ਨਵੀਂ ਦਿੱਲੀ : ਨੌਜਵਾਨ ਪੀੜ੍ਹੀ ਨੂੰ ਇੱਕ ਅਹਿਮ ਸੁਨੇਹਾ ਦਿੰਦੇ ਹੋਏ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜੀਵਨ ਅਤੇ ਹਾਲਾਤ ਪ੍ਰਤੀ ਸ਼ਾਰਟਕੱਟ ਵਾਲਾ ਤਰੀਕਾ ਨੁਕਸਾਨਦੇਹ ਸਾਬਤ ਹੋ ਸਕਦਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੀ ਆਤਮਕਥਾ ਨੂੰ ਅੱਜ ਇੱਥੇ ਰਿਲੀਜ਼ ਕਰਨ ਸਮੇਂ ਕਿਹਾ, ”ਇਹ ‘ਰੀਲਾਂ’ ਦਾ ਜ਼ਮਾਨਾ ਹੈ… ਇਨਫਲੂਐਂਸਰ ਤੁਹਾਨੂੰ ਕਿੱਥੋਂ ਤੋਂ ਕਿੱਥੇ ਲਿਜਾਂਦੇ ਹਨ… ਤੁਸੀਂ ਦੇਖਿਆ ਹੋਵੇਗਾ ਕਿ ਰੇਲਵੇ ਸਟੇਸ਼ਨਾਂ ‘ਤੇ ਉਨ੍ਹਾਂ ਲੋਕਾਂ ਲਈ ਚਿਤਾਵਨੀ ਲਿਖੀ ਹੁੰਦੀ ਹੈ ਜੋ ਜਲਦਬਾਜ਼ੀ ਵਿੱਚ, ਪੁਲ ਦੀ ਬਜਾਏ ਪਟੜੀਆਂ ‘ਤੇ ਜਾਂਦੇ ਹਨ… ਸ਼ਾਰਟ ਕੱਟ ਵਿਲ ਕੱਟ ਯੂ ਸ਼ਾਰਟ (ਭਾਵ, ਗ਼ਲਤ ਸ਼ਾਰਟਕੱਟ ਤੁਹਾਨੂੰ ਨੁਕਸਾਨ ਪਹੁੰਚਾ ਸਕਦਾ ਹੈ)।” ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਕਸਿਤ ਭਾਰਤ ਦਾ ਟੀਚਾ ਉਨ੍ਹਾਂ ਨੌਜਵਾਨਾਂ ਦੀ ਮਿਹਨਤ ਨਾਲ ਹਾਸਲ ਕੀਤਾ ਜਾਵੇਗਾ ਜੋ ਮੁਸ਼ਕਲਾਂ ਤੋਂ ਘਬਰਾਉਂਦੇ ਨਹੀਂ ਹਨ ਸਗੋਂ ਹਰ ਮੁਸ਼ਕਲ ਦਾ ਮੁਕਾਬਲਾ ਕਰਕੇ ਉੱਠਦੇ ਹਨ।
ਆਪਣੇ ਵਿਚਾਰ ਨੂੰ ਮਜ਼ਬੂਤ ਕਰਨ ਲਈ, ਪ੍ਰਧਾਨ ਮੰਤਰੀ ਨੇ ਸਾਬਕਾ ਰਾਸ਼ਟਰਪਤੀ ਕੋਵਿੰਦ ਦੇ ਸੰਘਰਸ਼ਾਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਸਾਬਕਾ ਰਾਸ਼ਟਰਪਤੀ ਇਸ ਗੱਲ ਦੀ ਇੱਕ ਸ਼ਾਨਦਾਰ ਮਿਸਾਲ ਹਨ ਕਿ ਕਿਵੇਂ ਹਿੰਮਤ ਅਤੇ ਦ੍ਰਿੜਤਾ ਮੁਸ਼ਕਲਾਂ ਨੂੰ ਦੂਰ ਕਰ ਸਕਦੀ ਹੈ ਅਤੇ ਜ਼ਿੰਦਗੀ ਤੇ ਉਸਦੀਆਂ ਚੁਣੌਤੀਆਂ ਨੂੰ ਤੁਹਾਨੂੰ ਹਾਵੀ ਨਹੀਂ ਹੋਣ ਦੇ ਸਕਦੀ। ਕੋਵਿੰਦ ਨੇ ਬਹੁਤ ਛੋਟੀ ਉਮਰ ਵਿੱਚ ਆਪਣੀ ਮਾਂ ਨੂੰ ਗੁਆ ਦਿੱਤਾ ਸੀ ਅਤੇ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਦੀ ਪਰਵਰਿਸ਼ ਕੀਤੀ ਸੀ। ਪ੍ਰਧਾਨ ਮੰਤਰੀ ਨੇ ਕਿਹਾ, “ਦੇਸ਼ ਦੇ ਸਭ ਤੋਂ ਉੱਚੇ ਅਹੁਦੇ ‘ਤੇ ਪਹੁੰਚਣ ਦੇ ਬਾਵਜੂਦ, ਕੋਵਿੰਦ ਜੀ ਆਪਣੇ ਪਿਤਾ ਨੂੰ ਆਪਣਾ ਹੀਰੋ ਮੰਨਦੇ ਹਨ।” ਪੀ ਐੱਮ ਮੋਦੀ ਨੇ ਸਾਰਿਆਂ ਨੂੰ ਨਿਮਰਤਾ ਦਾ ਪਾਠ ਵੀ ਪੜ੍ਹਾਇਆ, ਉਨ੍ਹਾਂ ਨੇ ਰਾਮ ਨਾਥ ਕੋਵਿੰਦ ਦੀ ਮਿਸਾਲ ਦਿੰਦਿਆਂ ਕਿਹਾ, “ਜਦੋਂ ਮੈਂ ਰਾਸ਼ਟਰਪਤੀ ਭਵਨ ਵਿੱਚ ਕੋਵਿੰਦ ਜੀ ਨੂੰ ਮਿਲਣ ਜਾਂਦਾ ਸੀ ਤਾਂ ਉਹ ਪ੍ਰੋਟੋਕੋਲ ਤੋੜ ਕੇ ਹਮੇਸ਼ਾ ਮੇਰੀ ਕਾਰ ਤੱਕ ਮੈਨੂੰ ਛੱਡਣ ਆਉਂਦੇ ਸਨ। ਮੈਂ ਉਨ੍ਹਾਂ ਨੂੰ ਅਜਿਹਾ ਨਾ ਕਰਨ ਲਈ ਕਹਿੰਦਾ ਸੀ ਪਰ ਉਨ੍ਹਾਂ ਨੇ ਕਦੇ ਵੀ ਆਪਣੀ ਨਿਮਰਤਾ ਨਹੀਂ ਛੱਡੀ।” ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਈ ਜੀਵਨ ਵਿੱਚ ਜਿੰਨਾ ਉੱਚਾ ਉਠਦਾ ਹੈ, ਉਸ ਨੂੰ ਓਨਾ ਹੀ ਨਿਮਰ ਬਣਨਾ ਚਾਹੀਦਾ ਹੈ।
ਪ੍ਰਧਾਨ ਮੰਤਰੀ ਨੇ ਰਾਮਨਾਥ ਕੋਵਿੰਦ ਦੀ ਆਤਮਕਥਾ, “ਟ੍ਰਾਇੰਫ ਆਫ਼ ਦ ਇੰਡੀਅਨ ਰਿਪਬਲਿਕ: ਮਾਈ ਲਾਈਫ, ਮਾਈ ਸਟ੍ਰਗਲਜ਼” ਰਿਲੀਜ਼ ਕੀਤੀ। ਉਨ੍ਹਾਂ ਕਿਹਾ ਕਿ ਇਸ ਵਿੱਚ ਸਾਬਕਾ ਰਾਸ਼ਟਰਪਤੀ ਦੇ ਪ੍ਰੇਰਨਾਦਾਇਕ ਜੀਵਨ ਅਤੇ ਸਮਾਜ ਦੀ ਸੇਵਾ ਕਰਨ ਦੇ ਯਤਨਾਂ ਦਾ ਵਿਸਥਾਰ ਨਾਲ ਵਰਣਨ ਕੀਤਾ ਗਿਆ ਹੈ।
