ਈ ਡੀ ਦੀ ਚਿੱਠੀ ਦੀ ਗੂੰਜ: 61 ਮਾਮਲੇ, 21 ਅਫਸਰ ਤੇ ਪੰਜ ਵਿਚੋਲੇ

ਈ ਡੀ ਦੀ ਚਿੱਠੀ ਦੀ ਗੂੰਜ: 61 ਮਾਮਲੇ, 21 ਅਫਸਰ ਤੇ ਪੰਜ ਵਿਚੋਲੇ

ਚੰਡੀਗੜ੍ਹ : ਐੱਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਹਾਲ ’ਚ ਹੀ ਪੰਜਾਬ ਦੇ ਡੀ ਜੀ ਪੀ ਨੂੰ 61 ਮਾਮਲਿਆਂ ਸਬੰਧੀ ਪੱਤਰ ਲਿਖਿਆ ਹੈ ਜਿਨ੍ਹਾਂ ਦਾ ਸਬੰਧਤ ਪ੍ਰਸ਼ਾਸਨਿਕ ਫ਼ੈਸਲਿਆਂ ’ਚ ਦਖ਼ਲ ਅੰਦਾਜ਼ੀ, ਸਰਕਾਰੀ ਅਫਸਰਾਂ ਦੇ ਤਬਾਦਲੇ ਤੇ ਤਾਇਨਾਤੀ, ਅਸਲਾ ਲਾਇਸੈਂਸ ਦੇ ਮਾਮਲੇ ਅਤੇ ਜ਼ਮੀਨੀ ਸੌਦਿਆਂ ਤੋਂ ਇਲਾਵਾ ਸਰਕਾਰੀ ਕੰਮਾਂ ਬਦਲੇ ਕਥਿਤ ਭੁਗਤਾਨ ਤੇ ਹੋਰ ਲਾਭ ਪ੍ਰਾਪਤ ਕਰਨ ਨਾਲ ਹੈ। ਇਸ ਪੱਤਰ ਜ਼ਰੀਏ ਪੰਜਾਬ ਸਰਕਾਰ ਦੇ 23 ਅਫਸਰਾਂ ਅਤੇ ਪੰਜ ਪ੍ਰਾਈਵੇਟ ਵਿਚੋਲਿਆਂ ਦੀ ਗੱਲ ਕੀਤੀ ਗਈ ਹੈ। ਅਧਿਕਾਰਤ ਸੂਤਰ ਦਸਦੇ ਹਨ ਕਿ ਈ ਡੀ ਵੱਲੋਂ ਪੰਜਾਬ ਪੁਲੀਸ ਨੂੰ ਲਿਖੇ ਪੱਤਰ ’ਤੇ ਕੋਈ ਹਾਲੇ ਵਿਚਾਰ ਨਹੀਂ ਕੀਤਾ ਜਾ ਰਿਹਾ। ਈ ਡੀ ਦਾ ਪੱਤਰ ਵਿਚੋਲਿਆਂ ਰਾਹੀਂ 21 ਤਬਾਦਲਿਆਂ ਵੱਲ ਵੀ ਇਸ਼ਾਰਾ ਕਰਦਾ ਹੈ ਜਿਨ੍ਹਾਂ ਨੂੰ ਕਥਿਤ ਤੌਰ ’ਤੇ ਮੁੱਖ ਮੰਤਰੀ ਦਫ਼ਤਰ ਦੇ ਉੱਚ ਸਿਆਸੀ ਅਧਿਕਾਰੀ ਤੇ ਉਸ ਦੇ ਕਰੀਬੀ ਸਾਥੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।

ਨਿਤਿਨ ਗੋਹਲ ਪਹਿਲਾਂ ਹੀ ਸਨਟੈਕ ਸਿਟੀ ਪ੍ਰਾਜੈਕਟ ਦੀ ਜਾਂਚ ਦੇ ਮਾਮਲੇ ’ਚ ਈ ਡੀ ਦੀ ਨਜ਼ਰ ਹੇਠ ਹੈ। ਉਸ ਮਗਰੋਂ ਨਿਤਿਨ ਗੋਹਲ ਉਸ ਵਕਤ ਚਰਚਾ ’ਚ ਆਇਆ ਸੀ ਜਦ ਮਈ ਮਹੀਨੇ ਈ ਡੀ ਦੇ ਛਾਪੇ ਦੌਰਾਨ ਬਹੁ ਮੰਜ਼ਿਲਾ ਫਲੈਟ ’ਚੋਂ ਨਗਦੀ ਵਾਲੇ ਬੈਗ ਉੱਪਰੋਂ ਹੇਠਾਂ ਸੁੱਟੇ ਗਏ ਸਨ। ਪੱਤਰ ’ਚ 21 ਅਧਿਕਾਰੀਆਂ ਤੇ ਪੰਜ ਵਿਚੋਲਿਆਂ ਦੇ ਨਾਂ ਸ਼ਾਮਲ ਕੀਤੇ ਗਏ ਹਨ। ਤਬਾਦਲਿਆਂ ਦੀ ਸੂਚੀ ਅੰਤਿਮ ਰੂਪ ’ਚ ਜਾਰੀ ਹੋਣ ਤੋਂ ਪਹਿਲਾਂ ਇਨ੍ਹਾਂ ਵਿਚੋਲਿਆਂ ਰਾਹੀਂ ਭੇਜੀ ਜਾਂਦੀ ਸੀ। ਇਨ੍ਹਾਂ ਵਿਚੋਲਿਆਂ ਦੀ ਤਬਾਦਲਿਆਂ ’ਚ ਭੂਮਿਕਾ ਹੋਣ ਦੀ ਗੱਲ ਕਹੀ ਗਈ ਹੈ। ਪੱਤਰ ’ਚ ਅਜਿਹੇ 11 ਮਾਮਲਿਆਂ ਦਾ ਜ਼ਿਕਰ ਕੀਤਾ ਗਿਆ ਹੈ ਜਿਨ੍ਹਾਂ ’ਚ 89.55 ਲੱਖ ਰੁਪਏ ਦੇ ਲੈਣ-ਦੇਣ ਦੀ ਗੱਲ ਕਹੀ ਗਈ ਹੈ ਜੋ ਹਵਾਲਾ ਰਾਹੀਂ ਲੈਣ-ਦੇਣ ਤੋਂ ਵੱਖਰੀ ਹੈ। ਇਨ੍ਹਾਂ ’ਚ ਅਨਾਜ ਲਈ ਆਵਾਜਾਈ ਨੀਤੀ, ਫੋਰਟੀਫਾਈਡ ਰਾਈਸ ਦੇ ਨਿਰਮਾਤਾਵਾਂ ਦੀ ਸੂਚੀਬੱਧਤਾ, ਵੇਰਕਾ ਲਈ ਐੱਸ ਏ ਪੀ ਲਾਇਸੈਂਸ ਰੱਖਣ ਅਤੇ ਕਾਰੋਬਾਰਾਂ ਦੇ ਲਾਇਸੈਂਸਾਂ ਦਾ ਨਵੀਨੀਕਰਨ ਦੇ ਮਾਮਲੇ ਸ਼ਾਮਲ ਹਨ। ਈ ਡੀ ਦਾ ਪੱਤਰ ਅਜਿਹੇ ਸੱਤ ਮਾਮਲਿਆਂ ’ਤੇ ਵੀ ਉਂਗਲ ਉਠਾਉਂਦਾ ਹੈ ਜਿੱਥੇ ਗੋਹਲ ਨੇ ਕਥਿਤ ਤੌਰ ’ਤੇ ਜ਼ਮੀਨੀ ਸੌਦਿਆਂ ਅਤੇ ਰੀਅਲ ਅਸਟੇਟ ਡਿਵੈਲਪਰਾਂ ਨਾਲ ਸਬੰਧਤ ਕੰਮਾਂ ’ਚ ਭੂਮਿਕਾ ਨਿਭਾਈ ਹੈ। ਇਵੇਂ ਹੀ ਸੱਤ ਅਸਲਾ ਲਾਇਸੈਂਸਾਂ ਦੇ ਮਾਮਲੇ ਹਨ। ਈ ਡੀ ਨੇ ਗੁਪਤ ਸਰਕਾਰੀ ਸੂਚਨਾ ਤੱਕ ਅਣਅਧਿਕਾਰਤ ਤੌਰ ’ਤੇ ਪਹੁੰਚ ਬਣਾਏ ਜਾਣ ਦੇ ਦੋਸ਼ ਵੀ ਲਾਏ ਹਨ।

ਝੂਠੇ ਕੇਸ ’ਚ ਫਸਾਉਣ ਦੀ ਸਾਜ਼ਿਸ਼: ਨਿਤਿਨ ਗੋਹਲ

ਨਿਤਿਨ ਗੋਹਲ ਨੇ ਇਸ ਕੇਸ ਨੂੰ ਸਿਆਸੀ ਤੌਰ ’ਤੇ ਪ੍ਰੇਰਿਤ ਕਰਾਰ ਦਿੰਦਿਆਂ ਕਿਹਾ ਕਿ ‘ਆਪ’ ਵਿਰੁੱਧ ਵੱਡੀ ਸਾਜ਼ਿਸ਼ ਵਜੋਂ ਉਸ ਨੂੰ ਬੇਬੁਨਿਆਦ ਕੇਸ ’ਚ ਫਸਾਇਆ ਜਾ ਰਿਹਾ ਹੈ ਕਿਉਂਕਿ ਚੋਣਾਂ ਨੇੜੇ ਆ ਰਹੀਆਂ ਹਨ। ਸੂਬੇ ਦੀ ਬਿਹਤਰੀ ਲਈ ਕਿਸੇ ਦੋਸਤ ਨੂੰ ਕੋਈ ਮਸ਼ਵਰਾ ਦੇਣਾ ਜਮਹੂਰੀ ਹੱਕ ਹੈ ਅਤੇ ਇਹ ਦੋ ਵਿਅਕਤੀਆਂ ਦਰਮਿਆਨ ਹੋਈ ਨਿੱਜੀ ਗੱਲਬਾਤ ਸੀ, ਇਸ ਨੂੰ ਸਰਕਾਰੀ ਨੀਤੀ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਿਵੇਂ ਮੰਨਿਆ ਜਾ ਸਕਦਾ ਹੈ? ਮੁੱਖ ਮੰਤਰੀ ਦਫ਼ਤਰ ’ਚ ਤਾਇਨਾਤੀ ਹੋਣ ਕਰ ਕੇ ਉਸ ਦੇ ਭਰਾ ਜਿਤਿਨ ਦਾ ਨਾਮ ਸ਼ਾਮਲ ਕੀਤਾ ਗਿਆ ਹੈ। ਗੋਹਲ ਨੇ ਫਲੈਟਾਂ ’ਚੋਂ ਸੁੱਟੀ ਨਗਦੀ ਸਮੇਤ ਭ੍ਰਿਸ਼ਟਾਚਾਰ ਅਤੇ ਗ਼ਲਤ ਕੰਮਾਂ ਦੇ ਦੋਸ਼ਾਂ ਦਾ ਖੰਡਨ ਕੀਤਾ ਹੈ।

Share: