ਅਧਿਆਪਕ ਦਿਵਸ: 16 ਸਾਲਾਂ ਤੋਂ ਵ੍ਹੀਲਚੇਅਰ ’ਤੇ ਬੈਠ ਕੇ ਵਿਦਿਆਰਥੀਆਂ ਨੂੰ ਸਿੱਖਿਆ ਦੀ ਉਡਾਨ ਦੇ ਰਿਹਾ ਵਿਕਾਸ ਕੁਮਾਰ

ਅਧਿਆਪਕ ਦਿਵਸ: 16 ਸਾਲਾਂ ਤੋਂ ਵ੍ਹੀਲਚੇਅਰ ’ਤੇ ਬੈਠ ਕੇ ਵਿਦਿਆਰਥੀਆਂ ਨੂੰ ਸਿੱਖਿਆ ਦੀ ਉਡਾਨ ਦੇ ਰਿਹਾ ਵਿਕਾਸ ਕੁਮਾਰ

ਲੁਧਿਆਣਾ : ਅਧਿਆਪਕ ਦਿਵਸ ਦੇ ਮੌਕੇ ‘ਤੇ 75 ਫ਼ੀਸਦੀ ਅਪਾਹਜਤਾ ਵਾਲੇ ਵਿਕਾਸ ਕੁਮਾਰ ਕਈਆਂ ਲਈ ਪ੍ਰੇਰਨਾ ਸਰੋਤ ਬਣ ਗਏ ਹਨ। ਕੁਮਾਰ 2011 ਤੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਸਰਾਭਾ ਜ਼ਿਲ੍ਹਾ – ਲੁਧਿਆਣਾ ਵਿਖੇ ਇੱਕ ਵੋਕੇਸ਼ਨਲ ਅਧਿਆਪਕ ਵਜੋਂ ਪੜ੍ਹਾ ਰਹੇ ਹਨ। ਉਹ 11ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵੋਕੇਸ਼ਨਲ ਸਿਖਲਾਈ ਦਿੰਦੇ ਹਨ ਅਤੇ ਉਨ੍ਹਾਂ ਦੀ ਅਗਵਾਈ ਹੇਠ ਵਿਦਿਆਰਥੀਆਂ ਨੇ ਹਮੇਸ਼ਾ ਸੌ ਫ਼ੀਸਦੀ ਨਤੀਜੇ ਦਿੱਤੇ ਹਨ। ਅਨਿਲ ਕੁਮਾਰ ਸ਼੍ਰੀਵਾਸਤਵ, ਕੁਮਾਰ ਦੇ ਪਿਤਾ ਨੇ ‘ਟ੍ਰਿਬਿਊਨ’ ਨੂੰ ਦੱਸਿਆ ਕਿ ਉਸਦਾ ਪੁੱਤਰ ਵ੍ਹੀਲਚੇਅਰ ‘ਤੇ ਸਕੂਲ ਜਾਂਦਾ ਹੈ। ਉਨ੍ਹਾਂ ਕਿਹਾ ਕਿ, “ਉਸ ਨੇ ਕਦੇ ਵੀ ਆਪਣੇ ਅਪਾਹਜ ਸਰੀਰ ਨੂੰ ਆਪਣੇ ਕਿੱਤੇ ਵਿੱਚ ਰੁਕਾਵਟ ਨਹੀਂ ਬਣਨ ਦਿੱਤਾ, ਸਕੂਲ ਅਤੇ ਵਿਦਿਆਰਥੀਆਂ ਨੂੰ ਆਪਣਾ 100 ਫ਼ੀਸਦੀ ਸਮਰਪਣ ਦਿੰਦਾ ਹੈ। ਪਰ ਸਰਕਾਰ ਨੇ ਕਦੇ ਵੀ ਇਨ੍ਹਾਂ ਯਤਨਾਂ ਦੀ ਸ਼ਲਾਘਾ ਨਹੀਂ ਕੀਤੀ। ਸਾਰੀਆਂ ਔਕੜਾਂ ਦੇ ਬਾਵਜੂਦ, ਜਦੋਂ ਕੋਈ ਆਪਣੇ ਕੰਮ ਪ੍ਰਤੀ ਵਚਨਬੱਧਤਾ ਦਿਖਾਉਂਦਾ ਹੈ, ਤਾਂ ਉਸਦੀ ਸ਼ਲਾਘਾ ਕੀਤੀ ਜਾਣੀ ਚਾਹੀਦੀ ਹੈ ਅਤੇ ਇਸ ਹੱਲਾਸ਼ੇਰੀ ਨਾਲ ਵਿਕਾਸ ਵਰਗੇ ਵਿਅਕਤੀਆਂ ਨੂੰ ਮੁਸਕਰਾਉਂਦੇ ਹੋਏ ਔਕੜਾਂ ਨਾਲ ਲੜਨ ਦੀ ਤਾਕਤ ਮਿਲਦੀ ਹੈ।’’

ਵਿਕਾਸ ਕੁਮਾਰ ਸ਼ਹੀਦ ਕਰਤਾਰ ਸਿੰਘ ਸਰਾਭਾ ਸੀਨੀਅਰ ਸੈਕੰਡਰੀ ਸਕੂਲ ਸਰਾਭਾ ਵਿਖੇ ਸੀਨੀਅਰ ਵਿਦਿਆਰਥੀਆਂ ਨੂੰ ਐਕਸਪੋਰਟ ਇੰਪੋਰਟ ਐਂਡ ਮੈਨੇਜਮੈਂਟ (ਬਰਾਮਦ ਦਰਾਮਦ ਅਤੇ ਪ੍ਰਬੰਧਨ) ਪੜ੍ਹਾ ਰਹੇ ਹਨ। ਕਈ ਵਾਰ, ਉਸਨੂੰ ਲੋਕਾਂ ਵੱਲੋਂ ਵੱਖ-ਵੱਖ ਕਿਸਮ ਦੀਆਂ ਅਜੀਬ ਟਿੱਪਣੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਇਨ੍ਹਾਂ ਨੇ ਕਦੇ ਵੀ ਉਸ ਦੇ ਹੌਸਲੇ ਨੂੰ ਪਸਤ ਨਹੀਂ ਕੀਤਾ। ਜਿਵੇਂ ਕਿ ਵਿਕਾਸ ਨੇ ਕਿਹਾ, “ਅਪਾਹਜ ਹੋਣਾ ਮੇਰੇ ਹੱਥ ਵਿੱਚ ਨਹੀਂ ਹੈ ਪਰ ਅੱਗੇ ਵਧਣ ਲਈ, ਸਾਨੂੰ ਆਪਣੇ ਆਪ ਨੂੰ ਸਕਾਰਾਤਮਕ ਤਰੀਕੇ ਨਾਲ ਚੱਲਣ ਦੀ ਲੋੜ ਹੈ। ਮੈਨੂੰ ਆਪਣੇ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਹੋਏ ਬਹੁਤ ਚੰਗਾ ਲੱਗਦਾ ਹੈ। ਸੈਂਕੜੇ ਵਿਦਿਆਰਥੀ ਮੇਰੀ ਅਗਵਾਈ ਹੇਠ ਪਾਸ ਹੋ ਚੁੱਕੇ ਹਨ, ਤੁਹਾਨੂੰ ਹੋਰ ਕੀ ਚਾਹੀਦਾ ਹੈ?” ਅਤੇ ਵਿਕਾਸ ਨੇ ਅੱਗੇ ਕਿਹਾ ਕਿ ਬਹੁਤੇ ਵਿਦਿਆਰਥੀ ਉਸ ਦਾ ਬਹੁਤ ਸਤਿਕਾਰ ਕਰਦੇ ਹਨ।

Share: