Himachal Pradesh ਵਿੱਚ 150 ਤੋਂ ਵੱਧ ਸੜਕਾਂ ਬੰਦ, 10 ਤੱਕ ਮੀਂਹ ਦੀ ਚਿਤਾਵਨੀ

Himachal Pradesh ਵਿੱਚ 150 ਤੋਂ ਵੱਧ ਸੜਕਾਂ ਬੰਦ, 10 ਤੱਕ ਮੀਂਹ ਦੀ ਚਿਤਾਵਨੀ

ਸ਼ਿਮਲਾ : ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਕਾਰਨ ਜਨਜੀਵਨ ਪ੍ਰਭਾਵਿਤ ਹੋਇਆ ਹੈ। ਸੂਬਾਈ ਐਮਰਜੈਂਸੀ ਓਪਰੇਸ਼ਨ ਸੈਂਟਰ ਮੁਤਾਬਕ ਮੰਗਲਵਾਰ ਸ਼ਾਮ ਤੱਕ 153 ਸੜਕਾਂ ਆਵਾਜਾਈ ਲਈ ਬੰਦ ਸਨ, ਜਦਕਿ 58 ਪਾਣੀ ਸਪਲਾਈ ਯੋਜਨਾਵਾਂ ਅਤੇ 191 ਬਿਜਲੀ ਟਰਾਂਸਫਾਰਮਰ ਪ੍ਰਭਾਵਿਤ ਹੋਏ ਹਨ। ਸਭ ਤੋਂ ਵੱਧ 51 ਸੜਕਾਂ ਮੰਡੀ ਜ਼ਿਲ੍ਹੇ ਵਿੱਚ ਬੰਦ ਹਨ। ਇਸ ਤੋਂ ਇਲਾਵਾ ਸਿਰਮੌਰ ਵਿੱਚ 39, ਕੁੱਲੂ ਵਿੱਚ 36, ਸ਼ਿਮਲਾ ਵਿੱਚ 15, ਕਾਂਗੜਾ ਅਤੇ ਚੰਬਾ ਵਿੱਚ ਪੰਜ-ਪੰਜ ਅਤੇ ਊਨਾ ਵਿੱਚ ਦੋ ਸੜਕਾਂ ਬੰਦ ਹਨ। ਮੌਸਮ ਵਿਭਾਗ ਨੇ ਸੂਬੇ ਵਿੱਚ 10 ਅਗਸਤ ਤੱਕ ਕੁਝ ਥਾਵਾਂ ’ਤੇ ਭਾਰੀ ਮੀਂਹ ਦਾ ਯੈਲੋ ਅਲਰਟ ਜਾਰੀ ਕੀਤਾ ਹੈ।

ਤਿਰੁੂਵਨੰਤਪੁਰਮ/ਈਟਾਨਗਰ: ਕੇਰਲ ਵਿੱਚ ਪਹਿਲੀ ਅਗਸਤ ਤੋਂ ਜਾਰੀ ਭਾਰੀ ਮੀਂਹ ਨੇ ਤਬਾਹੀ ਮਚਾ ਦਿੱਤੀ ਹੈ। ਰਾਜ ਸਰਕਾਰ ਮੁਤਾਬਕ ਹੁਣ ਤੱਕ 25 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ, ਜਦਕਿ ਚਾਰ ਵਿਅਕਤੀ ਲਾਪਤਾ ਅਤੇ 10 ਜ਼ਖ਼ਮੀ ਹੋਏ ਹਨ। ਮੀਂਹ ਕਾਰਨ ਸੈਂਕੜਿਆਂ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ ਅਤੇ 18 ਹਜ਼ਾਰ ਤੋਂ ਵੱਧ ਲੋਕਾਂ ਨੂੰ 400 ਤੋਂ ਜ਼ਿਆਦਾ ਰਾਹਤ ਕੈਂਪਾਂ ਵਿੱਚ ਪਹੁੰਚਾਇਆ ਗਿਆ ਹੈ।

ਸਰਕਾਰੀ ਅੰਕੜਿਆਂ ਅਨੁਸਾਰ 1 ਤੋਂ 4 ਅਗਸਤ ਦਰਮਿਆਨ 52 ਘਰ ਪੂਰੀ ਤਰ੍ਹਾਂ ਤਬਾਹ ਹੋਏ ਅਤੇ 565 ਘਰ ਅੰਸ਼ਿਕ ਤੌਰ ’ਤੇ ਨੁਕਸਾਨੇ ਗਏ। ਇਸ ਸਮੇਂ ਦੌਰਾਨ ਕੇਰਲ ਵਿੱਚ ਆਮ ਨਾਲੋਂ ਲਗਪਗ ਤਿੰਨ ਗੁਣਾ ਵੱਧ ਮੀਂਹ ਪਿਆ। ਰਾਜ ਵਿੱਚ 205.8 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ, ਜਦਕਿ ਆਮ ਤੌਰ ’ਤੇ 73.2 ਮਿਲੀਮੀਟਰ ਮੀਂਹ ਪੈਂਦਾ ਹੈ। ਮੌਸਮ ਵਿਭਾਗ ਨੇ ਪਠਾਨਮਥਿੱਟਾ, ਕੋਟਾਯਮ, ਇਡੁੱਕੀ, ਏਰਨਾਕੁਲਮ, ਕੋਜ਼ੀਕੋਡ, ਵਾਇਨਾਡ, ਕੰਨੂਰ ਅਤੇ ਕਾਸਰਗੋਡ ਸਮੇਤ ਅੱਠ ਜ਼ਿਲ੍ਹਿਆਂ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਮੁੱਖ ਮੰਤਰੀ ਵੀ ਡੀ ਸਤੀਸਨ ਨੇ ਬੇਘਰ ਹੋਏ ਲੋਕਾਂ ਨੂੰ ਬਿਨਾਂ ਦੇਰੀ ਵਿੱਤੀ ਸਹਾਇਤਾ ਮੁਹੱਈਆ ਕਰਾਉਣ ਦਾ ਐਲਾਨ ਕੀਤਾ ਹੈ।

ਇਸ ਦੌਰਾਨ ਅਰੁਣਾਚਲ ਪ੍ਰਦੇਸ਼ ਵਿੱਚ ਵੀ ਲਗਾਤਾਰ ਮੀਂਹ ਕਾਰਨ ਤਿੰਨ ਜ਼ਿਲ੍ਹਿਆਂ ਵਿੱਚ ਢਿੱਗਾਂ ਡਿੱਗਣ ਅਤੇ ਅਚਾਨਕ ਹੜ੍ਹਾਂ ਦੀ ਸਥਿਤੀ ਬਣੀ ਹੋਈ ਹੈ। ਸੂਬੇ ਵਿੱਚ ਮੌਨਸੂਨ ਨਾਲ ਜੁੜੀਆਂ ਘਟਨਾਵਾਂ ਵਿੱਚ ਹੁਣ ਤੱਕ ਸੱਤ ਲੋਕਾਂ ਦੀ ਮੌਤ ਹੋਈ ਹੈ ਅਤੇ ਕਰੀਬ 1.55 ਲੱਖ ਲੋਕ ਪ੍ਰਭਾਵਿਤ ਹੋਏ ਹਨ। ਅਧਿਕਾਰੀਆਂ ਮੁਤਾਬਕ ਅਰੁਣਾਚਲ ਵਿੱਚ 235 ਸੜਕਾਂ, 40 ਪੁਲ, ਸੈਂਕੜੇ ਬਿਜਲੀ ਲਾਈਨਾਂ, ਸਕੂਲਾਂ ਅਤੇ ਹੋਰ ਸਰਕਾਰੀ ਢਾਂਚਿਆਂ ਨੂੰ ਵੱਡਾ ਨੁਕਸਾਨ ਪਹੁੰਚਿਆ ਹੈ। ਮੌਸਮ ਵਿਭਾਗ ਨੇ ਕੁਝ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਅਤੇ ਬਿਜਲੀ ਚਮਕਣ ਦੀ ਚਿਤਾਵਨੀ ਜਾਰੀ ਕੀਤੀ ਹੈ।
Share: