ਥਾਣਾ ਕੱਚਾ-ਪੱਕਾ ਦੇ ਖੇਤਰ ਵਿੱਚ ਚੋਰਾਂ ਦੇ ਪੈਰ ਪੱਕੇ; ਵੱਡੀਆਂ ਚੋਰੀਆਂ ਦੇ ਨਾਲ ਬੱਲਬਾਂ ਦੇ ਹੋਲਡਰ ਵੀ ਨਾ ਛੱਡੇ

ਥਾਣਾ ਕੱਚਾ-ਪੱਕਾ ਦੇ ਖੇਤਰ ਵਿੱਚ ਚੋਰਾਂ ਦੇ ਪੈਰ ਪੱਕੇ; ਵੱਡੀਆਂ ਚੋਰੀਆਂ ਦੇ ਨਾਲ ਬੱਲਬਾਂ ਦੇ ਹੋਲਡਰ ਵੀ ਨਾ ਛੱਡੇ

ਭਿੱਖੀਵਿੰਡ : ਇੱਥੋਂ ਦੇ ਥਾਣਾ ਕੱਚਾ ਪੱਕਾ ਦੀ ਹਦੂਦ ਅੰਦਰ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ, ਜਿਸ ਕਾਰਨ ਇਲਾਕੇ ਦੇ ਲੋਕਾਂ ਵਿੱਚ ਪੁਲੀਸ ਦੀ ਕਾਰਗੁਜ਼ਾਰੀ ਨੂੰ ਲੈ ਕੇ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਚੋਰੀ ਦੀ ਵਾਰਦਾਤ ਤੋਂ ਬਾਅਦ ਪੁਲੀਸ ਵੱਲੋਂ ਮੌਕਾ ਦੇਖਣ ਅਤੇ ਜਾਂਚ ਕਰਨ ਤੱਕ ਹੀ ਕਾਰਵਾਈ ਸੀਮਤ ਰਹਿ ਜਾਂਦੀ ਹੈ, ਜਦਕਿ ਚੋਰਾਂ ਨੂੰ ਕਾਬੂ ਕਰਨ ਵਿੱਚ ਪੁਲੀਸ ਅਜੇ ਤੱਕ ਕਾਮਯਾਬ ਨਹੀਂ ਹੋ ਸਕੀ।

ਇੱਕ ਤਾਜ਼ਾ ਘਟਨਾ ਵਿੱਚ ਬੀਤੀ ਰਾਤ ਪਿੰਡ ਤਪਾ ਲਖਣਾ ਵਿੱਚ ਬਲਵੰਤ ਸਿੰਘ ਪੁੱਤਰ ਗੁਰਾ ਸਿੰਘ ਦੇ ਘਰੋਂ ਚੋਰ ਨਗਦੀ, ਸੋਨਾ ਅਤੇ ਹੋਰ ਕੀਮਤੀ ਸਮਾਨ ਚੋਰੀ ਕਰਕੇ ਲੈ ਗਏ। ਇਸੇ ਤਰ੍ਹਾਂ ਪਿੰਡ ਬਾਠ ਵਿੱਚ ਵੀ ਚੋਰੀ ਦੀਆਂ ਵਾਰਦਾਤਾਂ ਹੋਣ ਦੀ ਜਾਣਕਾਰੀ ਮਿਲੀ ਹੈ। ਇਸ ਤੋਂ ਇਲਾਵਾ ਪਿੰਡ ਬੇਗੇਪੁਰ ਵਿੱਚ ਚੋਰਾਂ ਨੇ ਕਈ ਮੋਟਰਾਂ ਨੂੰ ਨਿਸ਼ਾਨਾ ਬਣਾਉਂਦਿਆਂ ਕੇਬਲ ਤਾਰਾਂ, ਸਪਰੇਅ ਪੰਪ ਅਤੇ ਇੱਥੋਂ ਤੱਕ ਕਿ ਬਲਬਾਂ ਦੇ ਹੋਲਡਰ ਵੀ ਨਹੀਂ ਛੱਡੇ।
ਚੋਰ ਇੰਨੇ ਬੇਖੌਫ ਹਨ ਕਿ ਜਿੰਦੇ ਤੋੜ ਕੇ ਇੱਕੋ ਰਾਤ ਵਿੱਚ ਕਈ ਥਾਵਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਇਨ੍ਹਾਂ ਚੋਰੀ ਦੀਆਂ ਵਾਰਦਾਤਾਂ ਸਬੰਧੀ ਥਾਣਾ ਕੱਚਾ ਪੱਕਾ ਵਿੱਚ ਵੱਖ-ਵੱਖ ਦਰਖਾਸਤਾਂ ਵੀ ਦਿੱਤੀਆਂ ਜਾ ਚੁੱਕੀਆਂ ਹਨ। ਲੋਕਾਂ ਨੇ ਪੁਲੀਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚੋਰੀ ਦੀਆਂ ਵਧ ਰਹੀਆਂ ਵਾਰਦਾਤਾਂ ਨੂੰ ਰੋਕਣ ਲਈ ਗਸ਼ਤ ਵਧਾਈ ਜਾਵੇ ਅਤੇ ਚੋਰਾਂ ਨੂੰ ਜਲਦ ਕਾਬੂ ਕੀਤਾ ਜਾਵੇ।
ਇਸ ਸਬੰਧੀ ਥਾਣਾ ਕੱਚਾ ਪੱਕਾ ਦੇ ਜਾਂਚ ਅਧਿਕਾਰੀ ਸਤਨਾਮ ਸਿੰਘ ਨੇ ਕਿਹਾ ਕਿ ਪਿੰਡ ਬੇਗੇਪੁਰ ਵਿੱਚ ਮੋਟਰਾਂ ਤੋਂ ਉਤਾਰੀਆਂ ਗਈਆਂ ਕੇਬਲਾਂ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਬਾੜ ਦਾ ਸਮਾਨ ਖਰੀਦਣ ਵਾਲੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਜੇ ਕੋਈ ਵਿਅਕਤੀ ਚੋਰੀ ਦਾ ਸਮਾਨ ਵੇਚਣ ਆਉਂਦਾ ਹੈ ਤਾਂ ਤੁਰੰਤ ਪੁਲੀਸ ਨੂੰ ਸੂਚਿਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਚੋਰੀ ਦਾ ਸਮਾਨ ਖਰੀਦਣ ਵਾਲਿਆਂ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਘਰਾਂ ਵਿੱਚ ਹੋਈਆਂ ਚੋਰੀਆਂ ਦੀ ਵੀ ਹਰ ਪੱਖ ਤੋਂ ਜਾਂਚ ਕਰਕੇ ਚੋਰਾਂ ਨੂੰ ਜਲਦ ਕਾਬੂ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ।
Share: