ਚੰਡੀਗਡ਼੍ਹ : ਆਮ ਆਦਮੀ ਪਾਰਟੀ ਨੇ ‘ਮਿਸ਼ਨ ਪੰਜਾਬ’ ਦੀ ਜੰਗ ’ਚ ਉੱਤਰਨ ਲਈ ਤਿਆਰੀ ਤੇਜ਼ੀ ਨਾਲ ਵਿੱਢ ਦਿੱਤੀ ਹੈ। ਜਿਨ੍ਹਾਂ ਵਿਧਾਨ ਸਭਾ ਹਲਕਿਆਂ ’ਚ ਪਾਰਟੀ ਦੇ ਮੌਜੂਦਾ ਵਿਧਾਇਕਾਂ ਨੂੰ ਬਦਲੇ ਜਾਣ ਦੀ ਸੰਭਾਵਨਾ ਹੈ, ਉਨ੍ਹਾਂ ’ਚ ਨਵੇਂ ਹਲਕਾ ਇੰਚਾਰਜ ਲਾਉਣੇ ਸ਼ੁਰੂ ਕਰ ਦਿੱਤੇ ਹਨ। ਆਗਾਮੀ ਚੋਣਾਂ ਦੇ ਮੱਦੇਨਜ਼ਰ ਪਾਰਟੀ ਲੀਡਰਸ਼ਿਪ ਨੇ ਨਵੇਂ ਹਲਕਾ ਇੰਚਾਰਜਾਂ ਨੂੰ ਥਾਪੀ ਦੇ ਦਿੱਤੀ ਹੈ। ਨਵੇਂ ਚਿਹਰਿਆਂ ਨੂੰ ਚੋਣਾਂ ’ਚ ਉਤਾਰੇ ਜਾਣ ਲਈ ਉਮੀਦਵਾਰਾਂ ਦੀ ਸ਼ਨਾਖ਼ਤ ਕਰਨੀ ਵੀ ਸ਼ੁਰੂ ਕਰ ਦਿੱਤੀ ਹੈ। ਦਿੱਲੀ ’ਚ ਬੀਤੀ ਸ਼ਾਮ ਪਾਰਟੀ ਦੀ ਸਿਖਰਲੀ ਲੀਡਰਸ਼ਿਪ ਦੀ ਮੀਟਿੰਗ ਵੀ ਹੋਈ ਹੈ। ਪੰਜਾਬ ’ਚ ਜਲਦੀ ਮੀਟਿੰਗਾਂ ਕਰ ਕੇ ਫ਼ੈਸਲਾ ਲਿਆ ਜਾਵੇਗਾ ਕਿ ਪਾਰਟੀ ਚੋਣਾਂ ’ਚ ਕਿਹੜੇ ਉਮੀਦਵਾਰਾਂ ’ਤੇ ਦਾਅ ਖੇਡਦੀ ਹੈ। ਪਾਰਟੀ ਤਰਫ਼ੋਂ 117 ਵਿਧਾਨ ਸਭਾ ਹਲਕਿਆਂ ’ਚੋਂ ਬਹੁਪਰਤੀ ਫੀਡਬੈਕ ਲਈ ਗਈ ਹੈ, ਜਿਸ ਦੀ ਸਮੀਖਿਆ ਦੇ ਆਧਾਰ ’ਤੇ ਅਗਲੇ ਫ਼ੈਸਲੇ ਲਏ ਜਾਣਗੇ। ਇਸੇ ਸਮੀਖਿਆ ਦੀ ਕੜੀ ਵਜੋਂ ਸਾਰੇ ਵਿਧਾਨ ਸਭਾ ਹਲਕਿਆਂ ’ਚ ਛੇ ਛੇ ਸੈਕਟਰ ਇੰਚਾਰਜ ਤਾਇਨਾਤ ਕੀਤੇ ਗਏ ਹਨ। ਇਹ ਸੈਕਟਰ ਇੰਚਾਰਜ ਸਰਕਾਰੀ ਸਕੀਮਾਂ ਅਤੇ ਪਾਰਟੀ ਦੀ ਕਾਰਗੁਜ਼ਾਰੀ ਬਾਰੇ ਰੋਜ਼ਾਨਾ ਵੋਟਰਾਂ ਤੋਂ ਫੀਡਬੈਕ ਲੈ ਰਹੇ ਹਨ। ਇਹ ਫੀਡਬੈਕ ਹਲਕਾ ਵਿਧਾਇਕਾਂ ਜਾਂ ਹਲਕਾ ਇੰਚਾਰਜਾਂ ਨਾਲ ਸਾਂਝੀ ਕੀਤੀ ਜਾਂਦੀ ਹੈ। ਸੂਤਰਾਂ ਅਨੁਸਾਰ ਪਾਰਟੀ ਤਰਫ਼ੋਂ ਵੱਡੀ ਗਿਣਤੀ ’ਚ ਮੌਜੂਦਾ ਵਿਧਾਇਕਾਂ ਨੂੰ ਹੀ ਚੋਣ ਮੈਦਾਨ ’ਚ ਉਤਾਰੇ ਜਾਣ ਦੀ ਸੰਭਾਵਨਾ ਹੈ ਪਰ ਪਾਰਟੀ ਨੇ ਕਈ ਹਲਕਿਆਂ ’ਚ ਉਮੀਦਵਾਰ ਬਦਲਣ ਦਾ ਕੰਮ ਚੁੱਪ ਚੁਪੀਤੇ ਸ਼ੁਰੂ ਕਰ ਦਿੱਤਾ ਹੈ। ਅਜਿਹੇ ਹਲਕਿਆਂ ’ਚ ਪਾਰਟੀ ਨੇ ਨਵੇਂ ਹਲਕਾ ਇੰਚਾਰਜ ਬਣਾ ਕੇ ਤਾਕਤ ਦੇ ਬਰਾਬਰ ਕੇਂਦਰ ਖੜ੍ਹੇ ਕਰ ਦਿੱਤੇ ਹਨ।
ਜਿਨ੍ਹਾਂ ਹਲਕਿਆਂ ਦੇ ਵਿਧਾਇਕਾਂ ਨੇ ਪਾਰਟੀ ਦੀ ਝੋਲੀ ਬਦਨਾਮੀ ਪਾਈ ਹੈ ਜਾਂ ਪਾਰਟੀ ਹੁਕਮਾਂ ਦੀ ਪਾਲਣਾ ਨਹੀਂ ਕੀਤੀ, ਉਨ੍ਹਾਂ ਹਲਕਿਆਂ ’ਚ ਕਾਫ਼ੀ ਹਿਲਜੁਲ ਕੀਤੀ ਜਾ ਰਹੀ ਹੈ। ਹਾਲ ’ਚ ਹੀ ਬਠਿੰਡਾ ਦਿਹਾਤੀ ਲਈ ਨਵਾਂ ਹਲਕਾ ਇੰਚਾਰਜ ਸਾਬਕਾ ਪੀ ਸੀ ਐੱਸ ਅਧਿਕਾਰੀ ਗੋਪਾਲ ਸਿੰਘ ਨੂੰ ਨਿਯੁਕਤ ਕੀਤਾ ਗਿਆ ਹੈ। ਪਾਰਟੀ ਨੇ ਅੱਜ ਤਿੰਨ ਹੋਰ ਹਲਕਿਆਂ ਦੇ ਨਵੇਂ ਹਲਕਾ ਇੰਚਾਰਜ ਲਗਾਏ ਹਨ। ਹਲਕਾ ਪੱਟੀ ਦਾ ਹਲਕਾ ਇੰਚਾਰਜ ਜਸਕੰਵਲ ਸਿੰਘ ਗਿੱਲ ਜੱਸਾ ਪੱਟੀ ਨੂੰ, ਫ਼ਤਿਹਗੜ੍ਹ ਚੂੜੀਆਂ ਦਾ ਹਰਜੋਬਨ ਜੀਤ ਸਿੰਘ ਰੰਧਾਵਾ ਅਤੇ ਜਲੰਧਰ ਦੱਖਣੀ ਦਾ ਵਨੀਤ ਧੀਰ ਨੂੰ ਲਾਇਆ ਹੈ।
ਬਠਿੰਡਾ ਸ਼ਹਿਰੀ ਹਲਕੇ ਤੋਂ ਮਹਿਤਾ ਪਰਿਵਾਰ ਨੂੰ ਉਭਾਰਿਆ ਜਾ ਰਿਹਾ ਹੈ। ਬਠਿੰਡਾ ਸ਼ਹਿਰ ’ਚ ਹੋਏ ਰੋਡ ਸ਼ੋਅ ’ਚੋਂ ਵਿਧਾਇਕ ਜਗਰੂਪ ਸਿੰਘ ਗਿੱਲ ਗਾਇਬ ਸਨ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਹਲਕਾ ਕਾਦੀਆਂ ’ਚ ‘ਆਪ’ ਨੇ ਗੁਰਇਕਬਾਲ ਸਿੰਘ ਮਾਹਿਲ ਨੂੰ ਹਲਕਾ ਇੰਚਾਰਜ ਲਾਇਆ ਹੈ। ਹਲਕਾ ਸਮਾਣਾ ’ਚ ਸੁਰਜੀਤ ਸਿੰਘ ਰੱਖੜਾ ਨੂੰ ਕਮਾਨ ਦੇ ਦਿੱਤੀ ਗਈ ਹੈ। ਮਿਸਾਲ ਦੇ ਤੌਰ ’ਤੇ ਡੇਰਾਬੱਸੀ, ਸਨੌਰ, ਸਮਾਣਾ, ਬਠਿੰਡਾ ਸ਼ਹਿਰੀ, ਮਾਨਸਾ ਅਤੇ ਲੰਬੀ ਆਦਿ ’ਚ ਬਰਾਬਰ ਕੇਂਦਰ ਖੜ੍ਹੇ ਕਰਨੇ ਸ਼ੁਰੂ ਕੀਤੇ ਹਨ। ਹਾਲਾਂਕਿ ਇਨ੍ਹਾਂ ਉਪਰੋਕਤ ਹਲਕਿਆਂ ਤੋਂ ਮੌਜੂਦਾ ਵਿਧਾਇਕਾਂ ਨੂੰ ਟਿਕਟ ਤੋਂ ਇਨਕਾਰ ਨਹੀਂ ਕੀਤ ਗਿਆ। 117 ਮੈਂਬਰੀ ਸਦਨ ਵਿੱਚ ਆਮ ਆਦਮੀ ਪਾਰਟੀ ਕੋਲ 94 ਵਿਧਾਇਕ ਹਨ। ਬਾਕੀ ਬਚੇ 23 ਹਲਕਿਆਂ ਵਿੱਚੋਂ ਜ਼ਿਆਦਾਤਰ ਵਿੱਚ ਪਾਰਟੀ ਨੇ ਨਵੇਂ ਹਲਕਾ ਇੰਚਾਰਜ ਨਿਯੁਕਤ ਕਰਨੇ ਸ਼ੁਰੂ ਕਰ ਦਿੱਤੇ ਹਨ, ਖ਼ਾਸ ਕਰ ਕੇ ਉਨ੍ਹਾਂ ਥਾਵਾਂ ’ਤੇ ਜਿੱਥੇ ਕਾਂਗਰਸ ਦੀ ਨੁਮਾਇੰਦਗੀ ਹੈ। ਸੁਜਾਨਪੁਰ, ਫਿਲੌਰ, ਫਗਵਾੜਾ, ਫ਼ਤਿਹਗੜ੍ਹ ਚੂੜੀਆਂ ਅਤੇ ਜਲੰਧਰ ਉੱਤਰੀ ਲਈ ਪਹਿਲਾਂ ਹੀ ਹਲਕਾ ਇੰਚਾਰਜ ਨਿਯੁਕਤ ਕੀਤੇ ਜਾ ਚੁੱਕੇ ਹਨ।
ਇਸੇ ਤਰ੍ਹਾਂ ਆਮ ਆਦਮੀ ਪਾਰਟੀ ਨੇ ਨਵਾਂਸ਼ਹਿਰ (ਜਿੱਥੇ ਬਸਪਾ ਦੀ ਨੁਮਾਇੰਦਗੀ ਹੈ) ਅਤੇ ਮੁਕੇਰੀਆਂ (ਜਿੱਥੇ ਭਾਜਪਾ ਦੀ ਨੁਮਾਇੰਦਗੀ ਹੈ) ਲਈ ਵੀ ਹਲਕਾ ਇੰਚਾਰਜ ਨਿਯੁਕਤ ਕੀਤੇ ਹਨ। ‘ਆਪ’ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਦਾ ਕਹਿਣਾ ਸੀ ਕਿ ਪਾਰਟੀ ਨੇ ਜ਼ਮੀਨੀ ਪੱਧਰ ’ਤੇ ਆਪਣਾ ਢਾਂਚਾ ਮਜ਼ਬੂਤ ਕੀਤਾ ਹੈ, ਜੋ ਪਾਰਟੀ ਦੇ 2027 ਦੇ ਮਿਸ਼ਨ ਦੀ ਸਫਲਤਾ ਨੂੰ ਯਕੀਨੀ ਬਣਾਏਗਾ। ਉਨ੍ਹਾਂ ਕਿਹਾ ਕਿ ਪਾਰਟੀ ਦੀ ਤਾਕਤ ਪਾਰਟੀ ਦੇ ਵਰਕਰ ਅਤੇ ਸਰਕਾਰ ਦੀ ਕਾਰਗੁਜ਼ਾਰੀ ਹੈ।

