ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਅੱਜ ਆਖ਼ਰੀ ਮੌਕੇ ’ਤੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨਾਲ ਸਟੇਜ ਸਾਂਝੀ ਕਰਨ ਦਾ ਪ੍ਰੋਗਰਾਮ ਰੱਦ ਹੋ ਗਿਆ ਹੈ। ਮੁੱਖ ਮੰਤਰੀ ਸੈਣੀ ਨੇ ਅੱਜ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ 41ਵੀਂ ਬਰਸੀ ਦੇ ਸਮਾਗਮਾਂ ਮੌਕੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੀ ਰੈਲੀ ’ਚ ਸ਼ਾਮਲ ਹੋਣਾ ਸੀ। ਅਹਿਮ ਸੂਤਰਾਂ ਅਨੁਸਾਰ ਲੰਘੇ ਕੱਲ੍ਹ ਭਾਜਪਾ ਦੀ ਇੱਕ ਮੀਟਿੰਗ ’ਚ ਇਸ ਮਾਮਲੇ ’ਤੇ ਚਰਚਾ ਵੀ ਹੋਈ ਸੀ। ਸਿਆਸੀ ਰੌਲਾ ਪੈਣ ਦੇ ਡਰੋਂ ਮੁੱਖ ਮੰਤਰੀ ਸੈਣੀ ਨੂੰ ਆਖ਼ਰ ਪੈਰ ਪਿਛਾਂਹ ਖਿੱਚਣੇ ਪਏ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪਿਛਲੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਹੋਣ ਮਗਰੋਂ ਅਕਾਲੀ ਦਲ ਤੇ ਭਾਜਪਾ ਦਰਮਿਆਨ ਗੱਠਜੋੜ ਹੋਣ ਦੇ ਚਰਚੇ ਵਧ ਗਏ ਸਨ। ਸਿਆਸੀ ਹਲਕੇ ਆਖਦੇ ਹਨ ਕਿ ਅਗਰ ਮੁੱਖ ਮੰਤਰੀ ਸੈਣੀ ਅੱਜ ਅਕਾਲੀ ਦਲ (ਪੁਨਰ ਸੁਰਜੀਤ) ਨਾਲ ਸਟੇਜ ਸਾਂਝੀ ਕਰ ਲੈਂਦੇ ਤਾਂ ਆਗਾਮੀ ਚੋਣਾਂ ਦੇ ਮੱਦੇਨਜ਼ਰ ਇੱਕ ਹੋਰ ਨਵੀਂ ਸਿਆਸੀ ਚਰਚਾ ਛਿੜ ਜਾਣੀ ਸੀ।
ਅੰਦਾਜ਼ੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਵੀ ਅੰਦਰੂਨੀ ਤੌਰ ’ਤੇ ਸੈਣੀ ਦਾ ਪੁਨਰ ਸੁਰਜੀਤ ਦਲ ਦੀ ਸਟੇਜ ’ਤੇ ਜਾਣ ਦਾ ਵਿਰੋਧ ਕੀਤਾ।
ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਮੁੱਖ ਬੁਲਾਰੇ ਜਗਜੀਤ ਸਿੰਘ ਕੋਹਲੀ ਦਾ ਕਹਿਣਾ ਸੀ ਕਿ ਲੰਘੇ ਕੱਲ੍ਹ ਮੁੱਖ ਮੰਤਰੀ ਹਰਿਆਣਾ ਦੀ ਸੁਰੱਖਿਆ ਟੀਮ ਦਾ ਦਸਤਾ ਲੌਂਗੋਵਾਲ ਪੁੱਜਿਆ ਸੀ ਅਤੇ ਸੀਨੀਅਰ ਨੇਤਾ ਗੋਬਿੰਦ ਸਿੰਘ ਲੌਂਗੋਵਾਲ ਨੇ ਸੁਰੱਖਿਆ ਦਸਤੇ ਨੂੰ ਦੋ ਥਾਵਾਂ ’ਤੇ ਹੈਲੀਪੈਡ ਲਈ ਜਗ੍ਹਾ ਵੀ ਦਿਖਾਈ ਸੀ। ਉਨ੍ਹਾਂ ਦੱਸਿਆ ਕਿ ਪਹਿਲਾਂ ਤਾਂ ਮੁੱਖ ਮੰਤਰੀ ਸੈਣੀ ਦਾ ਸਟੇਜ ’ਤੇ ਆਉਣ ਦਾ ਪ੍ਰੋਗਰਾਮ ਸੀ ਪ੍ਰੰਤੂ ਹੁਣ ਪ੍ਰੋਗਰਾਮ ਰੱਦ ਹੋਣ ਦੀ ਗੱਲ ਕਹੀ ਜਾ ਰਹੀ ਹੈ।
ਸੂਤਰਾਂ ਅਨੁਸਾਰ ਇਹ ਗੱਲ ਵੀ ਚਰਚਾ ’ਚ ਹੈ ਕਿ ਅਗਰ ਪੁਨਰ ਸੁਰਜੀਤ ਦਲ ਦੀ ਸਟੇਜ ’ਤੇ ਮੁੱਖ ਮੰਤਰੀ ਸੈਣੀ ਬੈਠਦੇ ਤਾਂ ਉਸ ਸਟੇਜ ਤੋਂ ਕੇਂਦਰ ਖ਼ਿਲਾਫ਼ ਵੀ ਕੋਈ ਵੀ ਬੁਲਾਰਾ ਗੱਲ ਰੱਖ ਸਕਦਾ ਸੀ। ਭਾਰਤੀ ਜਨਤਾ ਪਾਰਟੀ ਸੰਗਰੂਰ ਦੀ ਜ਼ਿਲ੍ਹਾ ਪ੍ਰਧਾਨ ਦਮਨ ਬਾਜਵਾ ਦਾ ਕਹਿਣਾ ਸੀ ਕਿ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਪਹਿਲਾਂ ਸੰਤ ਲੌਂਗੋਵਾਲ ਦੇ ਬਰਸੀ ਸਮਾਗਮਾਂ ’ਤੇ ਆਉਣ ਦਾ ਪ੍ਰੋਗਰਾਮ ਸੀ ਪ੍ਰੰਤੂ ਹੁਣ ਰੱਦ ਹੋ ਗਿਆ ਹੈ।
