ਭਰਵੇਂ ਮੀਂਹ ਮਗਰੋਂ ਮਾਨਸਾ ਜਲ-ਥਲ

ਭਰਵੇਂ ਮੀਂਹ ਮਗਰੋਂ ਮਾਨਸਾ ਜਲ-ਥਲ

ਮਾਨਸਾ : ਅੱਜ ਤੜਕਸਾਰ ਪਏ ਭਾਰੀ ਮੀਂਹ ਨੇ ਮਾਨਸਾ ਨੂੰ ਜਲ-ਥਲ ਕਰ ਦਿੱਤਾ। ਨਗਰ ਕੌਂਸਲ ਅਤੇ ਸੀਵਰੇਜ ਬੋਰਡ ਦੇ ਸਾਰੇ ਪ੍ਰਬੰਧ ਧਰੇ-ਧਰਾਏ ਰਹਿ ਗਏ। ਦੇਰ ਸ਼ਾਮ ਤੱਕ ਸ਼ਹਿਰ ਵਿਚ ਚਾਰ-ਚੁਫੇਰੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਸੀ। ਮੀਂਹ ਕਾਰਨ ਬਹੁਤੇ ਦੁਕਾਨਦਾਰਾਂ ਦੁਕਾਨਾਂ ਸਵੇਰੇ ਬੰਦ ਕਰ ਕੇ ਘਰਾਂ ਨੂੰ ਚਲੇ ਗਏ। ਮਾਨਸਾ ਦੀਆਂ ਸਾਰੀਆਂ ਨੀਵੀਂਆਂ ਬਸਤੀਆਂ ਵਿਚ ਮੀਂਹ ਦਾ ਪਾਣੀ ਭਰ ਗਿਆ। ਖਸਤਾ ਨਿਕਾਸੀ ਪ੍ਰਬੰਧਾਂ ਕਾਰਨ ਪਾਣੀ ਗਲੀਆਂ ਤੋਂ ਬਾਅਦ ਕਈ ਮੁਹੱਲਿਆਂ ਵਿਚ ਘਰਾਂ ਅੰਦਰ ਦਾਖ਼ਲ ਹੋ ਗਿਆ। ਲੋਕੀ ਇਸ ਸਬੰਧੀ ਲੋੜੀਂਦੇ ਬੰਦੋਬਸਤ ਕਰਦੇ ਹੋਏ ਪ੍ਰਸ਼ਾਸਨ ਨੂੰ ਕੋਸ ਰਹੇ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਹਰ ਵਾਰ ਬਾਰਸ਼ਾਂ ਦੇ ਦਿਨਾਂ ਦੌਰਾਨ ਸ਼ਹਿਰ ਦਾ ਬੁਰਾ ਹਾਲ ਹੋ ਜਾਂਦਾ ਹੈ, ਫਿਰ ਕਿਉਂ ਨਹੀਂ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਜਾਂਦੇ। ਇਥੇ ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਹੀ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਮੀਂਹ ਦੇ ਜਮ੍ਹਾਂ ਹੁੰਦੇ ਗੰਦੇ ਪਾਣੀ ਦੀ ਨਿਕਾਸੀ ਸਬੰਧੀ ਦਾਅਵਾ ਕੀਤੇ ਗਏ ਸਨ, ਪਰ ਅੱਜ ਮੁੜ ਓਵਰਬ੍ਰਿ ਨਜ਼ਦੀਕ ਮੀਂਹ ਦਾ ਇਕੱਠ ਹੋਇਆ ਪਾਣੀ ਰਾਹਗੀਰਾਂ ਲਈ ਵੱਡੀ ਮੁਸੀਬਤ ਬਣਿਆ ਰਿਹਾ। ਮਾਨਸਾ ਬੱਸ ਸਟੈਂਡ ਤੋਂ ਸਾਰੇ ਮੁੱਖ ਬਾਜ਼ਾਰ, ਚਹਿਲ ਸਟਰੀਟ, ਖਾਲਸਾ ਸਕੂਲ ਨੇੜੇ, ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਰੋਡ, ਤਿੰਨ ਕੋਣੀ ਚੌਕ ਅਤੇ ਸ਼ਹਿਰ ਦੀਆਂ ਬਹੁਤੀਆਂ ਗਲੀਆਂ ਪਾਣੀ ਨਾਲ ਭਰੀਆਂ ਹੋਈਆਂ ਸਨ। ਮਾਨਸਾ ਦੇ ਡਿਪਟੀ ਕਮਿਸ਼ਨਰ ਨਵਜੋਤ ਕੌਰ ਨੇ ਸ਼ਹਿਰ ’ਚ ਮੀਂਹ ਦੇ ਭਰੇ ਪਾਣੀ ਦਾ ਗੱਡੀ ਰਾਹੀਂ ਦੌਰਾ ਕਰਨ ਤੋਂ ਬਾਅਦ ਕਿਹਾ ਕਿ ਇਸ ਨੂੰ ਕੱਢਣ ਲਈ ਪ੍ਰਸ਼ਾਸਨ ਵੱਲੋਂ ਉਪਰਾਲੇ ਆਰੰਭ ਦਿੱਤੇ ਗਏ ਹਨ।

Share: