ਪਟਨਾ : ਰਾਸ਼ਟਰੀ ਜਨਤਾ ਦਲ (ਆਰ ਜੇ ਡੀ) ਆਗੂ ਤੇਜਸਵੀ ਯਾਦਵ ਨੂੰ ਅੱਜ ਪਟਨਾ ਵਿੱਚ ਪਾਣੀ ਦੀਆਂ ਬੁਛਾੜਾਂ ਦਾ ਸਾਹਮਣਾ ਕਰਨ ਤੋਂ ਬਾਅਦ ਹਿਰਾਸਤ ਵਿੱਚ ਲੈ ਲਿਆ ਗਿਆ। ਉਹ ਨੀਟ ਪੇਪਰ ਲੀਕ ਵਿਰੁੱਧ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ’ਤੇ ਹੋਈ ਪੁਲੀਸ ਕਾਰਵਾਈ ਦੇ ਵਿਰੋਧ ਵਿੱਚ ਲੋਕ ਭਵਨ ਵੱਲ ਹਜ਼ਾਰਾਂ ਸਮਰਥਕਾਂ ਦੇ ਮਾਰਚ ਦੀ ਅਗਵਾਈ ਕਰ ਰਹੇ ਸਨ। ਬਿਹਾਰ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਯਾਦਵ ਨੂੰ ਉਨ੍ਹਾਂ ਦੇ ਰਾਜ ਸਭਾ ਮੈਂਬਰ ਸੰਜੈ ਯਾਦਵ ਵਰਗੇ ਮੁੱਖ ਸਾਥੀਆਂ ਸਣੇ ਪੁਲੀਸ ਦੀ ਗੱਡੀ ਵਿੱਚ ਬਿਠਾਇਆ ਗਿਆ ਅਤੇ ਇਹ ਗੱਡੀ ਉਨ੍ਹਾਂ ਨੂੰ ਕਿਸੇ ਅਣਦੱਸੀ ਥਾਂ ’ਤੇ ਲੈ ਗਈ। ਐੱਸ ਐੱਸ ਪੀ ਕਾਰਤੀਕੇ ਕੇ ਸ਼ਰਮਾ ਨੇ ਤੇਜਸਵੀ ਯਾਦਵ ਨੂੰ ਹਿਰਾਸਤ ਵਿੱਚ ਲੈਣ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ, ਪੁਲੀਸ ਅਧਿਕਾਰੀ ਨੇਤਾਵਾਂ ਦੇ ਟਿਕਾਣਿਆਂ ਬਾਰੇ ਚੁੱਪ ਹਨ। ਉਨ੍ਹਾਂ ਦੀ ਹਿਰਾਸਤ ਤੋਂ ਬਾਅਦ ਸਮਰਥਕ ਭੜਕ ਗਏ ਅਤੇ ਉਨ੍ਹਾਂ ਵਿੱਚੋਂ ਕਈਆਂ ਨੇ ਗੱਡੀ ਨੂੰ ਅੱਗੇ ਵਧਣ ਤੋਂ ਰੋਕਣ ਲਈ ਉਸ ਉੱਪਰ ਚੜ੍ਹਨ ਦੀ ਕੋਸ਼ਿਸ਼ ਕੀਤੀ। ਆਰ ਜੇ ਡੀ ਦੇ ਇਸ ਮਾਰਚ ਦਾ ਉਦੇਸ਼ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ, ਖ਼ਾਸਕਰ ਸੀਵਾਨ ਵਿੱਚ ਪੁਲੀਸ ਮੁਲਾਜ਼ਮਾਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕਰਨਾ ਹੈ, ਜਿੱਥੇ ਇੱਕ ਸਿਪਾਹੀ ਨੇ ਵਿਦਿਆਰਥੀਆਂ ਦੇ ਪ੍ਰਦਰਸ਼ਨ ਦੌਰਾਨ ਕਥਿਤ ਤੌਰ ’ਤੇ ਏ ਕੇ-47 ਰਾਈਫਲ ਦੀ ਵਰਤੋਂ ਕੀਤੀ ਸੀ। ਸਾਬਕਾ ਉਪ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਸਮਰਥਕ ਪਾਣੀ ਦੀਆਂ ਬੁਛਾੜਾਂ ਤੋਂ ਬੇਪ੍ਰਵਾਹ ਹੋ ਕੇ ਤਿਰੰਗਾ ਲਹਿਰਾਉਂਦੇ ਰਹੇ।
Posted inBihar
Tejashwi Yadav Detained: ਨੀਟ ਪੇਪਰ ਲੀਕ ਵਿਰੁੱਧ ਪ੍ਰਦਰਸ਼ਨ ਦੌਰਾਨ ਤੇਜਸਵੀ ਯਾਦਵ ਨੂੰ ਹਿਰਾਸਤ ਵਿੱਚ ਲਿਆ

