ਚੰਡੀਗਡ਼੍ਹ : ਪੰਜਾਬ ਕਾਂਗਰਸ ਦੀ ਖਿੱਚੋਤਾਣ ਵਿਚਾਲੇ ਪਾਰਟੀ ਦੇ ਇੰਚਾਰਜ ਭੁਪੇਸ਼ ਬਘੇਲ ਪੰਜਾਬ ਦਾ 9 ਦਿਨਾਂ ਦੌਰਾ ਕਰਨਗੇ। ਇਸ ਦੌਰਾਨ ਉਹ 16 ਜ਼ਿਲ੍ਹਿਆਂ ਵਿੱਚ ਮੀਟਿੰਗ ਕਰਨਗੇ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਧੜੇ ਵੱਲੋਂ ਲੀਡਰਸ਼ਿਪ ਵਿੱਚ ਤਬਦੀਲੀ ਦੀ ਮੰਗ ਲਗਾਤਾਰ ਉਠਾਈ ਜਾ ਰਹੀ ਹੈ ਪਰ ਪਾਰਟੀ ਹਾਈਕਮਾਂਡ ਨੇ ਹਾਲੇ ਤੱਕ ਇਸ ਬਾਰੇ ਕੋਈ ਅੰਤਿਮ ਫ਼ੈਸਲਾ ਨਹੀਂ ਕੀਤਾ। ਇਸ ਜਮੂਦ ਦੌਰਾਨ ਹੀ ਬਘੇਲ ਨੇ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ 31 ਜੁਲਾਈ ਤੋਂ ਪੰਜਾਬ ਦੌਰੇ ਦਾ ਐਲਾਨ ਕਰ ਦਿੱਤਾ ਹੈ। ਇਸ ਫੇਰੀ ਦੌਰਾਨ ਵੱਡਾ ਸਵਾਲ ਇਹ ਹੋਵੇਗਾ ਕਿ ਭੁਪੇਸ਼ ਬਘੇਲ ਦੇ ਇਨ੍ਹਾਂ ਨੌ ਦਿਨਾਂ ਦੇ ਸਮਾਗਮਾਂ ’ਚ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਵਿਰੋਧੀ ਧੜਾ ਸ਼ਾਮਲ ਹੋਵੇਗਾ ਜਾਂ ਨਹੀਂ।
ਚੰਨੀ ਧੜੇ ਨੇ ਵੜਿੰਗ ਦੀ ਸ਼ਮੂਲੀਅਤ ਵਾਲੇ ਸਮਾਗਮਾਂ ਦਾ ਪਹਿਲਾਂ ਹੀ ਬਾਈਕਾਟ ਕਰਨ ਦਾ ਫ਼ੈਸਲਾ ਕੀਤਾ ਹੋਇਆ ਹੈ। ਹਾਈਕਮਾਂਡ ਨੇ ਚੰਨੀ ਧੜੇ ਦੀ ਮੰਗ ’ਤੇ ਹਾਲੇ ਆਖ਼ਰੀ ਫ਼ੈਸਲਾ ਨਹੀਂ ਕੀਤਾ ਹੈ ਅਤੇ ਚੰਨੀ ਧੜਾ ਅੰਦਰੂਨੀ ਤੌਰ ’ਤੇ ਆਪਣੇ ਸਮਰਥਕ ਆਗੂਆਂ ਨਾਲ ਲਗਾਤਾਰ ਲਾਮਬੰਦੀ ’ਚ ਜੁਟਿਆ ਹੋਇਆ ਹੈ। ਤੈਅ ਪ੍ਰੋਗਰਾਮ ਅਨੁਸਾਰ ਭੁਪੇਸ਼ ਬਘੇਲ 30 ਜੁਲਾਈ ਨੂੰ ਚੰਡੀਗੜ੍ਹ ਪੁੱਜਣਗੇ ਅਤੇ 31 ਜੁਲਾਈ ਨੂੰ ਫ਼ਤਿਹਗੜ੍ਹ ਸਾਹਿਬ ਅਤੇ ਮੁਹਾਲੀ ਵਿੱਚ ਮੀਟਿੰਗਾਂ ਕਰਨਗੇ। ਉਹ ਪਹਿਲੀ ਅਗਸਤ ਨੂੰ ਪਟਿਆਲਾ ਅਤੇ ਸੰਗਰੂਰ, 2 ਅਗਸਤ ਨੂੰ ਬਰਨਾਲਾ ਅਤੇ ਮਾਨਸਾ, 3 ਅਗਸਤ ਨੂੰ ਬਠਿੰਡਾ ਅਤੇ ਮੁਕਤਸਰ ਸਾਹਿਬ, 4 ਅਗਸਤ ਨੂੰ ਫ਼ਾਜ਼ਿਲਕਾ ਅਤੇ ਫ਼ਿਰੋਜ਼ਪੁਰ ਜਾਣਗੇ। ਇਸੇ ਤਰ੍ਹਾਂ 5 ਅਗਸਤ ਨੂੰ ਮੋਗਾ ਅਤੇ ਫ਼ਰੀਦਕੋਟ, 6 ਅਗਸਤ ਨੂੰ ਲੁਧਿਆਣਾ, 7 ਅਗਸਤ ਨੂੰ ਮਾਲੇਰਕੋਟਲਾ ਅਤੇ ਖੰਨਾ ਦਾ ਦੌਰਾ ਕਰਨਗੇ। ਆਖ਼ਰੀ ਦਿਨ 8 ਅਗਸਤ ਨੂੰ ਨਵਾਂ ਸ਼ਹਿਰ ਅਤੇ ਰੋਪੜ ਵਿੱਚ ਮੀਟਿੰਗਾਂ ਰੱਖੀਆਂ ਗਈਆਂ ਹਨ। ਇਸ ਤੋਂ ਪਹਿਲਾਂ ਵੀ ਬਘੇਲ ਨੇ ਪੰਜ ਦਿਨਾਂ ਦੌਰਾ ਕਰ ਕੇ ਪਾਰਟੀ ਵਿਚਲੀ ਖਿੱਚੋਤਾਣ ਬਾਰੇ ਫੀਡਬੈਕ ਲਈ ਸੀ। ਉਸ ਰਿਪੋਰਟ ਮਗਰੋਂ ਵੀ ਹਾਈਕਮਾਂਡ ਕਿਸੇ ਠੋਸ ਨਤੀਜੇ ’ਤੇ ਨਹੀਂ ਪਹੁੰਚੀ। ਇਸ ਦੌਰੇ ਦੌਰਾਨ ਕਾਂਗਰਸ ਦੀ ਧੜੇਬੰਦੀ ਹੋਰ ਉਭਰਨ ਦੇ ਆਸਾਰ ਹਨ। ਪਾਰਟੀ ਦੇ ਜ਼ਿਆਦਾਤਰ ਜ਼ਿਲ੍ਹਾ ਪ੍ਰਧਾਨ ਵੜਿੰਗ ਧੜੇ ਨਾਲ ਹਨ, ਜਿਸ ਕਰ ਕੇ ਬਘੇਲ ਵੱਲੋਂ ਮੁੱਢਲੇ ਪੜਾਅ ਉੱਤੇ ਜ਼ਿਲ੍ਹਾ ਪੱਧਰੀ ਕਮੇਟੀਆਂ ਦੀ ਮੀਟਿੰਗ ਉਲੀਕੀ ਗਈ ਹੈ।
ਪਾਰਟੀ ਦੇ ਜਨਰਲ ਸਕੱਤਰ (ਸੰਗਠਨ) ਕੈਪਟਨ ਸੰਦੀਪ ਸਿੰਘ ਸੰਧੂ ਨੇ ਹਾਈਕਮਾਂਡ ਵੱਲੋਂ ਹਾਲ ’ਚ ਹੀ ਨਿਯੁਕਤ ਕੀਤੇ ਗਏ ਵਰਕਿੰਗ ਪ੍ਰਧਾਨ ਸੁਖਵਿੰਦਰ ਸਿੰਘ ਡੈਨੀ, ਸੰਗਤ ਸਿੰਘ ਗਿਲਜ਼ੀਆਂ ਤੋਂ ਇਲਾਵਾ ਸੀਨੀਅਰ ਆਗੂ ਡਾ. ਰਾਜ ਕੁਮਾਰ ਵੇਰਕਾ ਨੂੰ ਬਘੇਲ ਦੀ ਦੌਰੇ ਦੀ ਸੂਚਨਾ ਭੇਜੀ ਹੈ। ਸੰਗਤ ਸਿੰਘ ਗਿਲਜ਼ੀਆਂ ਪਹਿਲਾਂ ਹੀ ਚੰਨੀ ਧੜੇ ਦੀ ਮੀਟਿੰਗ ’ਚ ਸ਼ਾਮਲ ਹੋ ਚੁੱਕੇ ਹਨ।
ਮਾਲਵੇ ’ਤੇ ਕੇਂਦਰਿਤ ਰਹੇਗਾ ਪਾਰਟੀ ਇੰਚਾਰਜ ਦਾ ਦੌਰਾ
ਭੁਪੇਸ਼ ਬਘੇਲ ਦੇ ਇਸ ਦੌਰੇ ਵਿੱਚ ਸਭ ਤੋਂ ਵੱਧ ਧਿਆਨ ਮਾਲਵੇ ਦੇ ਜ਼ਿਲ੍ਹਿਆਂ ’ਤੇ ਕੇਂਦਰਿਤ ਰੱਖਿਆ ਗਿਆ ਹੈ। ਦਿਲਚਸਪ ਗੱਲ ਇਹ ਹੈ ਕਿ ਇਸ ਪ੍ਰੋਗਰਾਮ ਵਿੱਚੋਂ ਮਾਝਾ ਖੇਤਰ ਪੂਰੀ ਤਰ੍ਹਾਂ ਗਾਇਬ ਹੈ ਅਤੇ ਦੁਆਬੇ ਵਿੱਚੋਂ ਵੀ ਮਹਿਜ਼ ਇੱਕ ਜ਼ਿਲ੍ਹਾ ਹੀ ਕਵਰ ਕੀਤਾ ਜਾਣਾ ਹੈ। ਵੜਿੰਗ ਵਿਰੋਧੀ ਧੜੇ ’ਚ ਮਾਝੇ ਤੇ ਦੁਆਬੇ ਦੇ ਆਗੂ ਭਾਰੂ ਹਨ। ਬਘੇਲ ਦੇ ਦੌਰੇ ਵਾਲੇ ਜ਼ਿਲ੍ਹਿਆਂ ਦੀ ਸੂਚੀ ਚੰਨੀ ਧੜੇ ਦੇ ਤਾਕਤ ਵਾਲੇ ਕੇਂਦਰਾਂ ਦੇ ਮੱਦੇਨਜ਼ਰ ਤਿਆਰ ਕੀਤੀ ਗਈ ਹੈ। ਬਘੇਲ ਦੇ ਦੌਰੇ ਦੌਰਾਨ ਚੰਨੀ ਧੜੇ ਦੇ ਆਗੂਆਂ ਦੀ ਸ਼ਮੂਲੀਅਤ ਕਾਂਗਰਸ ਵਿਚਲੇ ਸਿਆਸੀ ਕਲੇਸ਼ ਬਾਰੇ ਸਥਿਤੀ ਸਾਫ਼ ਕਰੇਗੀ।
