ਅੰਬਾਲਾ : ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਚ.ਐੱਸ.ਜੀ.ਐੱਮ.ਸੀ.) ਦੇ ਮੈਂਬਰ ਗੁਰਤੇਜ ਸਿੰਘ ਨੇ ਦੋਸ਼ ਲਾਇਆ ਹੈ ਕਿ ਮੌਜੂਦਾ ਕਾਰਜਕਾਰਣੀ ਕਮੇਟੀ ਪਿਛਲੇ ਕਰੀਬ ਡੇਢ ਸਾਲ ਦੌਰਾਨ ਸੰਗਤ ਦੀਆਂ ਉਮੀਦਾਂ ‘ਤੇ ਖਰੀ ਨਹੀਂ ਉਤਰੀ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਿਆਂ ਅਤੇ ਕਮੇਟੀ ਅਧੀਨ ਚੱਲ ਰਹੀਆਂ ਸੰਸਥਾਵਾਂ ਦੇ ਸੁਧਾਰ ਲਈ ਕੋਈ ਵੀ ਠੋਸ ਫ਼ੈਸਲਾ ਨਹੀਂ ਲਿਆ ਗਿਆ, ਜਿਸ ਕਾਰਨ ਸੰਗਤ ਦਾ ਭਰੋਸਾ ਲਗਾਤਾਰ ਘੱਟ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੀਰੀ ਪੀਰੀ ਮੈਡੀਕਲ ਐਂਡ ਰਿਸਰਚ ਸੈਂਟਰ, ਸ਼ਾਹਬਾਦ ਮਾਰਕੰਡਾ ਦਾ ਪ੍ਰਬੰਧ ਆਪਣੇ ਹੱਥ ਵਿੱਚ ਲੈਣ ਸਬੰਧੀ ਕੀਤੇ ਗਏ ਐਲਾਨ ਹਾਲੇ ਤੱਕ ਲਾਗੂ ਨਹੀਂ ਕੀਤੇ ਗਏ। ਇਸ ਸੰਸਥਾ ਦੇ ਕਰੀਬ 350 ਕਰਮਚਾਰੀ ਪਿਛਲੇ ਕਈ ਮਹੀਨਿਆਂ ਤੋਂ ਤਨਖ਼ਾਹਾਂ ਤੋਂ ਵਾਂਝੇ ਹਨ, ਜਿਸ ਕਾਰਨ ਉਨ੍ਹਾਂ ਦੇ ਪਰਿਵਾਰ ਗੰਭੀਰ ਆਰਥਿਕ ਸੰਕਟ ਵਿੱਚੋਂ ਗੁਜ਼ਰ ਰਹੇ ਹਨ। ਗੁਰਤੇਜ ਸਿੰਘ ਨੇ ਮੰਗ ਕੀਤੀ ਹੈ ਕਿ ਕਾਰਜਕਾਰਣੀ ਦੀ ਤੁਰੰਤ ਐਮਰਜੈਂਸੀ ਮੀਟਿੰਗ ਬੁਲਾ ਕੇ ਕਰਮਚਾਰੀਆਂ ਦੀਆਂ ਬਕਾਇਆ ਤਨਖ਼ਾਹਾਂ, ਸੰਸਥਾ ਦੇ ਪ੍ਰਬੰਧ ਅਤੇ ਭਵਿੱਖ ਬਾਰੇ ਜਲਦੀ ਫ਼ੈਸਲੇ ਲਏ ਜਾਣ। ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਜੇਕਰ ਅਗਲੇ ਦੋ-ਤਿੰਨ ਦਿਨਾਂ ਵਿੱਚ ਕੋਈ ਠੋਸ ਕਾਰਵਾਈ ਨਾ ਕੀਤੀ ਗਈ, ਤਾਂ ਉਹ ਸੰਗਤ ਅਤੇ ਪੀੜਤ ਕਰਮਚਾਰੀਆਂ ਨਾਲ ਮਿਲ ਕੇ ਕੁਰੂਕਸ਼ੇਤਰ ਵਿਖੇ ਐੱਚ.ਐੱਸ.ਜੀ.ਐੱਮ.ਸੀ. ਦੇ ਮੁੱਖ ਦਫ਼ਤਰ ਬਾਹਰ ਸ਼ਾਂਤਮਈ ਧਰਨਾ ਦੇਣਗੇ।
Posted inHaryana
ਡੇਢ ਸਾਲ ਵਿੱਚ ਕਾਰਜਕਾਰਣੀ ਦਾ ਕੋਈ ਠੋਸ ਫ਼ੈਸਲਾ ਨਹੀਂ: ਗੁਰਤੇਜ ਸਿੰਘ

