ਚੰਡੀਗੜ੍ਹ : ਭਾਰਤੀ ਮੌਸਮ ਵਿਭਾਗ (IMD) ਵੱਲੋਂ ਜਾਰੀ ਤਾਜ਼ਾ ਬੁਲੇਟਿਨ ਅਨੁਸਾਰ 30 ਜੁਲਾਈ ਤੱਕ ਪੰਜਾਬ ਭਰ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ 25 ਜੁਲਾਈ ਅਤੇ ਫਿਰ 28 ਤੋਂ 30 ਜੁਲਾਈ ਤੱਕ ਕਈ ਥਾਵਾਂ ‘ਤੇ ਹਲਕੇ ਤੋਂ ਦਰਮਿਆਨੇ ਮੀਂਹ ਦੀ ਉਮੀਦ ਹੈ, ਜਦੋਂ ਕਿ ਵਿਚਕਾਰਲੇ ਦੋ ਦਿਨਾਂ (26 ਤੇ 27 ਜੁਲਾਈ) ਦੌਰਾਨ ਕੁਝ ਥਾਵਾਂ ’ਤੇ ਛਿੱਟੇ ਪੈ ਸਕਦੇ ਹਨ। 25, 27 ਅਤੇ 30 ਜੁਲਾਈ ਨੂੰ ਸੂਬੇ ਵਿੱਚ ਕੁੱਝ ਥਾਵਾਂ ’ਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਦੇ ਮੱਦੇਨਜ਼ਰ ‘ਯੈਲੋ ਅਲਰਟ’ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ 28 ਅਤੇ 29 ਜੁਲਾਈ ਨੂੰ ਕੁਝ ਇਲਾਕਿਆਂ ਵਿੱਚ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਹੋ ਸਕਦੀ ਹੈ, ਜਿਸ ਲਈ ‘ਓਰੈਂਜ ਅਲਰਟ’ ਜਾਰੀ ਕੀਤਾ ਗਿਆ ਹੈ। ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਪਿਆ, ਜਦੋਂ ਕਿ ਕੁਝ ਥਾਵਾਂ ‘ਤੇ ਗਰਜ-ਚਮਕ ਅਤੇ ਤੇਜ਼ ਹਵਾਵਾਂ ਚੱਲੀਆਂ। ਮੌਸਮ ਵਿਭਾਗ ਨੇ ਪੰਜਾਬ ਵਿੱਚ ਮਾਨਸੂਨ ਦੀ ਗਤੀਵਿਧੀ ਨੂੰ ਆਮ ਕਰਾਰ ਦਿੱਤਾ ਹੈ। ਇਸ ਤੋਂ ਇਲਾਵਾ ਗੁਆਂਢੀ ਰਾਜਾਂ ਹਿਮਾਚਲ ਪ੍ਰਦੇਸ਼, ਉੱਤਰਾਖੰਡ ਅਤੇ ਜੰਮੂ-ਕਸ਼ਮੀਰ ਵਿੱਚ ਵੀ ਭਾਰੀ ਮੀਂਹ ਦਰਜ ਕੀਤਾ ਗਿਆ ਹੈ।
ਇਸ ਦੌਰਾਨ ਪੰਜਾਬ ਵਿੱਚ ਔਸਤਨ 6.6 ਮਿਲੀਮੀਟਰ ਮੀਂਹ ਪਿਆ, ਜਿਸ ਵਿੱਚ 24.6 ਮਿਲੀਮੀਟਰ ਬਾਰਿਸ਼ ਨਾਲ ਗੁਰਦਾਸਪੁਰ ਸਭ ਤੋਂ ਵੱਧ ਮੀਂਹ ਵਾਲਾ ਜ਼ਿਲ੍ਹਾ ਰਿਹਾ। ਇਸ ਤੋਂ ਬਾਅਦ ਮੁਕਤਸਰ ਵਿੱਚ 15.6 ਮਿਲੀਮੀਟਰ, ਫਰੀਦਕੋਟ ਵਿੱਚ 15.6 ਮਿਲੀਮੀਟਰ ਅਤੇ ਅੰਮ੍ਰਿਤਸਰ ਵਿੱਚ 14.4 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਮੁਹਾਲੀ, ਸੰਗਰੂਰ ਅਤੇ ਮਾਨਸਾ ਹੀ ਅਜਿਹੇ ਇਲਾਕੇ ਰਹੇ ਜਿੱਥੇ ਮੌਸਮ ਖੁਸ਼ਕ ਰਿਹਾ। ਸੂਬੇ ਵਿੱਚ ਦਿਨ ਅਤੇ ਰਾਤ ਦਾ ਤਾਪਮਾਨ ਆਮ ਵਾਂਗ ਰਿਹਾ, ਜਿਸ ਵਿੱਚ ਬਠਿੰਡਾ ਵਿੱਚ ਵੱਧ ਤੋਂ ਵੱਧ ਤਾਪਮਾਨ 36.6 ਡਿਗਰੀ ਸੈਲਸੀਅਸ ਅਤੇ ਪਠਾਨਕੋਟ ਵਿੱਚ ਘੱਟ ਤੋਂ ਘੱਟ ਤਾਪਮਾਨ 24.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
1 ਜੁਲਾਈ ਤੋਂ 24 ਜੁਲਾਈ ਦੀ ਸਵੇਰ ਤੱਕ ਪੰਜਾਬ ਵਿੱਚ 97.2 ਮਿਲੀਮੀਟਰ ਮੀਂਹ ਪਿਆ ਹੈ, ਜੋ ਕਿ ਇਸ ਮਿਆਦ ਦੇ ਲੌਂਗ ਪੀਰੀਅਡ ਐਵਰੇਜ (LPA) 125.8 ਮਿਲੀਮੀਟਰ ਦੇ ਮੁਕਾਬਲੇ 23 ਫ਼ੀਸਦੀ ਘੱਟ ਹੈ। ਇਸ ਹਫ਼ਤੇ ਦੇ ਸ਼ੁਰੂ ਵਿੱਚ ਇਹ ਘਾਟ 38 ਫ਼ੀਸਦੀ ਸੀ। 1 ਜੁਲਾਈ ਨੂੰ ਖੇਤਰ ਵਿੱਚ ਦਸਤਕ ਦੇਣ ਵਾਲਾ ਮਾਨਸੂਨ ਸੂਬੇ ਦੇ 17 ਜ਼ਿਲ੍ਹਿਆਂ ਵਿੱਚ ਐਲਪੀਏ ਨਾਲੋਂ ਘੱਟ ਰਿਹਾ ਹੈ, ਜਿੱਥੇ ਘਾਟ 71 ਫ਼ੀਸਦੀ ਤੱਕ ਹੈ। ਅੰਮ੍ਰਿਤਸਰ, ਫਰੀਦਕੋਟ, ਗੁਰਦਾਸਪੁਰ, ਮੋਗਾ ਅਤੇ ਪਠਾਨਕੋਟ ਹੀ ਅਜਿਹੇ ਜ਼ਿਲ੍ਹੇ ਹਨ ਜਿੱਥੇ ਮਾਨਸੂਨ ਹੁਣ ਤੱਕ ਐਲਪੀਏ ਤੋਂ ਵੱਧ ਰਿਹਾ ਹੈ।
ਮੌਸਮ ਵਿਭਾਗ ਅਨੁਸਾਰ ਮਾਨਸੂਨ ਦੀ ਟਰਫ਼ ਲਾਈਨ ਆਪਣੀ ਆਮ ਸਥਿਤੀ ਤੋਂ ਦੱਖਣ ਵੱਲ ਬਣੀ ਹੋਈ ਹੈ ਅਤੇ ਇੱਕ ਹੋਰ ਟਰਫ਼ ਦੱਖਣ-ਪੂਰਬੀ ਰਾਜਸਥਾਨ ਤੋਂ ਜੰਮੂ ਤੱਕ ਫੈਲੀ ਹੋਈ ਹੈ। ਇਸ ਤੋਂ ਇਲਾਵਾ ਮੱਧ ਪਾਕਿਸਤਾਨ ‘ਤੇ ਪੱਛਮੀ ਗੜਬੜੀ (Western Disturbance) ਵੀ ਸਰਗਰਮ ਹੈ। ਇਹਨਾਂ ਮੌਸਮੀ ਪ੍ਰਣਾਲੀਆਂ ਦੇ ਪ੍ਰਭਾਵ ਹੇਠ 30 ਜੁਲਾਈ ਤੱਕ ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਅਤੇ ਲੱਦਾਖ ਵਿੱਚ ਵੀ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲਣ ਵਾਲੀਆਂ ਤੇਜ਼ ਹਵਾਵਾਂ, ਗਰਜ-ਚਮਕ ਅਤੇ ਬਿਜਲੀ ਲਿਸ਼ਕਣ ਦੇ ਨਾਲ ਵਿਆਪਕ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਨ੍ਹਾਂ ਰਾਜਾਂ ਵਿੱਚ ਕੁਝ ਥਾਵਾਂ ‘ਤੇ ਭਾਰੀ ਤੋਂ ਬਹੁਤ ਭਾਰੀ ਮੀਂਹ ਵੀ ਪੈ ਸਕਦਾ ਹੈ।

