਨ: ਚੀਨ ਦੇ ਗੀਰੋਂਗ ਸਰਹੱਦੀ ਖੇਤਰ ਵਿੱਚ ਐਤਵਾਰ ਨੂੰ ਕਰੀਬ 20 ਬਚਾਅ ਕਰਮਚਾਰੀ ਢਿੱਗਾਂ ਡਿੱਗਣ ਕਾਰਨ ਲਾਪਤਾ ਹੋਏ ਸੈਂਕੜੇ ਲੋਕਾਂ ਦੀ ਭਾਲ ਵਿੱਚ ਜੁਟੇ ਰਹੇ। ਇਹ ਘਟਨਾ 26 ਅਗਸਤ ਨੂੰ ਨੇਪਾਲ ’ਚ ਗਲੇਸ਼ੀਅਰ ਡਿੱਗਣ ਤੋਂ ਬਾਅਦ ਆਏ ਹੜ੍ਹਾਂ ਦੌਰਾਨ ਵਾਪਰੀ ਸੀ। ਢਿੱਗਾਂ ਡਿੱਗਣ ਕਾਰਨ ਚੀਨ ਅਤੇ ਨੇਪਾਲ ਵਿਚਕਾਰ ਮੁੱਖ ਸਰਹੱਦੀ ਲਾਂਘਾ ਤਬਾਹ ਹੋ ਗਿਆ ਸੀ। ਬਚਾਅ ਕਰਮਚਾਰੀ ਖੁਦਾਈ ਮਸ਼ੀਨਾਂ, ਬੇਲਚਿਆਂ ਅਤੇ ਰਡਾਰ ਡਿਟੈਕਟਰਾਂ ਦੀ ਮਦਦ ਨਾਲ ਮਲਬੇ ਵਿੱਚ ਲੋਕਾਂ ਦੀ ਭਾਲ ਕਰ ਰਹੇ ਸਨ। ਪੱਤਰਕਾਰਾਂ ਨੇ ਚੀਨੀ ਵਿਦੇਸ਼ ਮੰਤਰਾਲੇ ਵੱਲੋਂ ਕਰਵਾਏ ਦੌਰੇ ਦੌਰਾਨ ਐਤਵਾਰ ਨੂੰ ਤਬਾਹੀ ਵਾਲੀ ਥਾਂ ਦਾ ਜਾਇਜ਼ਾ ਲਿਆ। ਘਟਨਾ ਤੋਂ ਪਹਿਲਾਂ ਸਰਹੱਦ ’ਤੇ ਮੌਜੂਦ ਪੰਜ ਮੰਜ਼ਿਲਾ ਚੀਨੀ ਕਸਟਮਜ਼ ਦੀ ਇਮਾਰਤ ਦਾ ਕੋਈ ਨਿਸ਼ਾਨ ਨਹੀਂ ਮਿਲਿਆ। ਤਬਾਹੀ ਤੋਂ ਪਹਿਲਾਂ ਦੇ ਢਾਂਚਿਆਂ ਵਿੱਚੋਂ ਨੇੜੇ ਸਥਿਤ ਪਾਣੀ ਦੀ ਟੈਂਕੀ ਵਾਲੇ ਢਾਂਚੇ ਦਾ ਸਿਰਫ਼ ਕੁਝ ਹਿੱਸਾ ਹੀ ਦਿਖਾਈ ਦੇ ਰਿਹਾ ਸੀ।

Share: