ਬੰਦੀ ਸਿੰਘਾਂ ਦੀ ਰਿਹਾਈ ਲਈ Punjab Bandh ਦਾ ਭਰਵਾਂ ਅਸਰ

ਬੰਦੀ ਸਿੰਘਾਂ ਦੀ ਰਿਹਾਈ ਲਈ Punjab Bandh ਦਾ ਭਰਵਾਂ ਅਸਰ

ਫਿਰੋਜ਼ਪੁਰ : ਕੌਮੀ ਇਨਸਾਫ਼ ਮੋਰਚੇ ਦੇ ਸੱਦੇ ਤਹਿਤ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਲਈ ਅੱਜ ‘ਪੰਜਾਬ ਬੰਦ’ ਦਾ ਫਿਰੋਜ਼ਪੁਰ ਅਤੇ ਮੱਲਾਂਵਾਲਾ ਇਲਾਕੇ ਵਿੱਚ ਵਿਆਪਕ ਅਸਰ ਦੇਖਣ ਨੂੰ ਮਿਲਿਆ। ਵੱਖ-ਵੱਖ ਸਿੱਖ ਅਤੇ ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਸ਼ਹਿਰ ਦੇ ਮੁੱਖ ਬਾਜ਼ਾਰ, ਵਪਾਰਕ ਅਦਾਰੇ ਅਤੇ ਸਕੂਲ ਪੂਰੀ ਤਰ੍ਹਾਂ ਬੰਦ ਰਹੇ। ਦਿੱਲੀ ਗੇਟ ਸਥਿਤ ਪੁੱਡਾ ਮਾਰਕੀਟ ਵਿੱਚ ਆਗੂਆਂ ਦੇ ਇਕੱਠ ਤੋਂ ਬਾਅਦ ਸ਼ਹਿਰ ਵਿੱਚ ਰੋਸ ਮਾਰਚ ਕੱਢਿਆ ਗਿਆ ਅਤੇ 7 ਨੰਬਰ ਚੁੰਗੀ ’ਤੇ ਧਰਨਾ ਦਿੱਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਆਪਣੀਆਂ ਕਾਨੂੰਨੀ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਕੈਦੀਆਂ ਨੂੰ ਰਿਹਾਅ ਨਾ ਕਰਨਾ ਨਿਆਂ ਦੇ ਸਿਧਾਂਤਾਂ ਦੇ ਉਲਟ ਹੈ। ਇਸ ਦੌਰਾਨ ਆਵਾਜਾਈ ਵੀ ਪ੍ਰਭਾਵਿਤ ਰਹੀ। ਉੱਧਰ, ਕਿਸੇ ਵੀ ਅਣਸੁਖਾਵੇਂ ਵਰਤਾਰੇ ਤੋਂ ਬਚਣ ਲਈ ਰੇਲਵੇ ਮੁਸਾਫ਼ਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਵਾਸਤੇ ਜੀ ਆਰ ਪੀ ਵੱਲੋਂ ਫਿਰੋਜ਼ਪੁਰ ਰੇਲਵੇ ਸਟੇਸ਼ਨ ’ਤੇ ਵਿਸ਼ੇਸ਼ ਤਲਾਸ਼ੀ ਅਤੇ ਚੈਕਿੰਗ ਮੁਹਿੰਮ ਚਲਾਈ ਗਈ। ਪੁਲੀਸ ਮੁਤਾਬਕ ਚੈਕਿੰਗ ਦੌਰਾਨ ਕੋਈ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ। ਮੱਲਾਂਵਾਲਾ ਇਲਾਕੇ ਵਿੱਚ ਵੀ ਬੰਦ ਨੂੰ ਭਰਵਾਂ ਹੁੰਗਾਰਾ ਮਿਲਿਆ ਜਿੱਥੇ ਬਾਜ਼ਾਰ, ਬੱਸਾਂ ਅਤੇ ਹੋਰ ਅਦਾਰੇ ਪੂਰੀ ਤਰ੍ਹਾਂ ਬੰਦ ਰਹੇ ਅਤੇ ਮਾਹੌਲ ਪੂਰੀ ਤਰ੍ਹਾਂ ਸ਼ਾਂਤੀਪੂਰਨ ਰਿਹਾ।

ਮਾਨਸਾ : ਪੰਜਾਬ ਬੰਦ ਦੇ ਸੱਦੇ ਨੂੰ ਮਾਲਵਾ ਖੇਤਰ ਦੇ ਸਾਰੇ ਜ਼ਿਲ੍ਹਿਆਂ ਵਿੱਚ ਭਰਵਾਂ ਹੁੰਗਾਰਾ ਮਿਲਿਆ। ਮਾਨਸਾ ਸ਼ਹਿਰ ਵਿੱਚ ਨੌਜਵਾਨ ਆਗੂਆਂ ਪਰਵਿੰਦਰ ਸਿੰਘ ਝੋਟਾ, ਸਹਿਜਪ੍ਰੀਤ ਸਿੰਘ, ਇੰਦਰਜੀਤ ਸਿੰਘ ਮੁਨਸ਼ੀ, ਭਗਵਾਨ ਸਿੰਘ ਕਸਤੂਰੀ, ਅਭੀ ਮੌੜ, ਵਿਸ਼ਵਜੀਤ ਮਾਨ ਅਤੇ ਪਰਗਟ ਸਿੰਘ ਦੀ ਅਗਵਾਈ ਹੇਠ ਨੌਜਵਾਨਾਂ ਨੇ ਬਾਜ਼ਾਰਾਂ ਵਿੱਚ ਜਾ ਕੇ ਦੁਕਾਨਦਾਰਾਂ ਅਤੇ ਕਾਰੋਬਾਰੀਆਂ ਨੂੰ ਅਪੀਲ ਕੀਤੀ, ਜਿਸ ਨੂੰ ਸ਼ਹਿਰ ਵਾਸੀਆਂ ਨੇ ਪੂਰਾ ਸਮਰਥਨ ਦਿੱਤਾ। ਆਗੂਆਂ ਨੇ ਕਿਹਾ ਕਿ ਬੰਦੀ ਸਿੰਘ ਆਪਣੀਆਂ ਸਜ਼ਾਵਾਂ ਦੀ ਮਿਆਦ ਤੋਂ ਵੱਧ ਸਮਾਂ ਜੇਲ੍ਹਾਂ ਵਿੱਚ ਕੱਟ ਚੁੱਕੇ ਹਨ, ਪਰ ਉਨ੍ਹਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ।ਇਸ ਦੌਰਾਨ ਜ਼ਿਲ੍ਹਾ ਬਾਰ ਐਸੋਸੀਏਸ਼ਨ ਮਾਨਸਾ ਨੇ ਬੰਦ ਨੂੰ ਪੂਰਨ ਸਮਰਥਨ ਦਿੰਦਿਆਂ ਅਦਾਲਤੀ ਕੰਮ-ਕਾਜ ਪੂਰੀ ਤਰ੍ਹਾਂ ਠੱਪ ਰੱਖਿਆ ਅਤੇ ਜ਼ਿਲ੍ਹਾ ਕਚਹਿਰੀਆਂ ਦੇ ਮੁੱਖ ਗੇਟ ਅੱਗੇ ਰੋਸ ਧਰਨਾ ਦਿੱਤਾ। ਜ਼ਿਲ੍ਹਾ ਪ੍ਰਾਈਵੇਟ ਬੱਸ ਅਪਰੇਟਰ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਸਿੰਘ ਨੇ ਦੱਸਿਆ ਕਿ ਬੰਦ ਦੇ ਮੱਦੇਨਜ਼ਰ ਸਵੇਰੇ 7 ਵਜੇ ਤੋਂ ਦੁਪਹਿਰ 2 ਵਜੇ ਤੱਕ ਬੱਸਾਂ ਦਾ ਸੰਚਾਲਨ ਬੰਦ ਰੱਖਿਆ ਗਿਆ।

ਬਰਨਾਲਾ: ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਅੱਜ ਮਹਿਲ ਕਲਾਂ ਦੇ ਮੁੱਖ ਬੱਸ ਅੱਡੇ ਵਿੱਚ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਚੱਕਾ ਜਾਮ ਕਰਦਿਆਂ ਕੇਂਦਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਬੁਲਾਰਿਆਂ ਨੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਸਿਰਫ਼ ਇੱਕ ਦਿਨ ਦੀ ਪੈਰੋਲ ਦਿੱਤੇ ਜਾਣ ’ਤੇ ਵੀ ਡੂੰਘਾ ਰੋਸ ਪ੍ਰਗਟ ਕੀਤਾ। ਇਸ ਦੌਰਾਨ ਕੌਮੀ ਇਨਸਾਫ਼ ਮੋਰਚੇ ਦੇ ਸੱਦੇ ’ਤੇ ਬਰਨਾਲਾ ਸ਼ਹਿਰ ਵਿੱਚ ਵੀ ਬਾਜ਼ਾਰ ਮੁਕੰਮਲ ਤੌਰ ’ਤੇ ਬੰਦ ਰਹੇ ਅਤੇ ਅਕਾਲੀ ਦਲ ਅੰਮ੍ਰਿਤਸਰ ਨੇ ਪ੍ਰਦਰਸ਼ਨ ਕੀਤਾ ਗਿਆ।

ਸ੍ਰੀ ਮੁਕਤਸਰ ਸਾਹਿਬ: ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮੀ ਇਨਸਾਫ਼ ਮੋਰਚੇ ਵੱਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਦਾ ਅੱਜ ਸ੍ਰੀ ਮੁਕਤਸਰ ਸਾਹਿਬ ਵਿੱਚ ਭਰਵਾਂ ਅਸਰ ਦੇਖਣ ਨੂੰ ਮਿਲਿਆ। ਸ਼ਹਿਰ ਦੇ ਸਮੂਹ ਸਰਕਾਰੀ ਅਤੇ ਨਿੱਜੀ ਸਕੂਲ-ਕਾਲਜ, ਮੁੱਖ ਬਾਜ਼ਾਰ ਅਤੇ ਬੱਸ ਸੇਵਾਵਾਂ ਪੂਰਨ ਤੌਰ ’ਤੇ ਠੱਪ ਰਹੀਆਂ, ਜਿਸ ਕਾਰਨ ਆਮ ਲੋਕਾਂ ਨੂੰ ਆਵਾਜਾਈ ਵਿੱਚ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਬੰਦ ਦੌਰਾਨ ਸ਼ਹਿਰ ਦੇ ਮੁੱਖ ਬਾਜ਼ਾਰ ਪੂਰੀ ਤਰ੍ਹਾਂ ਬੰਦ ਰਹੇ, ਹਾਲਾਂਕਿ ਕੈਮਿਸਟ ਦੀਆਂ ਦੁਕਾਨਾਂ, ਸ਼ਰਾਬ ਦੇ ਠੇਕੇ ਅਤੇ ਕੁਝ ਬਾਹਰੀ ਹਿੱਸਿਆਂ ਵਿੱਚ ਕਰਿਆਨੇ ਦੀਆਂ ਦੁਕਾਨਾਂ ਖੁੱਲ੍ਹੀਆਂ ਰਹੀਆਂ। ਰੋਡਵੇਜ਼ ਅਤੇ ਪ੍ਰਾਈਵੇਟ ਬੱਸਾਂ ਨਾ ਚੱਲਣ ਕਾਰਨ ਅਦਾਲਤੀ ਪੇਸ਼ੀ ਜਾਂ ਹੋਰ ਜ਼ਰੂਰੀ ਕੰਮਾਂ ਲਈ ਆਏ ਮੁਸਾਫ਼ਰ ਬੱਸ ਅੱਡਿਆਂ ’ਤੇ ਹੀ ਫਸੇ ਰਹੇ। ਦੂਜੇ ਪਾਸੇ, ਕੌਮੀ ਇਨਸਾਫ਼ ਮੋਰਚੇ ਦੇ ਕਾਰਕੁਨਾਂ ਵੱਲੋਂ ਘਾਹ ਮੰਡੀ ਚੌਕ ਤੋਂ ਸ਼ਹਿਰ ਵਿੱਚ ਰੋਸ ਮਾਰਚ ਕੱਢਿਆ ਗਿਆ ਅਤੇ ਇੱਕਾ-ਦੁੱਕਾ ਖੁੱਲ੍ਹੀਆਂ ਦੁਕਾਨਾਂ ਬੰਦ ਕਰਵਾਈਆਂ।

ਬਠਿੰਡਾ : ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਲਈ ਕੌਮੀ ਇਨਸਾਫ਼ ਮੋਰਚੇ ਵੱਲੋਂ ਦਿੱਤੇ ‘ਪੰਜਾਬ ਬੰਦ’ ਦੇ ਸੱਦੇ ਦਾ ਬਠਿੰਡਾ ਜ਼ਿਲ੍ਹੇ ਵਿੱਚ ਵਿਆਪਕ ਅਸਰ ਦੇਖਣ ਨੂੰ ਮਿਲਿਆ। ਬਠਿੰਡਾ ਤੋਂ ਇਲਾਵਾ ਰਾਮਪੁਰਾ ਫੂਲ, ਮੌੜ, ਭਗਤਾ ਭਾਈਕਾ ਅਤੇ ਜੀਦਾ ਵਿੱਚ ਵੱਖ-ਵੱਖ ਥਾਵਾਂ ’ਤੇ ਧਰਨੇ ਦਿੱਤੇ ਗਏ, ਜਿਸ ਕਾਰਨ ਸੜਕੀ ਆਵਾਜਾਈ ਪ੍ਰਭਾਵਿਤ ਰਹੀ। ਸਰਕਾਰੀ ਅਤੇ ਨਿੱਜੀ ਬੱਸ ਸੇਵਾ ਠੱਪ ਹੋਣ ਕਾਰਨ ਪਿੰਡਾਂ ਤੋਂ ਸ਼ਹਿਰ ਆਉਣ ਵਾਲੇ ਦਿਹਾੜੀਦਾਰ ਮਜ਼ਦੂਰਾਂ, ਮੁਲਾਜ਼ਮਾਂ ਅਤੇ ਆਮ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਅਤੇ ਕਈਆਂ ਨੂੰ ਆਪਣੀ ਯਾਤਰਾ ਮੁਲਤਵੀ ਕਰਨੀ ਪਈ। ਬੱਸਾਂ ਨਾ ਚੱਲਣ ਕਰਕੇ ਪੀ ਆਰ ਟੀ ਸੀ ਨੂੰ ਵੀ ਆਰਥਿਕ ਨੁਕਸਾਨ ਉਠਾਉਣਾ ਪਿਆ।

ਰਾਮਪੁਰਾ ਫੂਲ : ‘ਪੰਜਾਬ ਬੰਦ’ ਦੇ ਸੱਦੇ ਨੂੰ ਰਾਮਪੁਰਾ ਫੂਲ ਵਿੱਚ ਭਰਵਾਂ ਹੁੰਗਾਰਾ ਮਿਲਿਆ। ਸ਼ਹਿਰ ਦੇ ਬਾਜ਼ਾਰ ਬੰਦ ਰਹੇ ਅਤੇ ਆਵਾਜਾਈ ਠੱਪ ਰਹੀ, ਪਰ ਐਮਰਜੈਂਸੀ ਸੇਵਾਵਾਂ ਚਾਲੂ ਰਹੀਆਂ। ਮੌੜਾ ਵਾਲੇ ਚੌਕ ਵਿੱਚ ਵੱਖ-ਵੱਖ ਕਿਸਾਨ, ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਨੇ ਇਕੱਠੇ ਹੋ ਕੇ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਪੰਜਾਬ ਸਮੇਤ ਕਈ ਜਥੇਬੰਦੀਆਂ ਨੇ ਮੋਰਚੇ ਨੂੰ ਪੂਰਨ ਸਮਰਥਨ ਦਿੱਤਾ। ਬੀ ਕੇ ਯੂ (ਕ੍ਰਾਂਤੀਕਾਰੀ) ਦੇ ਚੇਅਰਮੈਨ ਸੁਰਜੀਤ ਸਿੰਘ ਫੂਲ ਨੇ ਕਿਹਾ ਕਿ ਸਰਕਾਰ ਬੰਦੀ ਸਿੰਘਾਂ ਦੀ ਰਿਹਾਈ ਲਈ ਗੰਭੀਰ ਨਹੀਂ ਹੈ। ਸੂਬਾ ਜਨਰਲ ਸਕੱਤਰ ਬੀਬੀ ਸੁਖਵਿੰਦਰ ਕੌਰ ਰਾਮਪੁਰਾ ਨੇ ਬੰਦ ਨੂੰ ਸਫਲ ਦੱਸਿਆ। ਇਸ ਮੌਕੇ ਮਨਿੰਦਰ ਮੰਨਾ ਮਹਿਰਾਜ, ਬਲਦੇਵ ਸਿੰਘ ਭਾਈਰੂਪਾ, ਬਾਬਾ ਹਰਦੀਪ ਸਿੰਘ, ਰਾਮ ਸਿੰਘ ਢਿਪਾਲੀ ਅਤੇ ਜਰਨੈਲ ਸਿੰਘ ਧਿੰਗੜ ਨੇ ਸੰਬੋਧਨ ਕੀਤਾ।

ਧਰਮਕੋਟ (ਮੋਗਾ): ਕੌਮੀ ਇਨਸਾਫ਼ ਮੋਰਚੇ ਅਤੇ ਸਿੱਖ ਜਥੇਬੰਦੀਆਂ ਦੇ ਸੱਦੇ ’ਤੇ ਅੱਜ ਮੋਗਾ ਅਤੇ ਆਸ-ਪਾਸ ਦੇ ਕਸਬੇ ਮੁਕੰਮਲ ਬੰਦ ਰਹੇ। ਮੋਗਾ ਸ਼ਹਿਰ ਸਮੇਤ ਧਰਮਕੋਟ ਅਤੇ ਕੋਟ ਈਸੇ ਖਾਂ ਆਦਿ ਕਸਬਿਆਂ ਵਿੱਚ ਵੀ ਬੰਦ ਦਾ ਭਰਵਾਂ ਹੁੰਗਾਰਾ ਰਿਹਾ। ਕੋਟ ਈਸੇ ਖਾਂ ਵਿਖੇ ਸਿੱਖ ਅਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਅਗਵਾਈ ਹੇਠ ਬਾਜ਼ਾਰਾਂ ਵਿੱਚ ਸ਼ਾਂਤਮਈ ਰੋਸ ਮਾਰਚ ਕੱਢੇ ਗਏ।

ਜਲਾਲਾਬਾਦ ਵਿੱਚ ਵੱਖ-ਵੱਖ ਜਥੇਬੰਦੀਆਂ ਨੇ ਬੰਦ ਨੂੰ ਸਮਰਥਨ ਦਿੱਤਾ

ਜਲਾਲਾਬਾਦ : ਕੌਮੀ ਇਨਸਾਫ ਮੋਰਚੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਲਈ ਦਿੱਤੇ ‘ਪੰਜਾਬ ਬੰਦ’ ਦੇ ਸੱਦੇ ਨੂੰ ਜਲਾਲਾਬਾਦ ਵਿੱਚ ਪੂਰਨ ਹੁੰਗਾਰਾ ਮਿਲਿਆ। ਸ਼ਹਿਰ ਦੇ ਬਾਜ਼ਾਰ ਮੁਕੰਮਲ ਬੰਦ ਰਹੇ, ਸਿਰਫ ਮੈਡੀਕਲ ਸਟੋਰ ਅਤੇ ਹਸਪਤਾਲ ਖੁੱਲ੍ਹੇ ਰਹੇ। ਇਸ ਬੰਦ ਨੂੰ ਸ਼ਹਿਰ ਦੀਆਂ ਜਥੇਬੰਦੀਆਂ ਦਾ ਸਹਿਯੋਗ ਮਿਲਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਿਰਦੇਸ਼ਾਂ ਉੱਤੇ ਐੱਸ ਜੀ ਪੀ ਸੀ ਅਧੀਨ ਆਉਂਦੇ ਵਿੱਦਿਅਕ ਅਦਾਰੇ ਵੀ ਬੰਦ ਰਹੇ। ਅਨਾਜ ਮੰਡੀ ਸਾਹਮਣੇ ਕੌਮੀ ਇਨਸਾਫ ਮੋਰਚੇ ਵੱਲੋਂ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ। ਰਿੰਕੂ ਸਿੰਘ ਖਾਲਸਾ ਨੇ ਕਿਹਾ ਕਿ ਸਿੱਖਾਂ ਨਾਲ ਦੋਹਰੇ ਮਾਪਦੰਡ ਅਪਣਾਏ ਜਾ ਰਹੇ ਹਨ ਅਤੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਜਾਣਬੁੱਝ ਕੇ ਲਟਕਾਇਆ ਜਾ ਰਿਹਾ ਹੈ। ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਬੰਦੀ ਸਿੰਘਾਂ ਦੀ ਰਿਹਾਈ ਤੱਕ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਸਤਨਾਮ ਸਿੰਘ ਥਿੰਦ, ਦਲੇਰ ਸਿੰਘ, ਮਨਪ੍ਰੀਤ ਸਿੰਘ ਤੇ ਗੁਰਮੀਤ ਸਿੰਘ ਮੰਨੇਵਾਲਾ ਸਮੇਤ ਵੱਡੀ ਗਿਣਤੀ ਵਿੱਚ ਸੰਗਤ ਹਾਜ਼ਰ ਸੀ।

Share: