ਅੰਗਰੇਜ਼ੀ, ਕਾਮਰਸ ਅਤੇ ਸਮਾਜ ਸ਼ਾਸਤਰ ਦੀ ਮੁੜ ਪ੍ਰੀਖਿਆ ਲਏਗੀ ਐੱਨ ਟੀ ਏ

ਅੰਗਰੇਜ਼ੀ, ਕਾਮਰਸ ਅਤੇ ਸਮਾਜ ਸ਼ਾਸਤਰ ਦੀ ਮੁੜ ਪ੍ਰੀਖਿਆ ਲਏਗੀ ਐੱਨ ਟੀ ਏ

ਨਵੀਂ ਦਿੱਲੀ : ਨੈਸ਼ਨਲ ਟੈਸਟਿੰਗ ਏਜੰਸੀ ਐੱਨ ਟੀ ਏ ਵੱਲੋਂ ਯੂ ਜੀ ਸੀ ਨੈੱਟ ਦੇ ਅੰਗਰੇਜ਼ੀ, ਕਾਮਰਸ ਅਤੇ ਸਮਾਜ ਸ਼ਾਸਤਰ ਵਿਸ਼ਿਆਂ ਦੀ ਮੁੜ ਪ੍ਰੀਖਿਆ ਕਰਵਾਈ ਜਾਵੇਗੀ। ਏਜੰਸੀ ਵੱਲੋਂ ਬਣਾਈ ਗਈ ਕਮੇਟੀ ਨੇ ਜਾਂਚ ਦੌਰਾਨ ਦੇਖਿਆ ਕਿ ਇਨ੍ਹਾਂ ਤਿੰਨਾਂ ਪੇਪਰਾਂ ਵਿੱਚ ਤੱਥਾਂ, ਟਾਈਪਿੰਗ ਅਤੇ ਅਨੁਵਾਦ ਨਾਲ ਜੁੜੀਆਂ ਕਈ ਗਲਤੀਆਂ ਸਨ, ਜਿਸ ਵਿੱਚ ਵਿਦਵਾਨਾਂ ਦੇ ਨਾਂ ਵੀ ਗਲਤ ਲਿਖੇ ਹੋਏ ਸਨ। ਜ਼ਿਕਰਯੋਗ ਹੈ ਕਿ ਐੱਨ ਟੀ ਏ ਨੇ ਜੂਨੀਅਰ ਰਿਸਰਚ ਫੈਲੋਸ਼ਿਪ, ਸਹਾਇਕ ਪ੍ਰੋਫੈਸਰ ਦੀ ਯੋਗਤਾ ਅਤੇ ਪੀ ਐੱਚ ਡੀ ਪ੍ਰੋਗਰਾਮਾਂ ਵਿੱਚ ਦਾਖ਼ਲੇ ਲਈ 22 ਤੋਂ 30 ਜੂਨ ਤੱਕ ਦੇਸ਼ ਭਰ ਵਿੱਚ 87 ਵਿਸ਼ਿਆਂ ਲਈ ਯੂ ਜੀ ਸੀ ਨੈੱਟ ਜੂਨ 2026 ਦੀ ਪ੍ਰੀਖਿਆ ਕਰਵਾਈ ਸੀ।

ਇਨ੍ਹਾਂ ਤਿੰਨਾਂ ਵਿਸ਼ਿਆਂ ਅੰਗਰੇਜ਼ੀ, ਕਾਮਰਸ ਅਤੇ ਸਮਾਜ ਸ਼ਾਸਤਰ ਦੇ ਪੇਪਰਾਂ ਵਿੱਚ ਕਈ ਤਰ੍ਹਾਂ ਦੀਆਂ ਗਲਤੀਆਂ ਹੋਣ ਬਾਰੇ ਵਿਦਿਆਰਥੀਆਂ ਵੱਲੋਂ ਕਈ ਸ਼ਿਕਾਇਤਾਂ ਮਿਲੀਆਂ ਸਨ। ਇਸ ਤੋਂ ਬਾਅਦ ਐੱਨ ਟੀ ਏ ਨੇ ਇਨ੍ਹਾਂ ਗਲਤੀਆਂ ਦੀ ਪੜਤਾਲ ਕਰਨ ਲਈ ਇੱਕ ਕਮੇਟੀ ਦਾ ਗਠਨ ਕੀਤਾ ਸੀ। ਉਮੀਦਵਾਰਾਂ ਨੇ ਦੋਸ਼ ਲਾਇਆ ਸੀ ਕਿ ਸਮਾਜ ਸ਼ਾਸਤਰ ਦੇ ਪੇਪਰ ਵਿੱਚ ਸਪੈਲਿੰਗ, ਵਿਆਕਰਣ ਅਤੇ ਅਨੁਵਾਦ ਦੀਆਂ ਕਈ ਗਲਤੀਆਂ ਸਨ ਜਿਸ ਵਿੱਚ ਉੱਘੇ ਸਮਾਜ ਸ਼ਾਸਤਰੀਆਂ ਦੇ ਨਾਂ ਵੀ ਗਲਤ ਢੰਗ ਨਾਲ ਲਿਖੇ ਗਏ ਸਨ। ਇਸ ਦੇ ਨਾਲ ਹੀ ਅੰਗਰੇਜ਼ੀ ਦੇ ਪੇਪਰ ਵਿੱਚ ਪਿਛਲੇ ਸਾਲਾਂ ਦੇ ਪ੍ਰਸ਼ਨਾਂ ਨੂੰ ਦੁਹਰਾਉਣ ਦੇ ਦੋਸ਼ ਵੀ ਲੱਗੇ ਸਨ। ਕਮੇਟੀ ਨੇ ਆਪਣੀ ਰਿਪੋਰਟ ਵਿੱਚ ਦੱਸਿਆ ਕਿ ਇਨ੍ਹਾਂ ਤਿੰਨਾਂ ਪੇਪਰਾਂ ਵਿੱਚ ਤੱਥਾਂ, ਟਾਈਪਿੰਗ ਅਤੇ ਅਨੁਵਾਦ ਦੀਆਂ ਅਨੇਕਾਂ ਗਲਤੀਆਂ ਸਨ, ਜਿਵੇਂ ਕਿ ਪ੍ਰਮੁੱਖ ਵਿਦਵਾਨਾਂ ਦੇ ਗਲਤ ਸਪੈਲਿੰਗ, ਕਿਤਾਬਾਂ ਦੇ ਵਿਗੜੇ ਹੋਏ ਨਾਂ, ਪ੍ਰਸ਼ਨਾਂ ਦੀ ਬਣਤਰ ਵਿੱਚ ਗਲਤੀਆਂ, ਵਿਆਕਰਣ ਦੀਆਂ ਗਲਤੀਆਂ ਅਤੇ ਗਿਣਤੀ ਨਾਲ ਜੁੜੇ ਮਤਭੇਦ, ਚਿੰਨ੍ਹਾਂ ਦੀਆਂ ਗਲਤੀਆਂ ਅਤੇ ਸਥਾਪਿਤ ਸੰਕਲਪਾਂ ਲਈ ਗੈਰ-ਮਿਆਰੀ ਸ਼ਬਦਾਵਲੀ, ਇਸ ਤੋਂ ਇਲਾਵਾ ਪਹਿਲਾਂ ਪੁੱਛੇ ਗਏ ਕਈ ਸਵਾਲਾਂ ਨੂੰ ਵੀ ਦੁਬਾਰਾ ਸ਼ਾਮਲ ਕੀਤਾ ਗਿਆ ਸੀ।

ਕਮੇਟੀ ਨੇ ਸਿਫ਼ਾਰਸ਼ ਕੀਤੀ ਕਿ ਨਿਰਪੱਖ ਅਤੇ ਨੁਕਸ-ਰਹਿਤ ਪ੍ਰੀਖਿਆ ਕਰਵਾਉਣ ਦੇ ਹਿੱਤ ਵਿੱਚ ਇਨ੍ਹਾਂ ਤਿੰਨਾਂ ਪੇਪਰਾਂ ਦੀ ਪ੍ਰੀਖਿਆ ਮੁੜ ਤੋਂ ਲਈ ਜਾਣੀ ਚਾਹੀਦੀ ਹੈ। ਐੱਨ ਟੀ ਏ ਨੇ ਇਹ ਵੀ ਸਪੱਸ਼ਟ ਕੀਤਾ ਕਿ ਪ੍ਰਸ਼ਨਾਂ ਵਿੱਚੋਂ ਗਲਤ ਸਵਾਲਾਂ ਨੂੰ ਬਾਅਦ ਵਿੱਚ ਹਟਾਉਣ ਨਾਲ ਇਨ੍ਹਾਂ ਨੁਕਸਾਂ ਨੂੰ ਪੂਰੀ ਤਰ੍ਹਾਂ ਦੂਰ ਨਹੀਂ ਕੀਤਾ ਜਾ ਸਕਦਾ, ਇਸ ਲਈ ਇਨ੍ਹਾਂ ਤਿੰਨਾਂ ਵਿਸ਼ਿਆਂ ਦੀ ਮੁੜ ਪ੍ਰੀਖਿਆ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ।

ਪ੍ਰੀਖਿਆ ਦੀਆਂ ਤਾਰੀਖ਼ਾਂ

ਹੁਣ ਐੱਨ ਟੀ ਏ ਦੇ ਨਵੇਂ ਐਲਾਨ ਮੁਤਾਬਕ ਅੰਗਰੇਜ਼ੀ ਅਤੇ ਕਾਮਰਸ ਦੀ ਪ੍ਰੀਖਿਆ 9 ਸਤੰਬਰ ਨੂੰ ਲਈ ਜਾਵੇਗੀ ਅਤੇ ਸਮਾਜ ਸ਼ਾਸਤਰ ਦਾ ਪੇਪਰ 10 ਸਤੰਬਰ ਨੂੰ ਕਰਵਾਇਆ ਜਾਵੇਗਾ। ਏਜੰਸੀ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਇਨ੍ਹਾਂ ਤਿੰਨਾਂ ਵਿਸ਼ਿਆਂ ਦੇ ਉਮੀਦਵਾਰਾਂ ਕੋਲੋਂ ਮੁੜ ਪ੍ਰੀਖਿਆ ਲਈ ਕੋਈ ਵੀ ਵਾਧੂ ਪ੍ਰੀਖਿਆ ਫੀਸ ਨਹੀਂ ਲਈ ਜਾਵੇਗੀ। ਇਸ ਦੇ ਨਾਲ ਹੀ, ਐੱਨ ਟੀ ਏ ਨੇ ਐਤਵਾਰ ਨੂੰ 84 ਵਿਸ਼ਿਆਂ ਲਈ ਯੂ ਜੀ ਸੀ ਨੈੱਟ ਦੀ ਆਰਜ਼ੀ ਉੱਤਰ ਕੁੰਜੀ (ਪ੍ਰੋਵਿਜ਼ਨਲ ਆਂਸਰ ਕੀਅ) ਵੀ ਜਾਰੀ ਕਰ ਦਿੱਤੀ ਹੈ। ਏਜੰਸੀ ਨੇ ਸਪਸ਼ਟ ਕੀਤਾ ਹੈ ਕਿ ਇਨ੍ਹਾਂ 84 ਵਿਸ਼ਿਆਂ ਲਈ ਜੇ ਆਰ ਐੱਫ ਸੀਟਾਂ ਦੀ ਵੰਡ, ਸਹਾਇਕ ਪ੍ਰੋਫੈਸਰ ਅਤੇ ਪੀ ਐੱਚ ਡੀ ਲਈ ਯੋਗਤਾ ਦੇ ਈ-ਸਰਟੀਫਿਕੇਟ ਜਾਰੀ ਕਰਨ ਵਿੱਚ ਇਨ੍ਹਾਂ ਤਿੰਨਾਂ ਵਿਸ਼ਿਆਂ ਦੀ ਮੁੜ ਪ੍ਰੀਖਿਆ ਕਰਨ ਕੋਈ ਦੇਰੀ ਨਹੀਂ ਹੋਵੇਗੀ।

Share: