ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਅੱਜ ਉਨ੍ਹਾਂ ਦਾਅਵਿਆਂ ਨੂੰ ਰੱਦ ਕਰ ਦਿੱਤਾ ਜਿਸ ’ਚ ਕਿਹਾ ਗਿਆ ਸੀ ਕਿ ਈਥਾਨੌਲ ਵਿਚ ਗੰਨੇ ਦੀ ਵਰਤੋਂ ਕਾਰਨ ਚੀਨੀ ਦੀਆਂ ਕੀਮਤਾਂ ਵਧੀਆਂ ਹਨ। ਖਪਤਕਾਰ ਮਾਮਲੇ ਨੇ ਅੱਜ ਕਿਹਾ ਕਿ ਘੱਟ ਉਤਪਾਦਨ, ਤਿਉਹਾਰਾਂ ਲਈ ਵਧਦੀ ਮੰਗ ਤੇ ਜਮ੍ਹਾਂਖੋਰੀ ਕਾਰਨ ਚੀਨੀ ਦੀਆਂ ਕੀਮਤਾਂ ਵਿਚ ਵਾਧਾ ਹੋਇਆ ਹੈ। ਸਰਕਾਰ ਨੇ ਕਿਹਾ ਕਿ ਚੀਨੀ ਦੀਆਂ ਵਧਦੀਆਂ ਕੀਮਤਾਂ ਨੂੰ ਠੱਲ੍ਹਣ ਲਈ ਸਟਾਕ ਲਿਮਟ ਅਤੇ ਡਿਊਟੀ ਫਰੀ ਦਰਾਮਦ ਆਦਿ ਵਰਗੇ ਕਦਮ ਚੁੱਕੇ ਗਏ ਹਨ। ਇਸ ਵੇਲੇ ਬਾਜ਼ਾਰ ਵਿਚ ਚੀਨੀ 55.70 ਰੁਪਏ ਪ੍ਰਤੀ ਕਿਲੋ ਵਿਕ ਰਹੀ ਹੈ ਤੇ ਇਸ ਦੀ ਇਕ ਮਹੀਨੇ ਵਿਚ ਕੀਮਤ ਸਾਢੇ ਸੱਤ ਰੁਪਏ ਵਧ ਗਈ ਹੈ। ਜਾਣਕਾਰੀ ਅਨੁਸਾਰ ਸਰਕਾਰ ਨੇ ਕਿਹਾ ਕਿ ਦੇਸ਼ ਵਿਚ ਚੀਨੀ ਦਾ ਉਤਪਾਦਨ ਅੰਦਾਜ਼ੇ ਤੋਂ ਕਿਤੇ ਘਟ ਹੋਇਆ, ਤਿਉਹਾਰਾਂ ਕਾਰਨ ਚੀਨੀ ਵੀ ਮੰਗ ਬਹੁਤ ਤੇਜ਼ੀ ਨਾਲ ਵਧੀ, ਗੰਨੇ ਦੀ ਫਸਲ ਨੁਕਸਾਨੀ ਗਈ, ਗਲੋਬਲ ਮਾਰਕੀਟ ਵਿਚ ਚੀਨੀ ਦੀ ਸਪਲਾਈ ਘਟ ਹੋਈ ਤੇ ਚੀਨੀ ਦੀ ਜਮ੍ਹਾਂਖੋਰੀ ਵਧੀ। ਮੰਤਰਾਲੇ ਨੇ ਕਿਹਾ ਕਿ ਈਥਾਨੌਲ ਉਤਪਾਦਨ ਲਈ ਮੋੜੀ ਜਾਣ ਵਾਲੀ ਚੀਨੀ ਦਾ ਹਿੱਸਾ 2022-23 ਵਿੱਚ ਲਗਪਗ 12 ਫੀਸਦੀ ਤੋਂ ਘਟ ਕੇ 2025-26 ਵਿੱਚ ਕਰੀਬ 9 ਫੀਸਦੀ ਰਹਿ ਗਿਆ ਹੈ। ਇਸ ਤੋਂ ਇਲਾਵਾ ਭਾਰਤ ਦੇ ਈਥਾਨੌਲ ਉਤਪਾਦਨ ਦਾ ਲਗਪਗ ਤਿੰਨ-ਚੌਥਾਈ ਹਿੱਸਾ ਹੁਣ ਅਨਾਜ, ਖਾਸ ਕਰ ਕੇ ਮੱਕੇ ਤੋਂ ਆਉਂਦਾ ਹੈ।
ਜ਼ਿਕਰਯੋਗ ਹੈ ਕਿ 20 ਅਗਸਤ ਨੂੰ ਚੀਨੀ ਦੀ ਪ੍ਰਚੂਨ ਕੀਮਤ 55.70 ਰੁਪਏ ਪ੍ਰਤੀ ਕਿਲੋ ਹੋ ਗਈ, ਜੋ 20 ਜੁਲਾਈ ਨੂੰ 48.18 ਰੁਪਏ ਸੀ। ਸਰਕਾਰ ਨੇ ਕੀਮਤਾਂ ਕਾਬੂ ਕਰਨ ਲਈ ਦੇਸ਼ ਭਰ ਵਿੱਚ ਚੀਨੀ ਵਪਾਰੀਆਂ ਲਈ 30 ਨਵੰਬਰ ਤੱਕ 400 ਟਨ ਦੀ ਸਟਾਕ ਸੀਮਾ ਲਗਾਈ ਹੈ। ਪਹਿਲੀ ਸਤੰਬਰ ਤੋਂ ਵੱਡੇ ਖਰੀਦਦਾਰ 15 ਦਿਨਾਂ ਦੀ ਖਪਤ ਤੋਂ ਵੱਧ ਸਟਾਕ ਨਹੀਂ ਰੱਖ ਸਕਣਗੇ।
ਸਰਕਾਰ ਨੇ ਦਸ ਲਖ ਟਨ ਕੱਚੀ ਚੀਨੀ ਦੀ ਡਿਊਟੀ-ਮੁਕਤ ਦਰਾਮਦ ਨੂੰ ਵੀ ਮਨਜ਼ੂਰੀ ਦਿੱਤੀ ਹੈ। ਸਰਕਾਰ ਨੇ ਸੂਬਿਆਂ ਅਤੇ ਮਿੱਲਾਂ ਨੂੰ 15 ਅਕਤੂਬਰ ਤੋਂ ਪਿੜਾਈ ਸ਼ੁਰੂ ਕਰਨ ਦੀ ਵੀ ਸਲਾਹ ਦਿੱਤੀ ਹੈ। ਇਸ ਨਾਲ ਅਕਤੂਬਰ ਵਿੱਚ ਚੀਨੀ ਦਾ ਉਤਪਾਦਨ ਵੱਧ ਕੇ ਦਸ ਲਖ ਟਨ ਤੋਂ ਵਧ ਹੋਣ ਦੀ ਉਮੀਦ ਹੈ। ਇਸ ਨਾਲ ਤਿਉਹਾਰਾਂ ਦੇ ਸੀਜ਼ਨ ਵਿੱਚ ਸਪਲਾਈ ਮਜ਼ਬੂਤ ਕਰਨ ਵਿੱਚ ਮਦਦ ਮਿਲੇਗੀ।

