ਵਿਨੀਪੈਗ : ਦੁਨੀਆ ਦੇ ਠੰਢੇ ਮੁਲਕਾਂ ਵਿੱਚ ਗਿਣਿਆ ਜਾਣ ਵਾਲਾ ਦੇਸ਼ ਕੈਨੇਡਾ ਹੁਣ ਤੇਜ਼ੀ ਨਾਲ ਗਰਮ ਹੋ ਰਿਹਾ ਹੈ। ਜਲਵਾਯੂ ਤਬਦੀਲੀ ਬਾਰੇ ਤਾਜ਼ਾ ਵਿਗਿਆਨਕ ਅਧਿਐਨ ਨੇ ਦੇਸ਼ ਦੇ ਭਵਿੱਖ ਦੀ ਇੱਕ ਅਜਿਹੀ ਤਸਵੀਰ ਪੇਸ਼ ਕੀਤੀ ਹੈ, ਜਿਸ ਨੂੰ ਨਜ਼ਰਅੰਦਾਜ਼ ਕਰਨਾ ਔਖਾ ਹੈ। ਫੈਡਰਲ ਸਰਕਾਰ ਦੀ ‘ਕੈਨੇਡਾ ਚੇਂਜਿੰਗ ਕਲਾਈ ਮੇਟ ਰਿਪੋਰਟ’ (CCCR) ਦੇ ਦੂਜੇ ਐਡੀਸ਼ਨ ਮੁਤਾਬਕ ਜੇ ਮੌਜੂਦਾ ਨੀਤੀਆਂ ਅਤੇ ਇਹ ਰੁਝਾਨ ਜਾਰੀ ਰਹੇ ਤਾਂ ਸਦੀ ਦੇ ਅਖੀਰ ਤੱਕ ਕੈਨੇਡਾ ਦਾ ਔਸਤ ਤਾਪਮਾਨ ਅੱਜ ਨਾਲੋਂ ਲਗਪਗ 5 ਡਿੱਗਰੀ ਸੈਲਸੀਅਸ ਵੱਧ ਸਕਦਾ ਹੈ।
ਰਿਪੋਰਟ ਮੁਤਾਬਕ ਇਸ ਤਬਦੀਲੀ ਦਾ ਸਭ ਤੋਂ ਵੱਡਾ ਕਾਰਨ ਮਨੁੱਖੀ ਗਤੀਵਿਧੀਆਂ ਹਨ। ਤੇਲ, ਗੈਸ ਅਤੇ ਕੋਲੇ ਵਰਗੇ ਫ਼ੌਸਿਲ ਫਿਊਲ ਸਾੜਨ ਨਾਲ ਵਾਤਾਵਰਣ ਵਿੱਚ ਗ੍ਰੀਨ ਹਾਊਸ ਗੈਸਾਂ ਦੀ ਮਾਤਰਾ ਵਧ ਰਹੀ ਹੈ, ਜਿਸ ਨਾਲ ਧਰਤੀ ਦਾ ਤਾਪਮਾਨ ਲਗਾਤਾਰ ਚੜ੍ਹ ਰਿਹਾ ਹੈ। ਇਸ ਦਾ ਸਭ ਤੋਂ ਵੱਡਾ ਅਸਰ ਕੈਨੇਡਾ ਦੇ ਉੱਤਰੀ ਇਲਾਕਿਆਂ ਵਿੱਚ ਵੇਖਣ ਨੂੰ ਮਿਲ ਸਕਦਾ ਹੈ। ਨੂਨਾਵੂਟ ਵਿੱਚ ਸਰਦੀਆਂ ਦੇ ਤਾਪਮਾਨ ਵਿੱਚ ਵਾਧਾ 10 ਡਿੱਗਰੀ ਸੈਲਸੀਅਸ ਤੋਂ ਵੀ ਉੱਪਰ ਜਾ ਸਕਦਾ ਹੈ। ਇਸ ਨਾਲ ਸਿਰਫ਼ ਮੌਸਮ ਹੀ ਨਹੀਂ ਬਦਲੇਗਾ, ਸਗੋਂ ਉੱਥੋਂ ਦੇ ਲੋਕਾਂ ਦਾ ਰੋਜ਼ਾਨਾ ਜੀਵਨ, ਜੰਗਲੀ ਜੀਵਨ ਅਤੇ ਰਵਾਇਤੀ ਜੀਵਨ-ਢੰਗ ਵੀ ਪ੍ਰਭਾਵਿਤ ਹੋਣਗੇ।
ਪੱਛਮੀ ਕੈਨੇਡਾ ਦੇ ਗਲੇਸ਼ੀਅਰ ਲਈ ਵੀ ਹਾਲਾਤ ਚਿੰਤਾਜਨਕ ਹਨ। ਅੰਦਾਜ਼ਾ ਹੈ ਕਿ ਸਦੀ ਦੇ ਅੰਤ ਤੱਕ ਉਨ੍ਹਾਂ ਦੀ 75 ਫ਼ੀਸਦੀ ਤੋਂ ਵੱਧ ਬਰਫ਼ ਪਿਘਲ ਸਕਦੀ ਹੈ। ਕੇਂਦਰੀ ਆਰਕਟਿਕ ਵਿੱਚ ਸਤੰਬਰ ਮਹੀਨੇ ਦੌਰਾਨ ਸਮੁੰਦਰੀ ਬਰਫ਼ ਦੇ ਪੂਰੀ ਤਰ੍ਹਾਂ ਗ਼ਾਇਬ ਹੋਣ ਦੀ ਸੰਭਾਵਨਾ ਵੀ 60 ਫ਼ੀਸਦੀ ਤੋਂ ਵੱਧ ਦੱਸੀ ਗਈ ਹੈ।
ਗਰਮੀ ਦਾ ਵਧਣਾ ਕੈਨੇਡਾ ਦੇ ਦੱਖਣੀ ਹਿੱਸਿਆਂ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ। ਲੰਮੇ ਅਤੇ ਗੰਭੀਰ ਸੋਕਿਆਂ ਦੇ ਨਾਲ ਜੰਗਲੀ ਅੱਗਾਂ ਦਾ ਮੌਸਮ ਹੋਰ ਲੰਮਾ ਹੋ ਸਕਦਾ ਹੈ। ਹਾਲੀਆ ਸਾਲਾਂ ਵਿੱਚ ਕੈਨੇਡਾ ਦੇ ਜੰਗਲਾਂ ਵਿੱਚ ਲੱਗੀਆਂ ਭਿਆਨਕ ਅੱਗਾਂ ਅਤੇ ਉਨ੍ਹਾਂ ਦੇ ਧੂੰਏਂ ਦਾ ਟੋਰਾਂਟੋ ਸਮੇਤ ਕਈ ਸ਼ਹਿਰਾਂ ਤੱਕ ਪਹੁੰਚਣਾ ਇਸ ਖ਼ਤਰੇ ਦੀ ਝਲਕ ਪਹਿਲਾਂ ਹੀ ਦੇ ਚੁੱਕਾ ਹੈ। ਦੂਜੇ ਪਾਸੇ ਭਾਰੀ ਮੀਂਹ, ਅਚਾਨਕ ਹੜ੍ਹ ਅਤੇ ‘ਐਟਮੌਸਫੈਰਿਕ ਰਿਵਰਜ਼’ ਵਰਗੀਆਂ ਘਟਨਾਵਾਂ ਹੋਰ ਤੀਬਰ ਹੋ ਸਕਦੀਆਂ ਹਨ।
ਰਿਪੋਰਟ ਤਿੰਨ ਸੰਭਾਵਿਤ ਭਵਿੱਖ ਸਾਹਮਣੇ ਰੱਖਦੀ ਹੈ। ਮੌਜੂਦਾ ਨੀਤੀਆਂ ਜਾਰੀ ਰਹਿਣ ’ਤੇ 2081-2100 ਦੌਰਾਨ ਤਾਪਮਾਨ ਵਿੱਚ ਕਰੀਬ 5 ਡਿੱਗਰੀ ਵਾਧਾ ਹੋ ਸਕਦਾ ਹੈ। ਜੇ ਗ੍ਰੀਨ ਹਾਊਸ ਗੈਸਾਂ ਘਟਾਉਣ ਲਈ ਕੋਈ ਢੁਕਵੀਂ ਕਾਰਵਾਈ ਨਾ ਹੋਈ ਤਾਂ ਇਹ ਵਾਧਾ 6.9 ਡਿੱਗਰੀ ਤੱਕ ਪਹੁੰਚ ਸਕਦਾ ਹੈ। ਇਸ ਦੇ ਉਲਟ, ਜੇ ਦੁਨੀਆ 2075 ਤੱਕ ਨੈੱਟ-ਜ਼ੀਰੋ ਹਾਸਲ ਕਰ ਲੈਂਦੀ ਹੈ ਤਾਂ ਵਾਧਾ ਲਗਪਗ 3.5 ਡਿੱਗਰੀ ਤੱਕ ਸੀਮਤ ਕੀਤਾ ਜਾ ਸਕਦਾ ਹੈ।
ਕੈਨੇਡਾ ਸਰਕਾਰ ਨੇ 2050 ਤੱਕ ਨੈੱਟ-ਜ਼ੀਰੋ ਦਾ ਟੀਚਾ ਰੱਖਿਆ ਹੈ, ਪਰ ਇਸ ਟੀਚੇ ਦੀ ਅਸਲ ਕਸੌਟੀ ਹੁਣ ਨੀਤੀਆਂ ਦੇ ਐਲਾਨ ਨਹੀਂ, ਸਗੋਂ ਉਨ੍ਹਾਂ ਨੂੰ ਜ਼ਮੀਨ ’ਤੇ ਲਾਗੂ ਕਰਨਾ ਹੈ। ਜਲਵਾਯੂ ਤਬਦੀਲੀ ਦਾ ਮੁਕਾਬਲਾ ਕਰਨ ਵਿੱਚ ਦੇਰੀ ਜਿੰਨੀ ਵਧੇਗੀ, ਮਨੁੱਖੀ ਜਾਨਾਂ, ਘਰਾਂ, ਬੁਨਿਆਦੀ ਢਾਂਚੇ ਅਤੇ ਅਰਥਵਿਵਸਥਾ ਦੀ ਕੀਮਤ ਵੀ ਓਨੀ ਹੀ ਭਾਰੀ ਹੋਵੇਗੀ।

