IAS ਦੇ ਜਾਅਲੀ ਦਸਤਖ਼ਤ ਕਰਕੇ Mansa Zila Parishad ਵਿੱਚ 25 ਲੱਖ ਦਾ ਗਬਨ

IAS ਦੇ ਜਾਅਲੀ ਦਸਤਖ਼ਤ ਕਰਕੇ Mansa Zila Parishad ਵਿੱਚ 25 ਲੱਖ ਦਾ ਗਬਨ

ਮਾਨਸਾ : ਜ਼ਿਲ੍ਹਾ ਪਰਿਸ਼ਦ ਮਾਨਸਾ ਦੇ ਦੋ ਕਰਮਚਾਰੀਆਂ ਵੱਲੋਂ ਕਥਿਤ ਤੌਰ ’ਤੇ ਆਈ ਏ ਐੱਸ ਅਧਿਕਾਰੀ ਦੇ ਜਾਅਲੀ ਦਸਤਖ਼ਤ ਕਰ ਕੇ 25 ਲੱਖ ਰੁਪਏ ਦਾ ਗਬਨ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਨ੍ਹਾਂ ਕਰਮਚਾਰੀਆਂ ਨੇ ਇਹ ਰਕਮ ਜ਼ਿਲ੍ਹਾ ਪਰਿਸ਼ਦ ਦੇ ਸਰਕਾਰੀ ਖਾਤੇ ਵਿੱਚੋਂ ਵੱਖ-ਵੱਖ ਰੂਪਾਂ ਵਿੱਚ ਦੋ ਵਾਰ ਆਪਣੇ ਨਿੱਜੀ ਖਾਤਿਆਂ ਵਿੱਚ ਪੁਆ ਲਈ। ਜਦੋਂ ਉਹ ਚੈੱਕ ਰਾਹੀਂ 21 ਲੱਖ ਰੁਪਏ ਕਢਵਾਉਣ ਲੱਗੇ, ਤਾਂ ਬੈਂਕ ਅਧਿਕਾਰੀਆਂ ਨੂੰ ਸ਼ੱਕ ਹੋਇਆ। ਉਨ੍ਹਾਂ ਨੇ ਇਹ ਮਾਮਲਾ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ, ਜਿਸ ਮਗਰੋਂ ਇਸ ਦਾ ਖ਼ੁਲਾਸਾ ਹੋਇਆ। ਵੇਰਵਿਆਂ ਅਨੁਸਾਰ ਕਰੀਬ ਤਿੰਨ ਮਹੀਨੇ ਪਹਿਲਾਂ ਯੋਜਨਾ ਬਣਾ ਕੇ ਜ਼ਿਲ੍ਹਾ ਪਰਿਸ਼ਦ ਦੇ ਲੇਖਾਕਾਰ ਰਕੇਸ਼ ਕੁਮਾਰ ਅਤੇ ਕਲਰਕ ਰਾਮਪਾਲ ਨੇ ਤਤਕਾਲੀ ਏ ਡੀ ਸੀ ਵਿਕਾਸ ਆਕਾਸ਼ ਬਾਂਸਲ ਦੇ ਜਾਅਲੀ ਦਸਤਖ਼ਤ ਕਰਕੇ ਸਰਕਾਰੀ ਖਾਤੇ ਵਿੱਚੋਂ 21 ਲੱਖ ਅਤੇ ਬਾਅਦ ਵਿੱਚ 4 ਲੱਖ ਰੁਪਏ ਆਪਣੇ ਖਾਤਿਆਂ ਵਿੱਚ ਤਬਦੀਲ ਕਰ ਲਏ। ਦੋਵਾਂ ਕਰਮਚਾਰੀਆਂ ਨੇ ਇੱਕ ਦੇ ਖਾਤੇ ਵਿੱਚ 10 ਲੱਖ ਅਤੇ ਦੂਜੇ ਦੇ ਖਾਤੇ ਵਿੱਚ 11 ਲੱਖ ਰੁਪਏ ਪਾਏ ਸਨ ਅਤੇ ਬਾਕੀ 4 ਲੱਖ ਰੁਪਏ ਸਰਕਾਰੀ ਖਾਤੇ ਵਿੱਚੋਂ ਬਾਅਦ ਵਿੱਚ ਕਢਵਾਏ ਸਨ। ਜ਼ਿਲ੍ਹਾ ਪਰਿਸ਼ਦ ਦੇ ਚੇਅਰਮੈਨ ਚੁਸਪਿੰਦਰਵੀਰ ਸਿੰਘ ਚਹਿਲ ਨੇ ਦੱਸਿਆ ਕਿ ਜਦੋਂ ਕਰਮਚਾਰੀਆਂ ਨੇ ਇਹ ਰਕਮ ਆਪਣੇ ਖਾਤਿਆਂ ਵਿੱਚੋਂ ਕਢਵਾਉਣ ਲਈ ਬੈਂਕ ਵਿੱਚ ਚੈੱਕ ਲਗਾਇਆ ਤਾਂ ਬੈਂਕ ਅਧਿਕਾਰੀਆਂ ਨੂੰ ਸ਼ੱਕ ਹੋਇਆ। ਉਨ੍ਹਾਂ ਨੇ ਇਹ ਮਾਮਲਾ ਏ ਡੀ ਸੀ ਵਿਕਾਸ ਦੇ ਧਿਆਨ ਵਿੱਚ ਲਿਆਂਦਾ। ਮਾਮਲਾ ਸਾਹਮਣੇ ਆਉਂਦੇ ਹੀ ਦੋਵਾਂ ਕਰਮਚਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਗਲੀ ਵਿਭਾਗੀ ਅਤੇ ਕਾਨੂੰਨੀ ਕਾਰਵਾਈ ਲਈ ਸ਼ਿਕਾਇਤ ਕਰ ਦਿੱਤੀ ਗਈ ਹੈ। ਚਹਿਲ ਨੇ ਸਪੱਸ਼ਟ ਕੀਤਾ ਕਿ ਇਨ੍ਹਾਂ ਨੇ ਅਜੇ ਪੈਸਾ ਨਿੱਜੀ ਤੌਰ ਉੱਤੇ ਵਰਤਿਆ ਨਹੀਂ ਸੀ ਅਤੇ ਇਸ ਵਿੱਚੋਂ 10 ਲੱਖ ਰੁਪਏ ਦੀ ਵਾਪਸੀ ਹੋ ਗਈ ਹੈ।

Share: