ਭਿੰਡ (ਮੱਧ ਪ੍ਰਦੇਸ਼): ਮੱਧ ਪ੍ਰਦੇਸ਼ ਦੇ ਭਿੰਡ ਜ਼ਿਲ੍ਹੇ ਵਿੱਚ ਭਿੰਡ-ਗਵਾਲੀਅਰ ਨੈਸ਼ਨਲ ਹਾਈਵੇਅ (NH-719) ’ਤੇ ਛੀਮਕਾ ਪਿੰਡ ਨੇੜੇ ਦੇਰ ਰਾਤ ਇੱਕ ਪਿਕਅੱਪ ਵਾਹਨ ਅਤੇ ਡੰਪਰ ਟਰੱਕ ਵਿਚਾਲੇ ਹੋਈ ਭਿਆਨਕ ਟੱਕਰ ਵਿੱਚ 8 ਮਜ਼ਦੂਰਾਂ ਦੀ ਮੌਤ ਹੋ ਗਈ, ਜਦੋਂਕਿ 32 ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਇਹ ਹਾਦਸਾ ਦੇਰ ਰਾਤ ਲਗਭਗ 1 ਵਜੇ ਦੇ ਕਰੀਬ ਵਾਪਰਿਆ।
ਪੁਲੀਸ ਅਨੁਸਾਰ, ਇਹ ਸਾਰੇ ਮਜ਼ਦੂਰ ਗਵਾਲੀਅਰ ਦੇ ਚਿਨੌਰ ਖੇਤਰ ਵਿੱਚ ਝੋਨੇ ਦੀ ਲਵਾਈ ਦਾ ਕੰਮ ਨਿਪਟਾ ਕੇ ਪਿਕਅੱਪ ਵਾਹਨ ਰਾਹੀਂ ਆਪਣੇ ਘਰ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਪਰਤ ਰਹੇ ਸਨ। ਗੋਹਦ ਚੌਰਾਹਾ ਥਾਣਾ ਇੰਚਾਰਜ ਰਾਮਨਰੇਸ਼ ਯਾਦਵ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਹਾਈਵੇਅ ’ਤੇ ਬੈਠੇ ਮਵੇਸ਼ੀਆਂ ਦੇ ਝੁੰਡ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਪਿਕਅੱਪ ਚਾਲਕ ਵਾਹਨ ਤੋਂ ਸੰਤੁਲਨ ਗੁਆ ਬੈਠਾ, ਜਿਸ ਕਾਰਨ ਵਾਹਨ ਗਲਤ ਦਿਸ਼ਾ ਵੱਲ ਚਲਾ ਗਿਆ ਅਤੇ ਸਾਹਮਣੇ ਤੋਂ ਆ ਰਹੇ ਤੇਜ਼ ਰਫ਼ਤਾਰ ਡੰਪਰ ਨਾਲ ਸਿੱਧਾ ਜਾ ਟਕਰਾਇਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਪਿਕਅੱਪ ਵਾਹਨ ਦੇ ਪਰਖੱਚੇ ਉੱਡ ਗਏ ਅਤੇ ਕਈ ਮਜ਼ਦੂਰ ਅੰਦਰ ਹੀ ਫਸ ਗਏ। ਹਾਦਸੇ ਵਿੱਚ 5 ਮਜ਼ਦੂਰਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂਕਿ 3 ਹੋਰਾਂ ਨੇ ਹਸਪਤਾਲ ਲਿਜਾਂਦੇ ਸਮੇਂ ਰਸਤੇ ਵਿੱਚ ਦਮ ਤੋੜ ਦਿੱਤਾ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲੀਸ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਬਚਾਅ ਕਾਰਜ ਸ਼ੁਰੂ ਕੀਤਾ ਅਤੇ ਸਾਰਿਆਂ ਨੂੰ ਬਾਹਰ ਕੱਢਿਆ। ਸਾਰੇ ਜ਼ਖ਼ਮੀਆਂ ਨੂੰ ਪਹਿਲਾਂ ਗੋਹਦ ਦੇ ਸਿਹਤ ਕੇਂਦਰ ਵਿਖੇ ਪਹੁੰਚਾਇਆ ਗਿਆ, ਜਿੱਥੋਂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਮਜ਼ਦੂਰਾਂ ਨੂੰ ਬਿਹਤਰ ਇਲਾਜ ਲਈ ਗਵਾਲੀਅਰ ਰੈਫਰ ਕਰ ਦਿੱਤਾ ਗਿਆ ਹੈ। ਪੁਲੀਸ ਨੇ ਮ੍ਰਿਤਕਾਂ ਦੀਆਂ ਦੇਹਾਂ ਨੂੰ ਪੋਸਟਮਾਰਟਮ ਲਈ ਭੇਜ ਕੇ ਵਾਰਸਾਂ ਨਾਲ ਸੰਪਰਕ ਕਰਨਾ ਸ਼ੁਰੂ ਕਰ ਦਿੱਤਾ ਹੈ।

