ਨਵੀਂ ਦਿੱਲੀ : ਪੱਛਮੀ ਦਿੱਲੀ ਦੇ ਰਘੂਬੀਰ ਨਗਰ ਇਲਾਕੇ ਵਿੱਚ ਸੋਮਵਾਰ ਤੜਕੇ ਇੱਕ ਇਮਾਰਤ ਵਿੱਚ ਅੱਗ ਲੱਗਣ ਕਾਰਨ ਦੋ ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਇਹ ਹਾਦਸਾ ਗੁਰਦੁਆਰਾ ਰੋਡ ’ਤੇ ਸਥਿਤ ਆਰ-17ਏ ਨੰਬਰ ਦੀ ਇੱਕ ਪੰਜ-ਮੰਜ਼ਿਲਾ ਇਮਾਰਤ ਦੀ ਪਹਿਲੀ ਮੰਜ਼ਿਲ ’ਤੇ ਵਾਪਰਿਆ, ਜਿੱਥੇ ਈ-ਰਿਕਸ਼ਾ ਦੀ ਬੈਟਰੀ ਵਿੱਚ ਧਮਾਕਾ ਹੋਣ ਕਾਰਨ ਘਰੇਲੂ ਸਮਾਨ ਨੂੰ ਅੱਗ ਲੱਗ ਗਈ। ਅਧਿਕਾਰਤ ਰਿਪੋਰਟਾਂ ਅਨੁਸਾਰ, ਦਿੱਲੀ ਫਾਇਰ ਸਰਵਿਸ (DFS) ਦੀਆਂ ਟੀਮਾਂ ਦੇ ਮੌਕੇ ’ਤੇ ਪਹੁੰਚਣ ਤੋਂ ਪਹਿਲਾਂ ਹੀ ਦੋਵੇਂ ਪੀੜਤਾਂ ਨੂੰ ਗੰਭੀਰ ਹਾਲਤ ’ਚ ਝੁਲਸੇ ਹੋਣ ਕਾਰਨ ਰਘੂਬੀਰ ਨਗਰ ਦੇ ਗੁਰੂ ਗੋਬਿੰਦ ਸਿੰਘ ਹਸਪਤਾਲ ਪਹੁੰਚਾਇਆ ਗਿਆ। ਹਾਲਾਂਕਿ, ਹਸਪਤਾਲ ਪਹੁੰਚਣ ’ਤੇ ਡਿਊਟੀ ’ਤੇ ਮੌਜੂਦ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ। ਫਾਇਰ ਵਿਭਾਗ ਨੂੰ ਸਵੇਰੇ 4:42 ਵਜੇ ਮੋਤੀ ਨਗਰ ਖੇਤਰ ਵਿੱਚ ਇੱਕ ਗੋਦਾਮ ਵਿੱਚ ਅੱਗ ਲੱਗਣ ਦੀ ਪਹਿਲੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਤੁਰੰਤ ਤਿੰਨ ਵਾਟਰ ਟੈਂਡਰ ਅਤੇ ਇੱਕ ਵਾਟਰ ਬਾਊਜ਼ਰ ਮੌਕੇ ’ਤੇ ਰਵਾਨਾ ਕੀਤਾ ਗਿਆ। ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਕੜੀ ਮੁਸ਼ੱਕਤ ਤੋਂ ਬਾਅਦ ਸਵੇਰੇ 5:25 ਵਜੇ ਦੇ ਕਰੀਬ ਅੱਗ ’ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ। ਪੁਲੀਸ ਵਲੋਂ ਘਟਨਾ ਦੇ ਸਬੰਧ ਵਿੱਚ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।
Posted inNew Delhi
