ਨਵੀਂ ਦਿੱਲੀ : ਥੌਮ ਜਿਕੁਐਲ ਅਤੇ ਡੈਲਫਿਨ ਡੈਲਰਿਊ ਦੀ ਮਿਕਸਡ ਡਬਲਜ਼ ਜੋੜੀ ਅਤੇ ਪੁਰਸ਼ ਸਿੰਗਲਜ਼ ਖਿਡਾਰੀ ਐਲਿਕਸ ਲੇਨੀਅਰ ਅੱਜ ਇੱਥੇ ਫਰਾਂਸ ਦੇ ਪਹਿਲੇ ਅਜਿਹੇ ਬੈਡਮਿੰਟਨ ਖਿਡਾਰੀ ਬਣ ਗਏ ਹਨ ਜਿਨ੍ਹਾਂ ਨੇ ਆਲਮੀ ਚੈਂਪੀਅਨ ਦਾ ਖ਼ਿਤਾਬ ਜਿੱਤਿਆ ਹੈ। ਸਾਲ 2009 ਵਿੱਚ ਪੀ ਹੌਂਗਯਾਨ ਵੱਲੋਂ ਮਹਿਲਾ ਸਿੰਗਲਜ਼ ਵਿੱਚ ਕਾਂਸੀ ਤਗ਼ਮੇ ਨਾਲ ਫਰਾਂਸ ਦਾ ਪਹਿਲਾ ਆਲਮੀ ਚੈਂਪੀਅਨਸ਼ਿਪ ਤਗ਼ਮਾ ਜਿੱਤਣ ਤੋਂ 17 ਸਾਲ ਬਾਅਦ, ਦੇਸ਼ ਨੇ ਹੁਣ ਇੱਕੋ ਸਮੇਂ ਇੱਕ ਜੋੜੀ ਅਤੇ ਇੱਕ ਖਿਡਾਰੀ ਨੂੰ ਆਲਮੀ ਖ਼ਿਤਾਬ ਜਿੱਤਦਿਆਂ ਦੇਖਿਆ ਹੈ। ਪਿਛਲੇ ਸਾਲ, ਥੌਮ ਅਤੇ ਡੈਲਫਿਨ ਨੇ ਪੈਰਿਸ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਦੁਨੀਆ ਦੀ 5ਵੇਂ ਨੰਬਰ ਦੀ ਫਰੈਂਚ ਜੋੜੀ, ਥੌਮ ਅਤੇ ਡੈਲਫਿਨ ਨੇ ਆਲਮੀ ਚੈਂਪੀਅਨਸ਼ਿਪ ਦੇ ਮਿਕਸਡ ਡਬਲਜ਼ ਫਾਈਨਲ ਵਿੱਚ ਚੀਨ ਦੀ ਦੁਨੀਆ ਦੀ ਨੰਬਰ 1 ਜੋੜੀ ਫੈਂਗ ਯਾਨ ਜ਼ੇ ਅਤੇ ਹੁਆਂਗ ਡੌਂਗ ਪਿੰਗ ਨੂੰ ਇੱਕ ਘੰਟਾ 18 ਮਿੰਟ ਤੱਕ ਚੱਲੇ ਮੁਕਾਬਲੇ ਵਿੱਚ 22-20, 19-21, 21-15 ਨਾਲ ਹਰਾ ਕੇ ਆਪਣੇ ਕਰੀਅਰ ਦਾ ਸਭ ਤੋਂ ਵੱਡਾ ਖ਼ਿਤਾਬ ਆਪਣੇ ਨਾਂ ਕੀਤਾ।
ਕੁਝ ਹੀ ਸਮੇਂ ਬਾਅਦ, ਲੇਨੀਅਰ ਨੇ ਪੁਰਸ਼ ਸਿੰਗਲਜ਼ ਦੇ ਇੱਕਪਾਸੜ ਫਾਈਨਲ ਮੁਕਾਬਲੇ ਵਿੱਚ ਜਪਾਨ ਦੇ ਕੋਦਾਈ ਨਾਰਾਓਕਾ ਨੂੰ 21-11, 21-11 ਨਾਲ ਹਰਾ ਕੇ ਆਲਮੀ ਚੈਂਪੀਅਨ ਦਾ ਖ਼ਿਤਾਬ ਜਿੱਤ ਲਿਆ। ਪਿਛਲੇ ਐਡੀਸ਼ਨ ਵਿੱਚ ਕਾਂਸੀ ਤਗ਼ਮਾ ਜੇਤੂ ਰਹੇ ਜਿਕੁਐਲ ਅਤੇ ਡੈਲਰਿਊ ਨੇ ਸ਼ਾਨਦਾਰ ਰਣਨੀਤਕ ਪ੍ਰਦਰਸ਼ਨ ਕੀਤਾ, ਖ਼ਾਸਕਰ ਨੈੱਟ ’ਤੇ ਜਿੱਥੇ ਉਨ੍ਹਾਂ ਨੇ ਹੁਆਂਗ ਦੇ ਪ੍ਰਭਾਵ ਨੂੰ ਸਫਲਤਾਪੂਰਵਕ ਬੇਅਸਰ ਕਰ ਦਿੱਤਾ। ਜਿਕੁਐਲ ਨੇ ਕਿਹਾ, ‘‘ਅਸੀਂ ਹਰੇਕ ਮੈਚ ਜਿੱਤਣ ਲਈ ਤਿਆਰ ਸਾਂ, ਪਰ ਅਸੀਂ ਜਾਣਦੇ ਸਾਂ ਕਿ ਰਸਤਾ ਬਹੁਤ ਔਖਾ ਹੈ। ਇਸ ਲਈ ਅਸੀਂ ਪਹਿਲੇ ਮੈਚ ’ਤੇ ਅਤੇ ਉਸ ਤੋਂ ਬਾਅਦ ਅਗਲੇ ਮੈਚ ’ਤੇ ਪੂਰੀ ਤਰ੍ਹਾਂ ਕੇਂਦਰਿਤ ਸਾਂ। ਅਸੀਂ ਮੈਚ-ਦਰ-ਮੈਚ ਧਿਆਨ ਦਿੱਤਾ। ਟੂਰਨਾਮੈਂਟ ਦੇ ਹਰੇਕ ਪੜਾਅ ’ਤੇ ਅਸੀਂ ਜਿੱਤਣ ਲਈ ਤਿਆਰ ਸਾਂ ਅਤੇ ਅਸੀਂ ਉਹੀ ਕੀਤਾ।’’ ਫਰੈਂਚ ਜੋੜੀ ਨੇ ਆਲਮੀ ਚੈਂਪੀਅਨਸ਼ਿਪ ਤੋਂ ਪਹਿਲਾਂ ਵੀ ਸ਼ਾਨਦਾਰ ਫਾਰਮ ਦਿਖਾਈ ਸੀ, ਜਿਸ ਵਿੱਚ ਆਲ ਇੰਗਲੈਂਡ ਚੈਂਪੀਅਨਸ਼ਿਪ ਵਿੱਚ ਉਪ ਜੇਤੂ ਰਹਿਣਾ ਅਤੇ ਇਸ ਸਾਲ ਦੇ ਸ਼ੁਰੂ ਵਿੱਚ ਇੰਡੋਨੇਸ਼ੀਆ ਅਤੇ ਚੀਨ ਸੁਪਰ 1000 ਟੂਰਨਾਮੈਂਟਾਂ ਦੇ ਸੈਮੀ ਫਾਈਨਲ ਤੱਕ ਪਹੁੰਚਣਾ ਸ਼ਾਮਲ ਹੈ।
ਕੋਰੀਆ ਦੀ ਯੁੰਗ ਨੇ ਮਹਿਲਾ ਸਿੰਗਲਜ਼ ਦਾ ਦੂਜਾ ਖ਼ਿਤਾਬ ਜਿੱਤਿਆ
ਨਵੀਂ ਦਿੱਲੀ: ਕੋਰੀਆ ਦੀ ਦੁਨੀਆ ਦੀ ਨੰਬਰ 1 ਖਿਡਾਰਨ ਆਨ ਸੇ ਯੁੰਗ ਨੇ ਤਿੰਨ ਵਾਰ ਦੀ ਚੈਂਪੀਅਨ ਅਤੇ ਦੁਨੀਆ ਦੀ ਨੰਬਰ 2 ਜਪਾਨ ਦੀ ਅਕਾਨੇ ਯਾਮਾਗੁਚੀ ਨੂੰ 21-17, 21-14 ਨਾਲ ਹਰਾ ਕੇ ਆਪਣਾ ਦੂਜਾ ਮਹਿਲਾ ਸਿੰਗਲਜ਼ ਬੈਡਮਿੰਟਨ ਆਲਮੀ ਖ਼ਿਤਾਬ ਜਿੱਤ ਲਿਆ ਹੈ। ਉਸ ਨੇ 2023 ਵਿੱਚ ਡੈਨਮਾਰਕ ’ਚ ਆਪਣਾ ਪਹਿਲਾ ਤਾਜ ਜਿੱਤਿਆ ਸੀ। ਆਨ ਨੇ ਕਿਹਾ, ‘‘ਬਹੁਤ ਸਾਰੇ ਪ੍ਰਸ਼ੰਸਕ ਮੇਰਾ ਸਮਰਥਨ ਕਰ ਰਹੇ ਸਨ ਅਤੇ ਇਹੀ ਚੀਜ਼ ਮੈਨੂੰ ਅੱਗੇ ਵਧਣ ਦੀ ਊਰਜਾ ਦਿੰਦੀ ਹੈ।’’ ਮਹਿਲਾ ਡਬਲਜ਼ ਵਿੱਚ, ਕੋਰੀਆ ਦੀ ਬੇਕ ਹਾ ਨਾ ਅਤੇ ਲੀ ਸੋ ਹੀ ਨੇ ਚੀਨ ਦੀ ਲਿਊ ਸ਼ੇਂਗ ਸ਼ੂ ਅਤੇ ਤਾਨ ਨਿੰਗ ਨੂੰ 21-15, 21-15 ਨਾਲ ਹਰਾ ਕੇ ਖ਼ਿਤਾਬ ਆਪਣੇ ਨਾਂ ਕੀਤਾ। ਚੀਨ ਵੀ ਇੱਕ ਸੋਨ ਤਗ਼ਮਾ ਜਿੱਤਣ ਵਿੱਚ ਸਫਲ ਰਿਹਾ, ਜਿੱਥੇ ਲਿਆਂਗ ਵੇਈ ਕੇਂਗ ਅਤੇ ਵਾਂਗ ਚਾਂਗ ਨੇ ਪੁਰਸ਼ ਡਬਲਜ਼ ’ਚ ਮਲੇਸ਼ੀਆ ਦੇ ਆਰੋਨ ਚੀਆ ਅਤੇ ਸੋਹ ਵੂਈ ਯਿਕ ਨੂੰ 21-17, 21-16 ਨਾਲ ਹਰਾਇਆ। 2019 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਚੀਨ ਸਿਰਫ਼ ਇੱਕ ਹੀ ਸੋਨ ਤਗ਼ਮਾ ਜਿੱਤ ਸਕਿਆ ਹੈ।
ਤ੍ਰੀਸਾ ਤੇ ਗਾਇਤਰੀ ਨੂੰ ਕਾਂਸੀ ਤਗ਼ਮਾ
ਨਵੀਂ ਦਿੱਲੀ: ਤ੍ਰੀਸਾ ਜੌਲੀ ਅਤੇ ਗਾਇਤਰੀ ਗੋਪੀਚੰਦ ਦੀ ਭਾਰਤੀ ਬੈਡਮਿੰਟਨ ਜੋੜੀ ਨੇ ਅੱਜ ਕਿਹਾ ਕਿ ਉਨ੍ਹਾਂ ਦੇ ਆਲੋਚਕਾਂ ਨੂੰ ਸਭ ਤੋਂ ਵਧੀਆ ਜਵਾਬ ਉਨ੍ਹਾਂ ਦਾ ਸ਼ਾਨਦਾਰ ਪ੍ਰਦਰਸ਼ਨ ਹੈ ਅਤੇ ਭਾਰਤ ਦੀ ਇਸ ਮਹਿਲਾ ਡਬਲਜ਼ ਜੋੜੀ ਨੇ ਆਪਣੇ ਪਹਿਲੇ ਆਲਮੀ ਚੈਂਪੀਅਨਸ਼ਿਪ ਕਾਂਸੀ ਤਗ਼ਮੇ ਨਾਲ ਇਸ ਸ਼ਾਨਦਾਰ ਹਫ਼ਤੇ ਦਾ ਬਾਖ਼ੂਬੀ ਅੰਤ ਕੀਤਾ ਹੈ। ਗ਼ੈਰ-ਦਰਜਾ ਪ੍ਰਾਪਤ ਭਾਰਤੀ ਜੋੜੀ ਨੇ ਅੱਜ ਸੈਮੀ ਫਾਈਨਲ ਵਿੱਚ ਦੁਨੀਆ ਦੀ ਨੰਬਰ 1 ਅਤੇ ਡਿਫੈਂਡਿੰਗ ਚੈਂਪੀਅਨ ਚੀਨ ਦੀ ਲਿਊ ਸ਼ੇਂਗ ਸ਼ੂ ਤੇ ਤਾਨ ਨਿੰਗ ਵਿਰੁੱਧ ਹਾਰਨ ਤੋਂ ਬਾਅਦ ਤਗ਼ਮੇ ਨਾਲ ਟੂਰਨਾਮੈਂਟ ਦੀ ਸਮਾਪਤੀ ਕੀਤੀ।

