ਵਿਦੇਸ਼ ਜਾਣ ਦਾ ਸੁਪਨਾ ਬਣਿਆ ਕਾਲ: ਠੱਗ ਏਜੰਟਾਂ ਤੋਂ ਤੰਗ ਆ ਕੇ ਜੋੜੇ ਨੇ ਖਾਧਾ ਜ਼ਹਿਰ, ਪਤਨੀ ਦੀ ਮੌਤ

ਵਿਦੇਸ਼ ਜਾਣ ਦਾ ਸੁਪਨਾ ਬਣਿਆ ਕਾਲ: ਠੱਗ ਏਜੰਟਾਂ ਤੋਂ ਤੰਗ ਆ ਕੇ ਜੋੜੇ ਨੇ ਖਾਧਾ ਜ਼ਹਿਰ, ਪਤਨੀ ਦੀ ਮੌਤ

ਜ਼ੀਰਕਪੁਰ : ਵਿਦੇਸ਼ ਭੇਜਣ ਦੇ ਨਾਂ ’ਤੇ ਕਥਿਤ ਤੌਰ ’ਤੇ 36 ਲੱਖ ਰੁਪਏ ਦੀ ਠੱਗੀ ਦਾ ਸ਼ਿਕਾਰ ਹੋਏ ਬਰਨਾਲਾ ਜ਼ਿਲ੍ਹੇ ਦੇ ਇੱਕ ਪਤੀ-ਪਤਨੀ ਵੱਲੋਂ ਜ਼ੀਰਕਪੁਰ ਵਿੱਚ ਜ਼ਹਿਰੀਲੀ ਚੀਜ਼ ਨਿਗਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਵਿੱਚ ਪਤਨੀ ਗਗਨਦੀਪ ਕੌਰ ਦੀ ਮੌਤ ਹੋ ਗਈ, ਜਦਕਿ ਉਸ ਦੇ ਪਤੀ ਹਾਕਮ ਸਿੰਘ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਹਾਕਮ ਸਿੰਘ ਅਤੇ ਗਗਨਦੀਪ ਕੌਰ ਬਰਨਾਲਾ ਜ਼ਿਲ੍ਹੇ ਦੇ ਪਿੰਡ ਸ਼ੇਖਾ ਦੇ ਰਹਿਣ ਵਾਲੇ ਸਨ ਅਤੇ ਦੋਵਾਂ ਨੇ ਪ੍ਰੇਮ ਵਿਆਹ ਕਰਵਾਇਆ ਸੀ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਵਿਦੇਸ਼ ਜਾਣ ਦੀ ਤਿਆਰੀ ਕਰ ਰਹੇ ਸਨ। ਇਸੇ ਦੌਰਾਨ ਵਿਦੇਸ਼ ਭੇਜਣ ਦੇ ਨਾਂ ’ਤੇ ਉਨ੍ਹਾਂ ਨਾਲ ਕਰੀਬ 36 ਲੱਖ ਰੁਪਏ ਦੀ ਕਥਿਤ ਧੋਖਾਧੜੀ ਹੋ ਗਈ। ਇਸ ਠੱਗੀ ਤੋਂ ਬਾਅਦ ਦੋਵੇਂ ਮਾਨਸਿਕ ਅਤੇ ਆਰਥਿਕ ਤੌਰ ’ਤੇ ਪਰੇਸ਼ਾਨ ਸਨ। ਇਸੇ ਦੌਰਾਨ ਉਨ੍ਹਾਂ ਨੇ ਜ਼ੀਰਕਪੁਰ ਵਿੱਚ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ। ਹਾਲਤ ਵਿਗੜਨ ’ਤੇ ਦੋਵਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਗਗਨਦੀਪ ਕੌਰ ਨੂੰ ਮ੍ਰਿਤਕ ਐਲਾਨ ਦਿੱਤਾ। ਹਾਕਮ ਸਿੰਘ ਦਾ ਇਲਾਜ ਜਾਰੀ ਹੈ ਅਤੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਇਹ ਪਤਾ ਲਗਾਉਣ ਵਿੱਚ ਜੁਟੀ ਹੋਈ ਹੈ ਕਿ ਵਿਦੇਸ਼ ਭੇਜਣ ਦੇ ਨਾਂ ’ਤੇ ਦੰਪਤੀ ਤੋਂ 36 ਲੱਖ ਰੁਪਏ ਕਿਸ ਵਿਅਕਤੀ ਜਾਂ ਏਜੰਟ ਨੇ ਲਏ ਸਨ ਅਤੇ ਇਹ ਠੱਗੀ ਕਿਸ ਤਰੀਕੇ ਨਾਲ ਕੀਤੀ ਗਈ ਸੀ। ਫ਼ਿਲਹਾਲ ਪੁਲੀਸ ਵੱਲੋਂ ਮਾਮਲੇ ਦੇ ਸਾਰੇ ਪੱਖਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਮੁਕੰਮਲ ਹੋਣ ਤੋਂ ਬਾਅਦ ਹੀ ਦੰਪਤੀ ਵੱਲੋਂ ਚੁੱਕੇ ਗਏ ਇਸ ਕਦਮ ਪਿੱਛੇ ਦੇ ਕਾਰਨਾਂ ਅਤੇ 36 ਲੱਖ ਰੁਪਏ ਦੀ ਠੱਗੀ ਵਿੱਚ ਸ਼ਾਮਲ ਵਿਅਕਤੀਆਂ ਦੀ ਭੂਮਿਕਾ ਸਪੱਸ਼ਟ ਹੋ ਸਕੇਗੀ।

Share: