ਚੰਡੀਗੜ੍ਹ : ਰਾਜਸਥਾਨ ਵਾਲੇ ਵੀਡੀਓ ਵਿਵਾਦ ਤੋਂ ਬਾਅਦ, ਹਰਭਜਨ ਸਿੰਘ ਨੇ ਸਕੂਲ ਦੇ ਪਖਾਨਿਆਂ ਅਤੇ ਪਿੰਡ ਵਾਸੀਆਂ ਦੀਆਂ ਮੁਸ਼ਕਲਾਂ ਨਾਲ ਸਬੰਧਤ ਵੀਡੀਓਜ਼ ਰਾਹੀਂ ਇੱਕ ਵਾਰ ਫਿਰ ‘ਆਪ’ ਸਰਕਾਰ ਨੂੰ ਘੇਰਿਆ ਹੈ। ਹਰਭਜਨ ਨੇ ਹੁਣ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਜਲਹਣ ਦੇ ਸਰਕਾਰੀ ਹਾਈ ਸਕੂਲ ਵਿੱਚ ਪਖਾਨਿਆਂ ਦੀ ਕਥਿਤ ਮਾੜੀ ਹਾਲਤ ਨੂੰ ਉਜਾਗਰ ਕਰਦੇ ਹੋਏ ਆਪਣੇ ਐਕਸ (X) ਹੈਂਡਲ ‘ਤੇ ਲਗਾਤਾਰ ਦੋ ਵੀਡੀਓ ਸਾਂਝੇ ਕੀਤੇ ਹਨ।
ਜ਼ਿਕਰਯੋਗ ਹੈ ਕਿ ਨਸ਼ੇ ਦੀ ਹਾਲਤ ਵਿੱਚ ਦਿਖਾਈ ਦੇ ਰਹੇ ਦੋ ਨੌਜਵਾਨਾਂ ਦੀ ਇੱਕ ਸੋਸ਼ਲ ਮੀਡੀਆ ਪੋਸਟ ਨੂੰ ਲੈ ਕੇ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਦੀ ਆਲੋਚਨਾ ਦਾ ਸਾਹਮਣਾ ਕਰ ਰਹੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਆਫ-ਸਪਿਨਰ ਅਤੇ ਭਾਜਪਾ ਦੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਇੱਕ ਵਾਰ ਫਿਰ ਉਦੋਂ ਵਿਵਾਦਾਂ ਵਿੱਚ ਘਿਰ ਗਏ ਹਨ। ਸੰਸਦ ਮੈਂਬਰ ਵੱਲੋਂ ਫ਼ਤਹਿਗੜ੍ਹ ਸਾਹਿਬ ਦੇ ਸਰਕਾਰੀ ਸਕੂਲ ਦੀ ਖਸਤਾ ਹਾਲਤ ਨੂੰ ਉਜਾਗਰ ਕਰਨ ਵਾਲੀ ਸਾਂਝੀ ਕੀਤੀ ਗਈ ਵੀਡੀਓ 2018 ਵਿੱਚ ਬਣਾਈ ਗਈ ਇੱਕ ਪੁਰਾਣੀ ਵੀਡੀਓ ਨਿਕਲੀ ਹੈ। ਪੋਸਟ ਨੂੰ ਸਾਂਝਾ ਕਰਦਿਆਂ ਹਰਭਜਨ ਨੇ ਟਿੱਪਣੀ ਕੀਤੀ, “ਸੱਚ ਨਾ ਬੋਲੋ ਨਹੀਂ ਤਾਂ ਤੁਹਾਨੂੰ ਵੀ ਪੇਡ ਟ੍ਰੋਲ ਕਹਿ ਦਿੱਤਾ ਜਾਵੇਗਾ।”
ਹਰਜਭਨ ਸਿੰਘ ਨੂੰ ਐਕਸ (X) ‘ਤੇ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਵੀਡੀਓ ਸ਼ੇਅਰ ਕਰਨ ਦੇ ਕੁਝ ਘੰਟਿਆਂ ਬਾਅਦ ਹੀ, ਟਰਬਨੇਟਰ ਨੂੰ ਗੁੰਮਰਾਹਕੁੰਨ ਸਮੱਗਰੀ ਸਾਂਝੀ ਕਰਨ ਲਈ ਤਿੱਖੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ।
ਹਰਭਜਨ ਨੇ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਜਲਹਣ ਦੇ ਸਰਕਾਰੀ ਹਾਈ ਸਕੂਲ ਵਿੱਚ ਪਖਾਨਿਆਂ ਦੀ ਕਥਿਤ ਮਾੜੀ ਹਾਲਤ ਨੂੰ ਉਜਾਗਰ ਕਰਦੇ ਹੋਏ ਆਪਣੇ ਐਕਸ ਹੈਂਡਲ ‘ਤੇ ਲਗਾਤਾਰ ਦੋ ਵੀਡੀਓ ਸ਼ੇਅਰ ਕੀਤੇ ਸਨ। ਪਹਿਲੀ ਵੀਡੀਓ ਵਿੱਚ, ਸਕੂਲ ਦਾ ਦੌਰਾ ਕਰ ਰਿਹਾ ਇੱਕ ਐੱਨਜੀਓ ਕਾਰਕੁੰਨ ਇਹ ਦੱਸਦਾ ਹੈ ਕਿ ਕੁੜੀਆਂ ਦੇ ਪਖਾਨੇ ਵਿੱਚ ਨਾ ਤਾਂ ਛੱਤ ਹੈ ਅਤੇ ਨਾ ਹੀ ਪਾਣੀ ਦਾ ਢੁਕਵਾਂ ਪ੍ਰਬੰਧ ਹੈ। ਕਾਰਕੁੰਨ ਦਾ ਦਾਅਵਾ ਹੈ ਕਿ ਭਾਰੀ ਗਰਮੀ ਅਤੇ ਹੁੰਮਸ ਦੇ ਦੌਰਾਨ, ਪਾਣੀ ਦੀ ਘੋਟ ਕਾਰਨ ਵਿਦਿਆਰਥਣਾਂ ਨੂੰ ਸਕੂਲ ਦੇ ਸਮੇਂ ਦੌਰਾਨ ਪਾਣੀ ਪੀਣ ਤੋਂ ਗੁਰੇਜ਼ ਕਰਨਾ ਪੈਂਦਾ ਹੈ ਤਾਂ ਜੋ ਉਨ੍ਹਾਂ ਨੂੰ ਬਦਬੂਦਾਰ ਪਖਾਨਿਆਂ ਦੀ ਵਰਤੋਂ ਨਾ ਕਰਨੀ ਪਵੇ।
ਸੋਸ਼ਲ ਮੀਡੀਆ ਹੈਂਡਲਰਾਂ ਵੱਲੋਂ ਵੀਡੀਓ ਦੀ ਪ੍ਰਮਾਣਿਕਤਾ ਦੀ ਜਾਂਚ ਕਰਨ ਅਤੇ ਇਹ ਦਾਅਵਾ ਕਰਨ ਤੋਂ ਤੁਰੰਤ ਬਾਅਦ ਕਿ ਪ੍ਰਚਾਰੀ ਗਈ ਵੀਡੀਓ 2018 ਵਿੱਚ ਬਣਾਈ ਗਈ ਸੀ, ਸਾਬਕਾ ਕ੍ਰਿਕਟਰ ਹਰਭਜਨ ਸਿੰਘ ਦਾ ਖਾਤਾ ਆਲੋਚਨਾਵਾਂ ਨਾਲ ਭਰ ਗਿਆ, ਜਿੱਥੇ ਸੋਸ਼ਲ ਮੀਡੀਆ ਉਪਭੋਗਤਾਵਾਂ ਨੇ ਉਸ ਵੀਡੀਓ ਅਤੇ ਉਸ ਤਾਰੀਖ ਨੂੰ ਟੈਗ ਕੀਤਾ ਜਦੋਂ ਇਹ ਵੀਡੀਓ ਕਥਿਤ ਤੌਰ ‘ਤੇ ਬਣਾਈ ਗਈ ਸੀ ਅਤੇ ਯੂਟਿਊਬ ‘ਤੇ ਪ੍ਰਕਾਸ਼ਤ ਕੀਤੀ ਗਈ ਸੀ।
ਹਾਲਾਂਕਿ, ਹਰਭਜਨ ਦੁਆਰਾ ਸਾਂਝੀ ਕੀਤੀ ਗਈ ਦੂਜੀ ਵੀਡੀਓ ਦੀ ਕੋਈ ਆਲੋਚਨਾ ਨਹੀਂ ਹੋਈ ਹੈ, ਜਿਸ ਵਿੱਚ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਤਲਵੰਡੀ ਦੇ ਨਿਵਾਸੀਆਂ ਨੇ ਇੱਕ ਲੋਕ ਮਿਲਣੀ ਪ੍ਰੋਗਰਾਮ ਦੌਰਾਨ ਗਿੱਲ ਵਿਧਾਨ ਸਭਾ ਹਲਕੇ ਦੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੂੰ ਘੇਰਿਆ ਸੀ।
ਸਾਫ਼ ਤੌਰ ‘ਤੇ ਗੁੱਸੇ ਵਿੱਚ ਆਏ ਪਿੰਡ ਵਾਸੀਆਂ ਨੇ ਵੱਧ ਰਹੀ ਨਸ਼ੇ ਦੀ ਸਮੱਸਿਆ ਅਤੇ ਪਿੰਡ ਵਿੱਚ ਬੁਨਿਆਦੀ ਢਾਂਚੇ ਦੀ ਖਸਤਾ ਹਾਲਤ ਸਮੇਤ ਕਈ ਮੁੱਦੇ ਉਠਾਏ। ਉਨ੍ਹਾਂ ਵਿਧਾਇਕ ‘ਤੇ ਕਾਰਵਾਈ ਕਰਨ ਵਿੱਚ ਅਸਫਲ ਰਹਿਣ ਦਾ ਦੋਸ਼ ਵੀ ਲਾਇਆ।
ਹਰਭਜਨ ਦੀਆਂ ਇਹ ਤਾਜ਼ਾ ਪੋਸਟਾਂ ਉਸ ਘਟਨਾ ਦੇ ਕੁੱਝ ਦਿਨ ਬਾਅਦ ਆਈਆਂ ਹਨ ਜਦੋਂ ਪੰਜਾਬ ਵਿੱਚ ਉਸ ਵੱਲੋਂ ਇੱਕ ਵੀਡੀਓ ਸਾਂਝੀ ਕਰਨ ਨੂੰ ਲੈ ਕੇ ਸਿਆਸੀ ਤੂਫ਼ਾਨ ਉੱਠਿਆ ਸੀ ਜਿਸ ਵਿੱਚ ਦੋ ਵਿਅਕਤੀ ਕਥਿਤ ਤੌਰ ‘ਤੇ ਨਸ਼ੇ ਦੀ ਹਾਲਤ ਵਿੱਚ ਦਿਖਾਈ ਦੇ ਰਹੇ ਸਨ, ਜਿਸ ਨੂੰ ਉਨ੍ਹਾਂ ਨੇ ਰਾਜ ਦੇ “ਜ਼ੋਂਬੀ ਡਰੱਗ” ਸੰਕਟ ਦੀ ਉਦਾਹਰਣ ਵਜੋਂ ਪੇਸ਼ ਕੀਤਾ ਸੀ।
ਪੰਜਾਬ ਪੁਲੀਸ ਨੇ ਬਾਅਦ ਵਿੱਚ ਸਪੱਸ਼ਟ ਕੀਤਾ ਕਿ ਵੀਡੀਓ ਅਸਲ ਵਿੱਚ ਰਾਜਸਥਾਨ ਦੇ ਸ੍ਰੀ ਗੰਗਾਨਗਰ ਵਿੱਚ ਰਿਕਾਰਡ ਕੀਤੀ ਗਈ ਸੀ ਅਤੇ ਇਸਦਾ ਪੰਜਾਬ ਨਾਲ ਕੋਈ ਸਬੰਧ ਨਹੀਂ ਸੀ।
ਆਪਣੀ ਪੋਸਟ ਦਾ ਬਚਾਅ ਕਰਦਿਆਂ ਹਰਭਜਨ ਨੇ ਕਿਹਾ ਕਿ ਇਸ ਤੱਥ ਦਾ ਕਿ ਖਾਸ ਵੀਡੀਓ ਰਾਜਸਥਾਨ ਦੀ ਸੀ, ਇਹ ਮਤਲਬ ਨਹੀਂ ਹੈ ਕਿ ਪੰਜਾਬ ਵਿੱਚ ਨਸ਼ੇ ਦਾ ਕੋਹੜ ਮੌਜੂਦ ਨਹੀਂ ਹੈ। ਇਸ ਦੌਰਾਨ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਾਬਕਾ ਕ੍ਰਿਕਟਰ ਦੇ ਦੋਸ਼ਾਂ ਵਿਰੁੱਧ ਕਾਨੂੰਨੀ ਵਿਕਲਪਾਂ ‘ਤੇ ਵਿਚਾਰ ਕਰਨ ਦੀ ਧਮਕੀ ਦਿੱਤੀ ਸੀ।
ਇਸ ਤੋਂ ਪਹਿਲਾਂ ਮਈ ਵਿੱਚ, ਸਾਬਕਾ ਕ੍ਰਿਕਟਰ ਤੋਂ ਰਾਜ ਸਭਾ ਮੈਂਬਰ ਬਣੇ ਹਰਭਜਨ ਸਿੰਘ ਨੇ ਆਮ ਆਦਮੀ ਪਾਰਟੀ ‘ਤੇ ਰਾਜ ਸਭਾ ਦੀਆਂ ਟਿਕਟਾਂ “ਵੇਚਣ” ਦਾ ਦੋਸ਼ ਲਾ ਕੇ ਪੰਜਾਬ ਦੀ ਸਿਆਸੀ ਹਲਚਲ ਮਚਾ ਦਿੱਤੀ ਸੀ।
ਐਕਸ ‘ਤੇ ਪੋਸਟ ਕਰਦਿਆਂ ਹਰਭਜਨ ਨੇ ਲਿਖਿਆ ਸੀ: “ਮੈਨੂੰ ਗੱਦਾਰ ਕਹਿਣ ਵਾਲਿਆਂ, ਪਹਿਲਾਂ ਆਪਣੇ ਲੋਕਾਂ ਨੂੰ ਪੁੱਛੋ ਕਿ ਪੰਜਾਬ ਦੀ ਰਾਜ ਸਭਾ ਸੀਟ ਕਿੰਨੇ ਵਿੱਚ ਵਿਕੀ ਸੀ। ਮੈਂ ਦੱਸਾਂਗਾ ਕਿ ਕਿਸ ਨੂੰ ਕਿੰਨੀ ਰਿਸ਼ਵਤ ਮਿਲੀ ਅਤੇ ਕਿਸ ਵੱਲੋਂ ਮਿਲੀ। ਅਤੇ ਪੰਜਾਬ ਨੂੰ ਲੁੱਟਣ ਅਤੇ ਲਾਲਾ ਨੂੰ ਮਾਲ ਪਹੁੰਚਾਉਣ ਲਈ ਕਿਸ ਨੂੰ ਮੰਤਰੀ ਜਾਂ ਚੌਂਕੀਦਾਰ ਬਣਾਇਆ ਗਿਆ।”

