1991 ਦੇ ਰੇਲਵੇ ਸਟੇਸ਼ਨ ਬਲਾਸਟ ਦਾ ਭਗੌੜਾ ਦੋਸ਼ੀ 35 ਸਾਲਾਂ ਬਾਅਦ ਗ੍ਰਿਫ਼ਤਾਰ

1991 ਦੇ ਰੇਲਵੇ ਸਟੇਸ਼ਨ ਬਲਾਸਟ ਦਾ ਭਗੌੜਾ ਦੋਸ਼ੀ 35 ਸਾਲਾਂ ਬਾਅਦ ਗ੍ਰਿਫ਼ਤਾਰ

ਜੰਮੂ : ਜੰਮੂ ਅਤੇ ਕਸ਼ਮੀਰ ਪੁਲੀਸ ਨੇ ਦੱਸਿਆ ਕਿ ਰੇਲਵੇ (ਜੀ.ਆਰ.ਪੀ.) ਪੁਲੀਸ ਜੰਮੂ ਨੇ 1991 ਦੇ ਰੇਲਵੇ ਸਟੇਸ਼ਨ ਬਲਾਸਟ ਕੇਸ ਵਿੱਚ ਇੱਕ ਭਗੌੜੇ ਦੋਸ਼ੀ ਨੂੰ 35 ਸਾਲਾਂ ਦੀ ਭਾਲ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਹੈ, ਕਿਉਂਕਿ ਉਹ ਪਹਿਲਾਂ ਰੂਪੋਸ਼ ਹੋ ਗਿਆ ਸੀ ਅਤੇ ਫਿਰ ਕਈ ਦਹਾਕਿਆਂ ਤੱਕ ਆਪਣੀ ਪਛਾਣ ਲੁਕੋ ਕੇ ਰਿਹਾ। ਅਲਤਾਫ ਹੁਸੈਨ ਸ਼ੇਖ, ਪੁੱਤਰ ਨਜ਼ੀਰ ਅਹਿਮਦ ਸ਼ੇਖ, ਵਾਸੀ ਮਰਹਾਮਾ-ਬਿਜਬਿਹਾਰਾ, ਅਨੰਤਨਾਗ, ਨੂੰ ਹੁਣ ਰੱਦ ਕੀਤੇ ਜਾ ਚੁੱਕੇ ਅਤਿਵਾਦੀ ਅਤੇ ਗੜਬੜਕਾਰੀ ਗਤੀਵਿਧੀਆਂ (ਰੋਕਥਾਮ) ਐਕਟ (TADA) ਤਹਿਤ ਨਾਮਜ਼ਦ ਕੀਤਾ ਗਿਆ ਸੀ। ਪੁਲੀਸ ਨੇ ਦੱਸਿਆ ਕਿ ਦੋਸ਼ੀ ਆਪਣੇ ਹੋਰ ਸਾਥੀਆਂ ਦੇ ਨਾਲ, 2 ਅਪਰੈਲ 1991 ਨੂੰ ਜੰਮੂ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ 1 ‘ਤੇ ਹੋਏ ਬੰਬ ਧਮਾਕੇ ਦੇ ਮਾਮਲੇ ਵਿੱਚ ਕਥਿਤ ਤੌਰ ‘ਤੇ ਸ਼ਾਮਲ ਸੀ, ਜਿਸ ਵਿੱਚ ਅਰਧ ਸੈਨਿਕ ਬਲਾਂ ਦੇ ਦੋ ਜਵਾਨਾਂ ਸਮੇਤ ਤਿੰਨ ਵਿਅਕਤੀ ਮਾਰੇ ਗਏ ਸਏ ਅਤੇ 18 ਨਾਗਰਿਕ ਜ਼ਖ਼ਮੀ ਹੋ ਗਏ ਸਨ।

ਪੁਲੀਸ ਨੇ ਕਿਹਾ, “ਜਾਂਚ ਦੌਰਾਨ, ਇੱਕ ਦੋਸ਼ੀ ਅਮਨ ਉੱਲਾ ਖਾਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ, ਜਦੋਂ ਕਿ ਤਿੰਨ ਹੋਰ ਦੋਸ਼ੀ ਫਰਾਰ ਹੋ ਗਏ ਸਨ ਅਤੇ ਉਸ ਸਮੇਂ ਗ੍ਰਿਫ਼ਤਾਰ ਨਹੀਂ ਕੀਤੇ ਜਾ ਸਕੇ ਸਨ ਅਤੇ ਸਬੰਧਤ ਅਦਾਲਤ ਵੱਲੋਂ ਉਨ੍ਹਾਂ ਨੂੰ ਭਗੌੜਾ ਘੋਸ਼ਿਤ ਕਰ ਦਿੱਤਾ ਗਿਆ ਸੀ।”

ਪੁਲੀਸ ਨੇ ਦੱਸਿਆ ਕਿ ਰੇਲਵੇ ਪੁਲੀਸ ਨੇ ਪਿਛਲੇ ਦੋ ਸਾਲਾਂ ਵਿੱਚ ਆਪਣੀ ਤਲਾਸ਼ੀ ਮੁਹਿੰਮ ਨੂੰ ਤੇਜ਼ ਕਰ ਦਿੱਤਾ ਸੀ ਅਤੇ ਆਖ਼ਿਰਕਾਰ ਉਸ ਨੂੰ ਬਿਜਬਿਹਾਰਾ ਖੇਤਰ ਵਿੱਚ ਇੱਕ ਸਫਲ ਕਾਰੋਬਾਰੀ ਦੇ ਰੂਪ ਵਿੱਚ ਲੁਕਿਆ ਹੋਇਆ ਲੱਭ ਲਿਆ।

ਪਿਛਲੇ ਦੋ ਸਾਲਾਂ ਵਿੱਚ ਜੀ.ਆਰ.ਪੀ. ਜੰਮੂ ਨੇ ਇੱਕ ਤੀਬਰ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਅਤੇ ਦੋਸ਼ੀ ਅਲਤਾਫ ਹੁਸੈਨ ਸ਼ੇਖ ਦੀ ਪਛਾਣ ਕੀਤੀ, ਉਸਦੀ ਪਛਾਣ ਅਤੇ ਰਿਹਾਇਸ਼ੀ ਵੇਰਵਿਆਂ ਦੀ ਬਾਰੀਕੀ ਨਾਲ ਜਾਂਚ ਕਰਕੇ ਉਸ ਦੀ ਪਛਾਣ ਦੀ ਪੁਸ਼ਟੀ ਕੀਤੀ ਅਤੇ ਪਤਾ ਲਗਾਇਆ ਕਿ ਉਹ ਆਪਣੀ ਅਸਲੀ ਪਛਾਣ ਲੁਕਾ ਕੇ ਰਹਿ ਰਿਹਾ ਸੀ ਅਤੇ ਬਿਜਬਿਹਾਰਾ ਖੇਤਰ ਵਿੱਚ ਆਪਣੇ ਆਪ ਨੂੰ ਇੱਕ ਸਫਲ ਕਾਰੋਬਾਰੀ ਵਜੋਂ ਸਥਾਪਤ ਕਰ ਚੁੱਕਾ ਸੀ।

ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਅੱਗੇ ਦੀਆਂ ਕਾਨੂੰਨੀ ਕਾਰਵਾਈਆਂ ਲਈ 13 ਅਗਸਤ ਨੂੰ ਟਾਡਾ (TADA) ਅਦਾਲਤ ਵਿੱਚ ਪੇਸ਼ ਕੀਤਾ ਗਿਆ।

Share: