ਫਗਵਾੜਾ : ਕਪੂਰਥਲਾ ਨੇੜਲੇ ਪਿੰਡ ਬਿਸ਼ਨਪੁਰ ਜੱਟਾਂ ਵਿੱਚ ਬੀਤੀ ਰਾਤ ਪੁਰਾਣੀ ਰੰਜਿਸ਼ ਨੂੰ ਲੈ ਕੇ ਮੋਟਰਸਾਈਕਲ ਸਵਾਰ ਦੋ ਹਮਲਾਵਰਾਂ ਵੱਲੋਂ ਕੀਤੀ ਗਈ ਗੋਲੀਬਾਰੀ ਵਿੱਚ ਇੱਕ 24 ਸਾਲਾ ਨੌਜਵਾਨ ਦੀ ਮੌਤ ਹੋ ਗਈ ਜਦਕਿ ਉਸ ਦਾ ਛੋਟਾ ਭਰਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਮ੍ਰਿਤਕ ਦੀ ਪਛਾਣ ਲਵਪ੍ਰੀਤ ਸਿੰਘ ਉਰਫ਼ ਲੱਬਾ (24) ਵਾਸੀ ਬਿਸ਼ਨਪੁਰ ਜੱਟਾਂ ਵਜੋਂ ਹੋਈ ਹੈ। ਉਸ ਦੇ ਛੋਟੇ ਭਰਾ ਹਰਸ਼ਦੀਪ ਨੂੰ ਵੀ ਇਸ ਘਟਨਾ ਵਿੱਚ ਗੋਲੀਆਂ ਲੱਗੀਆਂ ਹਨ। ਸਥਾਨਕ ਲੋਕਾਂ ਨੇ ਜ਼ਖ਼ਮੀ ਨੌਜਵਾਨ ਨੂੰ ਸਿਵਲ ਹਸਪਤਾਲ ਕਪੂਰਥਲਾ ਵਿਖੇ ਇਲਾਜ ਲਈ ਦਾਖ਼ਲ ਕਰਵਾਇਆ ਹੈ। ਇਸ ਗੋਲੀਬਾਰੀ ਕਾਰਨ ਪਿੰਡ ਵਿੱਚ ਡਰ ਦਾ ਮਾਹੌਲ ਹੈ ਅਤੇ ਲੋਕਾਂ ਨੇ ਇਸ ਹਿੰਸਕ ਘਟਨਾ ਉੱਤੇ ਚਿੰਤਾ ਪ੍ਰਗਟ ਕੀਤੀ ਹੈ। ਉੱਥੇ ਹੀ ਘਟਨਾ ਦੀ ਸੂਚਨਾ ਮਿਲਦਿਆਂ ਡੀ ਐੱਸ ਪੀ ਡਾ. ਸ਼ੀਤਲ ਸਿੰਘ ਪੁਲੀਸ ਪਾਰਟੀ ਸਮੇਤ ਮੌਕੇ ਉੱਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਪੁਲੀਸ ਨੇ ਮ੍ਰਿਤਕ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਗੋਲੀਬਾਰੀ ਦੇ ਹਾਲਾਤਾਂ ਬਾਰੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇੱਕ ਫੋਰੈਂਸਿਕ ਟੀਮ ਨੂੰ ਵੀ ਮੌਕੇ ਉੱਤੇ ਬੁਲਾਇਆ ਗਿਆ ਜਿਸ ਨੇ ਅਜਿਹੇ ਸਬੂਤ ਇਕੱਠੇ ਕੀਤੇ ਜੋ ਜਾਂਚਕਰਤਾਵਾਂ ਨੂੰ ਘਟਨਾਕ੍ਰਮ ਨੂੰ ਸਮਝਣ ਅਤੇ ਮੁਲਜ਼ਮਾਂ ਦੀ ਭੂਮਿਕਾ ਦੀ ਪਛਾਣ ਕਰਨ ਵਿੱਚ ਮਦਦ ਕਰ ਸਕਦੇ ਹਨ। ਡੀ ਐੱਸ ਪੀ ਡਾ. ਸ਼ੀਤਲ ਸਿੰਘ ਨੇ ਕਿਹਾ ਕਿ ਗੋਲੀਬਾਰੀ ਵਿੱਚ ਕਥਿਤ ਤੌਰ ‘ਤੇ ਸ਼ਾਮਲ ਵਿਅਕਤੀਆਂ ਦੀ ਪਛਾਣ ਕਰ ਲਈ ਗਈ ਹੈ। ਉਨ੍ਹਾਂ ਕਿਹਾ ਕਿ ਪੁਲੀਸ ਟੀਮਾਂ ਮੁਲਜ਼ਮਾਂ ਨੂੰ ਫੜਨ ਲਈ ਸ਼ੱਕੀ ਠਿਕਾਣਿਆਂ ਉੱਤੇ ਛਾਪੇਮਾਰੀ ਕਰ ਰਹੀਆਂ ਹਨ ।

