ਚੰਡੀਗੜ੍ਹ : ਗੈਂਗਸਟਰ ਗੋਲਡੀ ਬਰਾੜ ਵੱਲੋਂ ਸਿੱਖ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਦੀ ਜ਼ਿੰਮੇਵਾਰੀ ਦਾ ਦਾਅਵਾ ਕਰਨ ਤੋਂ ਇੱਕ ਦਿਨ ਬਾਅਦ, ਬਰਾੜ ਅਤੇ ਕੈਨੇਡਾ ਵਿੱਚ ਬੈਠੇ ਨਾਮਜ਼ਦ ਅਤਿਵਾਦੀ ਅਰਸ਼ਦੀਪ ਸਿੰਘ ਗਿੱਲ ਉਰਫ਼ ਅਰਸ਼ ਡੱਲਾ ਵਿਚਕਾਰ ਸ਼ਬਦੀ ਜੰਗ ਮੁੜ ਸ਼ੁਰੂ ਹੋ ਗਈ ਹੈ। ਪਿਛਲੇ 24 ਘੰਟਿਆਂ ਵਿੱਚ ਵਾਇਰਲ ਹੋਈਆਂ ਕਈ ਆਡੀਓਜ਼ ਵਿੱਚ, ਬਰਾੜ ਨੇ ਪਹਿਲਾਂ ਨਿੱਝਰ ਦੇ ਕਤਲ ਦੀ ਸਾਜ਼ਿਸ਼ ਰਚਣ ਦੀ ਗੱਲ ਸਵੀਕਾਰ ਕੀਤੀ। ਇਸ ਦੇ ਜਵਾਬ ਵਿੱਚ ਡੱਲਾ ਨੇ ਬਦਲੇ ਦੀਆਂ ਧਮਕੀਆਂ ਦਿੱਤੀਆਂ, ਜਿਸ ਤੋਂ ਬਾਅਦ ਬਰਾੜ ਨੇ ਇੱਕ ਹੋਰ ਆਡੀਓ ਜਾਰੀ ਕਰਦਿਆਂ ਦੋਸ਼ ਲਾਇਆ ਕਿ ਡੱਲਾ ਕੈਨੇਡਾ ਦੇ ਹੈਮਿਲਟਨ ਵਿੱਚ ਇੱਕ ਹਮਲੇ ਦੌਰਾਨ ਵਾਲ-ਵਾਲ ਬਚਿਆ ਹੈ, ਉਸਨੂੰ ਗੁਪਤ ਰੂਪ ਵਿੱਚ ਹਸਪਤਾਲ ਲਿਜਾਇਆ ਗਿਆ ਅਤੇ ਹੁਣ ਉਹ ਪੁਲੀਸ ਦੀ ਨਿਗਰਾਨੀ ਹੇਠ ਹੈ ਅਤੇ ਉਸਦੇ ਪੈਰ ਵਿੱਚ ਇੱਕ ਟਰੈਕਿੰਗ ਡਿਵਾਈਸ ਫਿੱਟ ਕੀਤਾ ਗਿਆ ਹੈ। ਹਾਲਾਕਿ ‘ਟ੍ਰਿਬਿਊਨ ਸਮੂਹ’ ਇਨ੍ਹਾਂ ਵਾਇਰਲ ਆਡੀਓਜ਼ ਦੀ ਸੱਚਾਈ ਦੀ ਪੁਸ਼ਟੀ ਨਹੀਂ ਕਰਦਾ।
ਬਰਾੜ ਨੇ ਅੱਗੇ ਦਾਅਵਾ ਕੀਤਾ ਕਿ 2024 ਵਿੱਚ ਕੌਮੀ ਜਾਂਚ ਏਜੰਸੀ (NIA) ਵੱਲੋਂ ਡੱਲਾ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ ਜਦੋਂ 5 ਕਿਲੋ ਨਸ਼ੀਲੇ ਪਦਾਰਥ ਬਰਾਮਦ ਹੋਏ ਸਨ, ਜੋ ਕਥਿਤ ਤੌਰ ’ਤੇ ਸਟੱਡੀ ਵੀਜ਼ਾ ‘ਤੇ ਗਏ ਪੰਜਾਬੀ ਨੌਜਵਾਨਾਂ ਵਿੱਚ ਵੰਡਣ ਲਈ ਕੈਨੇਡਾ ਤਸਕਰੀ ਕੀਤੇ ਜਾਣੇ ਸਨ।
ਪਹਿਲੀ ਆਡੀਓ ਵਿੱਚ ਬਰਾੜ ਨੇ ਨਿੱਝਰ ‘ਤੇ ਡੱਲਾ ਨੂੰ ਪਨਾਹ ਦੇਣ, ਉਸਨੂੰ ਹਥਿਆਰ ਅਤੇ ਵਿੱਤੀ ਸਹਾਇਤਾ ਪ੍ਰਦਾਨ ਕਰਨ, ਅਤੇ ਨੌਜਵਾਨਾਂ ਵਿੱਚ ਨਸ਼ਾਖੋਰੀ ਨੂੰ ਉਤਸ਼ਾਹਿਤ ਕਰਨ ਦਾ ਦੋਸ਼ ਲਾਇਆ ਹੈ। ਇਸ ਦੇ ਜਵਾਬ ਵਿੱਚ ਡੱਲਾ ਨੇ ਪੰਜਾਬੀ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਇੱਕ 15 ਮਿੰਟ ਦਾ ਵੀਡੀਓ ਜਾਰੀ ਕਰਦਿਆਂ ਬਰਾੜ ਦੇ ਦੋਸ਼ਾਂ ਨੂੰ ਸਿਰਫ਼ੋਂ ਖਾਰਜ ਕਰ ਦਿੱਤਾ।
ਉਸ ਨੇ ਦਾਅਵਾ ਕੀਤਾ ਕਿ ਉਹ ਕਤਲ ਤੋਂ ਲਗਪਗ ਇੱਕ ਸਾਲ ਪਹਿਲਾਂ ਤੱਕ ਨਿੱਝਰ ਨੂੰ ਨਹੀਂ ਮਿਲਿਆ ਸੀ ਅਤੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਨਿੱਝਰ ਨੇ ਉਸ ਨੂੰ ਪੈਸੇ, ਪਨਾਹ ਜਾਂ ਹਥਿਆਰ ਦਿੱਤੇ ਸਨ। ਡੱਲਾ ਅਤੇ ਬਰਾੜ ਦੋਵਾਂ ਨੇ ਇੱਕ-ਦੂਜੇ ‘ਤੇ ਏਜੰਸੀਆਂ ਲਈ ਕੰਮ ਕਰਨ ਦੇ ਦੋਸ਼ ਲਾਏ।
ਡੱਲਾ ਨੇ ਨਵੰਬਰ 2020 ਵਿੱਚ ਬਠਿੰਡਾ ਵਿੱਚ ਡੇਰਾ ਸੱਚਾ ਸੌਦਾ ਪ੍ਰੇਮੀ ਮਨੋਹਰ ਲਾਲ ਦੇ ਕਤਲ ਵਿੱਚ ਆਪਣੀ ਸ਼ਮੂਲੀਅਤ ਨੂੰ ਵੀ ਸਵੀਕਾਰ ਕੀਤਾ, ਜਿਸ ਨੂੰ ਉਸਦੇ ਨੈੱਟਵਰਕ ਨੇ ਬੇਅਦਬੀ ਦੀਆਂ ਘਟਨਾਵਾਂ ਦਾ ਬਦਲਾ ਦੱਸਿਆ ਸੀ। ਉਸ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਭਾਈਚਾਰੇ ਦਾ ਗੱਦਾਰ ਨਹੀਂ ਹੈ ਅਤੇ ਦਾਅਵਾ ਕੀਤਾ ਕਿ ਉਸ ਦੇ ਪਿਤਾ ਤੋਂ ਵਾਰ-ਵਾਰ ਪੁੱਛਗਿੱਛ ਕੀਤੀ ਗਈ ਸੀ ਪਰ ਉਨ੍ਹਾਂ ਨੇ ਕਦੇ ਵੀ ਕਾਤਲਾਂ ਨੂੰ ਪੁਲੀਸ ਦੇ ਹਵਾਲੇ ਨਹੀਂ ਕੀਤਾ।
ਜ਼ਿਕਰਯੋਗ ਹੈ ਕਿ ਨਿੱਝਰ ਨੂੰ 2023 ਵਿੱਚ ਸਰੀ ਦੇ ਇੱਕ ਗੁਰਦੁਆਰੇ ਦੇ ਬਾਹਰ ਗੋָਲੀ ਮਾਰ ਕੇ ਮਾਰ ਦਿੱਤਾ ਗਿਆ ਸੀ, ਜਿਸ ਨਾਲ ਭਾਰਤ ਅਤੇ ਕੈਨੇਡਾ ਵਿਚਕਾਰ ਸਭ ਤੋਂ ਮਾੜਾ ਕੂਟਨੀਤਕ ਸੰਕਟ ਪੈਦਾ ਹੋ ਗਿਆ ਸੀ। ਬਰਾੜ, ਜੋ ਪਹਿਲਾਂ ਹੀ ਭਾਰਤ ਵਿੱਚ ਲੋੜੀਂਦਾ ਹੈ ਅਤੇ ਸਿੱਧੂ ਮੂਸੇਵਾਲਾ ਸਮੇਤ ਕਈ ਕਤਲਾਂ ਲਈ ਅਮਰੀਕਾ ਦੀ ਸਭ ਤੋਂ ਵੱਧ ਲੋੜੀਂਦੀ ਸੂਚੀ ਵਿੱਚ ਹੈ, ਨੇ ਆਪਣੇ ਤਾਜ਼ਾ ਦਾਅਵੇ ਖਾਲਿਸਤਾਨੀ ਅਤਿਵਾਦੀ ਪਰਮਜੀਤ ਸਿੰਘ ਪੰਮਾ ਨਾਲ ਕਥਿਤ ਗੱਲਬਾਤ ਦੌਰਾਨ ਕੀਤੇ ਹਨ।

