ਐਮਸਟਲਵੀਨ : ਇੱਥੇ ਐਤਵਾਰ ਨੂੰ ਆਸਟਰੇਲੀਆ ਵਿਰੁੱਧ ਮੈਚ ਬਿਨਾਂ ਕਿਸੇ ਗੋਲ ਦੇ ਡਰਾਅ ਰਹਿਣ ਤੋਂ ਬਾਅਦ, ਮਹਿਲਾ ਹਾਕੀ ਟੀਮ ਦੇ ਆਲਮੀ ਹਾਕੀ ਕੱਪ ਦੇ ਸੈਮੀ ਫਾਈਨਲ ਵਿੱਚ ਪਹੁੰਚਣ ਦੀਆਂ ਆਸਾਂ ਦੇ ਦਿਲ ਕੱਢਵੇਂ ਅੰਤ ਨਾਲ ਭਾਰਤੀ ਖੇਮੇ ਵਿੱਚ ਖੁੱਲ੍ਹ ਕੇ ਹੰਝੂ ਵਹੇ। ਜਿਵੇਂ ਹੀ ਆਖਰੀ ਹੂਟਰ ਵੱਜਿਆ, ਡਗਆਊਟ ਵਿੱਚ ਬੈਠੀ ਤਜਰਬੇਕਾਰ ਗੋਲਕੀਪਰ ਸਵਿਤਾ ਪੂਨੀਆ ਅਤੇ ਬਿਛੂ ਦੇਵੀ ਫੁੱਟ-ਫੁੱਟ ਕੇ ਰੋ ਪਈਆਂ। ਆਪਣਾ ਪਹਿਲਾ ਆਲਮੀ ਕੱਪ ਖੇਡ ਰਹੀ ਇਸ਼ਿਕਾ ਚੌਧਰੀ ਉਨ੍ਹਾਂ ਦੇ ਪਿੱਛੇ ਬੈਠੀ, ਖੁੰਝੇ ਹੋਏ ਮੌਕੇ ਦੀ ਗੰਭੀਰਤਾ ਨੂੰ ਮਹਿਸੂਸ ਕਰਦਿਆਂ ਖਾਲੀ ਅੱਖਾਂ ਨਾਲ ਦੇਖਦੀ ਰਹੀ, ਜਿਸ ਟੀਮ ਨੇ ਸੁਪਨਾ ਦੇਖਣ ਦੀ ਹਿੰਮਤ ਕੀਤੀ ਸੀ ਅਤੇ ਉਸ ਸੁਪਨੇ ਨੂੰ ਮਹਿਲਾ ਹਾਕੀ ਆਲਮੀ ਕੱਪ ਵਿੱਚ ਭਾਰਤ ਦਾ ਪਹਿਲਾ ਤਗ਼ਮਾ ਬਣਾਉਣ ਦੇ ਸਮਰੱਥ ਜਾਪਦੀ ਸੀ, ਉਸ ਮੁਹਿੰਮ ਦਾ ਅੰਤ ਹੰਝੂਆਂ ਅਤੇ ਦਿਲ ਟੁੱਟਣ ਨਾਲ ਹੋਇਆ।
ਭਾਰਤ ਨੇ ਆਸਟਰੇਲੀਆ ਦੇ ਬਰਾਬਰ ਅੰਕ ਪ੍ਰਾਪਤ ਕੀਤੇ ਪਰ ਗੋਲ ਫਰਕ ਦੇ ਆਧਾਰ ’ਤੇ ਸੈਮੀ ਫਾਈਨਲ ਦੀ ਦੌੜ ’ਚੋਂ ਬਾਹਰ ਹੋ ਗਿਆ। ਜਦੋਂ ਖਿਡਾਰਨਾਂ ਮੈਦਾਨ ਤੋਂ ਬਾਹਰ ਜਾ ਰਹੀਆਂ ਸਨ ਤਾਂ ਉਨ੍ਹਾਂ ਦੇ ਚਿਹਰਿਆਂ ’ਤੇ ਨਿਰਾਸ਼ਾ ਸਾਫ ਦਿਖਾਈ ਦੇ ਰਹੀ ਸੀ। ਉਨ੍ਹਾਂ ਵਿੱਚੋਂ ਕਈਆਂ ਦੀਆਂ ਅੱਖਾਂ ਲਾਲ ਸਨ ਅਤੇ ਟੀਮ ਦੀ ਬੱਸ ਵਿੱਚ ਚੜ੍ਹਨ ਤੋਂ ਪਹਿਲਾਂ ਉਹ ਆਪਣੇ ਹੰਝੂ ਰੋਕਣ ਲਈ ਸੰਘਰਸ਼ ਕਰ ਰਹੀਆਂ ਸਨ। ਆਪਣੇ ਪਹਿਲੇ ਆਲਮੀ ਕੱਪ ਵਿੱਚ ਖੇਡ ਰਹੀਆਂ 11 ਖਿਡਾਰਨਾਂ ਵਾਲੀ ਟੀਮ ਲਈ ਹਾਰ ਨੂੰ ਹਜ਼ਮ ਕਰਨਾ ਮੁਸ਼ਕਲ ਸੀ।
ਮੈਨੂੰ ਟੀਮ ’ਤੇ ਮਾਣ ਹੈ: ਕੋਚ

