ਬਰਤਾਨੀਆ ਦੇ ਖਾਲਸਾ ਜਥਾ ਬ੍ਰਿਟਿਸ਼ ਆਇਲਸ ਗੁਰਦੁਆਰੇ ਨਤਮਸਤਕ ਹੋਏ Mohan Bhagwat

ਬਰਤਾਨੀਆ ਦੇ ਖਾਲਸਾ ਜਥਾ ਬ੍ਰਿਟਿਸ਼ ਆਇਲਸ ਗੁਰਦੁਆਰੇ ਨਤਮਸਤਕ ਹੋਏ Mohan Bhagwat

ਨਵੀਂ ਦਿੱਲੀ : ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐੱਸ.ਐੱਸ.) ਦੇ ਮੁਖੀ ਮੋਹਨ ਭਾਗਵਤ ਆਪਣੇ ਤਿੰਨ ਦੇਸ਼ਾਂ (ਅਮਰੀਕਾ, ਯੂ.ਕੇ. ਅਤੇ ਕੈਨੇਡਾ) ਦੇ ਦੌਰੇ ਦੇ ਆਖਰੀ ਪੜਾਅ ਤਹਿਤ ਸ਼ੁੱਕਰਵਾਰ ਰਾਤ ਨੂੰ ਲੰਡਨ ਪਹੁੰਚੇ। ਇਸ ਮੌਕੇ ਮੋਹਨ ਭਾਗਵਤ ਖਾਲਸਾ ਜਥਾ ਬ੍ਰਿਟਿਸ਼ ਆਇਲਸ ਗੁਰਦੁਆਰੇ ਨਤਮਸਤਕ ਹੋਏ। ਅਮਰੀਕਾ ਅਤੇ ਕੈਨੇਡਾ ਦੀ ਯਾਤਰਾ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਤੋਂ ਬਾਅਦ ਲੰਡਨ ਉਨ੍ਹਾਂ ਦੇ ਇਸ ਤਿੰਨ ਦੇਸ਼ਾਂ ਦੇ ਦੌਰੇ ਦਾ ਆਖਰੀ ਪੜਾਅ ਹੈ। ਲੰਡਨ ਵਿੱਚ ਉਨ੍ਹਾਂ ਦੇ ਸਮੁੱਚੇ ਪ੍ਰੋਗਰਾਮ ਦਾ ਪ੍ਰਬੰਧ ਇੰਟੀਗ੍ਰਲ ਨਾਂ ਦੀ ਯੂ.ਕੇ. ਆਧਾਰਿਤ ਸੰਸਥਾ ਕਰ ਰਹੀ ਹੈ। ਯੂ.ਕੇ. ਦੀਆਂ ਸਮਾਜਿਕ-ਸੱਭਿਆਚਾਰਕ ਸੰਸਥਾਵਾਂ ਨੇ ਮੋਹਨ ਭਾਗਵਤ ਦੇ ਸਵਾਗਤ ਕੀਤਾ। ਸੰਘ ਦੀ ਸ਼ਤਾਬਦੀ ਸਾਲ ਵਿੱਚ ਇਸ ਦੀ ਗਲੋਬਲ ਪਹੁੰਚ ਨੂੰ ਵਧਾਉਣ ਲਈ ਉਹ 2 ਸਤੰਬਰ ਨੂੰ ਯੂ.ਕੇ. ਪਹੁੰਚੇ ਸਨ ਅਤੇ ਉਦੋਂ ਤੋਂ ਲਗਾਤਾਰ ਵੱਖ-ਵੱਖ ਧਰਮਾਂ ਦੇ ਆਗੂਆਂ ਨਾਲ ਮੁਲਾਕਾਤ ਕਰ ਰਹੇ ਹਨ। ਆਪਣੇ ਇਸ ਦੌਰੇ ਦੌਰਾਨ ਮੋਹਨ ਭਾਗਵਤ ਧਾਰਮਿਕ ਆਗੂਆਂ, ਅਕਾਦਮਿਕ ਮਾਹਰਾਂ, ਖੋਜਕਾਰਾਂ ਅਤੇ ਹੋਰ ਨਾਮਵਰ ਸ਼ਖ਼ਸੀਅਤਾਂ ਨਾਲ ਮੁਲਾਕਾਤ ਕਰ ਰਹੇ ਹਨ। ਯੂ.ਕੇ. ਵਿੱਚ ਵੱਖ-ਵੱਖ ਧਰਮਾਂ ਪ੍ਰਤੀ ਆਪਣੇ ਸਮਰਪਣ ਦੇ ਹਿੱਸੇ ਵਜੋਂ ਉਹ ਵਿਲੇਸਡਨ ਸਥਿਤ ਸ੍ਰੀ ਸਵਾਮੀਨਾਰਾਇਣ ਮੰਦਰ ਅਤੇ ਖਾਲਸਾ ਜਥਾ ਬ੍ਰਿਟਿਸ਼ ਆਇਲਜ਼ ਗੁਰਦੁਆਰੇ ਗਏ ਅਤੇ ਉਹ ਲੰਡਨ ਵਿੱਚ ਇੱਕ ਜੈਨ ਮੰਦਰ ਦਾ ਵੀ ਦੌਰਾ ਕਰਨਗੇ। ਇਸ ਤੋਂ ਇਲਾਵਾ 6 ਸਤੰਬਰ ਨੂੰ ਸੇਲੀਬ੍ਰੇਸ਼ਨ ਆਫ਼ ਵਨਨੈੱਸ (Celebration of Oneness) ਵਿਸ਼ੇ ਤਹਿਤ ਇੱਕ ਭਾਈਚਾਰਕ ਆਗੂਆਂ ਦਾ ਸਵਾਗਤੀ ਸਮਾਰੋਹ ਅਤੇ ਸੱਭਿਅਤਾ ਸੰਬੰਧੀ ਗੱਲਬਾਤ ਦਾ ਪ੍ਰੋਗਰਾਮ ਰੱਖਿਆ ਗਿਆ ਹੈ। ਇਸ ਸਮਾਗਮ ਦੀ ਸ਼ੁਰੂਆਤ ਹਿੰਦੂ ਸਵੈਮਸੇਵਕ ਸੰਘ ਯੂ.ਕੇ. (HSS UK) ਵੱਲੋਂ ਕੀਤੀ ਗਈ ਹੈ, ਜੋ ਕਿ ਬ੍ਰਿਟੇਨ ਵਿੱਚ 1966 ਵਿੱਚ ਸਥਾਪਤ ਇੱਕ ਹਿੰਦੂ ਸਮਾਜਿਕ ਅਤੇ ਸੱਭਿਆਚਾਰਕ ਸੰਸਥਾ ਹੈ, ਅਤੇ ਇਸ ਵਿੱਚ ‘ਇੰਟੀਗ੍ਰਲ’ ਦਾ ਪੂਰਾ ਸਹਿਯੋਗ ਪ੍ਰਾਪਤ ਹੈ। ਇਸ ਜਸ਼ਨ ਵਿੱਚ ਪੂਰੇ ਯੂ.ਕੇ. ਤੋਂ 310 ਤੋਂ ਵੱਧ ਭਾਈਚਾਰਕ ਸੰਸਥਾਵਾਂ ਅਤੇ ਐਸੋਸੀਏਸ਼ਨਾਂ ਦੇ ਹਿੱਸਾ ਲੈਣ ਦੀ ਉਮੀਦ ਹੈ।

Share: