CJP Protest: Delhi Metro ਵੱਲੋਂ 16 ਸਟੇਸ਼ਨ ਬੰਦ

CJP Protest: Delhi Metro ਵੱਲੋਂ 16 ਸਟੇਸ਼ਨ ਬੰਦ

ਨਵੀਂ ਦਿੱਲੀ : ਦਿੱਲੀ ਵਿੱਚ ਕੌਕਰੋਚ ਜਨਤਾ ਪਾਰਟੀ ਦੇ ਪ੍ਰਦਰਸ਼ਨਾਂ ਦਰਮਿਆਨ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਦਿੱਲੀ ਮੈਟਰੋ ਰੇਲ ਨਿਗਮ (ਡੀ ਐੱਮ ਆਰ ਸੀ) ਨੇ 16 ਮੈਟਰੋ ਸਟੇਸ਼ਨਾਂ ਨੂੰ ਆਰਜ਼ੀ ਤੌਰ ’ਤੇ ਬੰਦ ਕਰ ਦਿੱਤਾ। ਹਾਲਾਂਕਿ ਦੇਰ ਸ਼ਾਮ ਦਿੱਲੀ ਮੈਟਰੋ ਵੱਲੋਂ ਇਨ੍ਹਾਂ ਸਾਰੇ ਮੈਟਰੋ ਸਟੇਸ਼ਨਾਂ ਖੋਲ੍ਹ ਦਿੱਤਾ ਗਿਆ। ਜਾਣਕਾਰੀ ਅਨੁਸਾਰ ਅੱਜ ਸਵੇਰੇ ਮੈਟਰੋ ਸਟੇਸ਼ਨ ਬੰਦ ਹੋਣ ਕਾਰਨ ਹਜ਼ਾਰਾਂ ਲੋਕਾਂ ਨੂੰ ਮੁਸ਼ਕਲਾਂ ਸਾਹਮਣਾ ਕਰਨਾ ਪਿਆ, ਕਿਉਂਕਿ ਦਿੱਲੀ ਮੈਟਰੋ ਹੁਣ ਭੀੜ ਤੋਂ ਬਚਣ ਅਤੇ ਸੌਖੇ ਤਰੀਕੇ ਨਾਲ ਆਪਣੀਆਂ ਮੰਜ਼ਿਲਾਂ ’ਤੇ ਜਾਣ ਦਾ ਸਾਧਨ ਬਣ ਚੁੱਕਾ ਹੈ। ਇਸ ਦੌਰਾਨ ਜੰਤਰ-ਮੰਤਰ ਦੇ ਨੇੜਲੇ ਇਲਾਕਿਆਂ ਵਿੱਚ ਇੰਟਰਨੈਟ ਸੇਵਾਵਾਂ ਬੰਦ ਹੋਣ ਕਾਰਨ ਲੋਕਾਂ ਨੂੰ ਹੋਰ ਸਮੱਸਿਆ ਆਈ, ਕਿਉਂ ਕਿ ਉਹ ਆਨਲਾਈਨ ਟੈਕਸੀ ਆਦਿ ਨਹੀਂ ਕਰ ਸਕੇ। ਜਾਣਕਾਰੀ ਅਨੁਸਾਰ ਦਿੱਲੀ ਮੈਟਰੋ ਰੇਲ ਨਿਗਮ ਨੇ ਅੱਜ ਸਵੇਰੇ ਲੋਕ ਕਲਿਆਣ ਮਾਰਗ, ਰਾਜੀਵ ਚੌਕ, ਪਟੇਲ ਚੌਕ, ਰਾਮਕ੍ਰਿਸ਼ਨ ਆਸ਼ਰਮ ਮਾਰਗ, ਬਾਰਾਖੰਬਾ ਰੋਡ, ਸੁਪਰੀਮ ਕੋਰਟ, ਸੇਵਾ ਤੀਰਥ, ਜਨਪਥ, ਮੰਡੀ ਹਾਊਸ, ਕੇਂਦਰੀ ਸਕੱਤਰੇਤ, ਆਈ ਟੀ ਓ, ਦਿੱਲੀ ਗੇਟ, ਇੰਦਰਪ੍ਰਸਥ, ਖਾਨ ਮਾਰਕੀਟ, ਜੋਰ ਬਾਗ ਅਤੇ ਸ਼ਿਵਾਜੀ ਸਟੇਡੀਅਮ ਮੈਟਰੋ ਸਟੇਸ਼ਨਾਂ ਨੂੰ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤਾ ਹੈ। ਡੀ ਐੱਮ ਆਰ ਸੀ ਦਾ ਇਹ ਕਦਮ ਜੰਤਰ-ਮੰਤਰ ’ਤੇ ਕੌਕਰੋਚ ਜਨਤਾ ਪਾਰਟੀ ਦੇ ਜਾਰੀ ਵਿਰੋਧ ਪ੍ਰਦਰਸ਼ਨ ਦੇ ਵਿਚਕਾਰ ਚੁੱਕਿਆ ਗਿਆ ਹੈ ਇਸ ਤੋਂ ਪਹਿਲਾਂ ਸੋਮਵਾਰ ਨੂੰ ਵੀ ਇਸੇ ਤਰ੍ਹਾਂ ਮੈਟਰੋ ਸੇਵਾਵਾਂ ਪ੍ਰਭਾਵਿਤ ਹੋਈਆਂ ਸਨ। ਹਾਲਾਂਕਿ ਦਿੱਲੀ ਮੈਟਰੋ ਨੇ ਕਿਹਾ ਕਿ ਤਿੰਨ ਅਹਿਮ ਸਟੇਸ਼ਨਾਂ ’ਤੇ ਇੰਟਰਚੇਂਜ ਸਹੂਲਤਾਂ ਉਪਲਬਧ ਰਹਿਣਗੀਆਂ, ਜਿਸ ਨਾਲ ਯਾਤਰੀਆਂ ਨੂੰ ਮੈਟਰੋ ਲਾਈਨਾਂ ਬਦਲਣ ਦੀ ਮਨਜ਼ੂਰੀ ਮਿਲੇਗੀ ਪਰ ਸਟੇਸ਼ਨ ਦੇ ਸਟੇਸ਼ਨ ਦੇ ਗੇਟ ਬੰਦ ਰਹਿਣਗੇ। ਇਸ ਦੌਰਾਨ ਯਾਤਰੀਆਂ ਨੇ ਦੱਸਿਆ ਕਿ ਕਈ ਰੂਟਾਂ ’ਤੇ ਮੈਟਰੋ ਸੇਵਾਵਾਂ ਜਾਰੀ ਸਨ, ਪਰ ਬੰਦ ਕੀਤੇ ਸਟੇਸ਼ਨਾਂ ’ਤੇ ਟ੍ਰੇਨਾਂ ਨਹੀਂ ਰੁਕੀਆਂ। ਇਸ ਕਾਰਨ ਯਾਤਰੀਆਂ ਕੋਲ ਅੱਗੇ ਜਾਣ ਅਤੇ ਫਿਰ ਸੜਕ ਰਸਤੇ ਤੋਂ ਵਾਪਸ ਮੁੜਨ ਤੋਂ ਇਲਾਵਾ ਕੋਈ ਬਦਲ ਨਹੀਂ ਬਚਿਆ। ਕੇਂਦਰੀ ਸਕੱਤਰੇਤ ਤੋਂ ਮੈਟਰੋ ’ਚ ਸਫ਼ਰ ਕਰਨ ਵਾਲੀ ਔਰਤ ਵ੍ਰਿੰਦਾ ਨੇ ਦੱਸਿਆ ਕਿ ਪ੍ਰਦਰਸ਼ਨਕਾਰੀ ਸਟੇਸ਼ਨ ਪਰਿਸਰ ਦੇ ਨੇੜੇ ਇਕੱਠੇ ਹੋ ਗਏ ਸਨ, ਜਿਸ ਨਾਲ ਯਾਤਰੀਆਂ ਦੇ ਵਿਚਕਾਰ ਭੁਲੇਖੇ ਦੀ ਸਥਿਤੀ ਪੈਦਾ ਹੋ ਗਈ। ਯੈਲੋ ਲਾਈਨ ’ਤੇ ਯਾਤਰਾ ਕਰ ਰਹੇ ਇੱਕ ਹੋਰ ਯਾਤਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਦਿੱਲੀ ਗੇਟ ਤੋਂ ਲੈ ਕੇ ਖਾਨ ਮਾਰਕੀਟ ਦੇ ਵਿਚਕਾਰ ਕਿਸੇ ਵੀ ਮੈਟਰੋ ਸਟੇਸ਼ਨ ’ਤੇ ਉਤਰਨ ਨਹੀਂ ਦਿੱਤਾ ਗਿਆ। ਬਿਨਾਂ ਕਿਸੇ ਅਗਾਊਂ ਸੂਚਨਾ ਦੇ ਲੋਕ ਇੱਥੇ ਫਸੇ ਹੋਏ ਹਨ। ਪੂਰੀ ਤਰ੍ਹਾਂ ਅਫਰਾ-ਤਫਰੀ ਦਾ ਮਾਹੌਲ ਹੈ। ਕਈ ਜਣਿਆਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਮੰਜ਼ਿਲ ਵਾਲੇ ਸਟੇਸ਼ਨ ਬੰਦ ਕਰ ਦਿੱਤੇ ਗਏ ਹਨ ਤਾਂ ਉਹ ਬਦਲਵੇਂ ਰਸਤੇ ਲੱਭਣ ਵਿੱਚ ਜੁਟ ਗਏ, ਜਿਸ ਨਾਲ ਉਨ੍ਹਾਂ ਨੂੰ ਦਫ਼ਤਰ, ਕਾਲਜ ਪਹੁੰਚਣ ਅਤੇ ਹੋਰ ਜ਼ਰੂਰੀ ਕੰਮਾਂ ਲਈ ਦੇਰੀ ਹੋਈ। ਚਾਲੂ ਸਟੇਸ਼ਨਾਂ ਦੇ ਬਾਹਰ ਕਈ ਲੋਕ ‘ਨੇਵੀਗੇਸ਼ਨ ਐਪ’ ਦੇਖਦੇ ਨਜ਼ਰ ਆਏ, ਜਦੋਂ ਕਿ ਕੁਝ ਆਪਣੇ ਪਰਿਵਾਰਕ ਮੈਂਬਰਾਂ ਨੂੰ ਫੋਨ ਕਰ ਰਹੇ ਸਨ। ਕਈ ਲੋਕ ਕੈਬ ਬੁੱਕ ਕਰਦੇ ਦਿਖੇ, ਉੱਥੇ ਹੀ ਬੱਸ ਸਟਾਪ ਅਤੇ ਆਟੋ-ਰਿਕਸ਼ਾ ਸਟੈਂਡਾਂ ’ਤੇ ਲੋਕਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਪ੍ਰਦਰਸ਼ਨ ਦੇ ਮੱਦੇਨਜ਼ਰ ਸੁਰੱਖਿਆ ਪ੍ਰਬੰਧਾਂ ਵਜੋਂ 16 ਮੈਟਰੋ ਸਟੇਸ਼ਨਾਂ ਨੂੰ ਬੰਦ ਕੀਤੇ ਜਾਣ ਨਾਲ ਦਫ਼ਤਰ ਜਾਣ ਦੇ ਰੁੱਝੇ ਸਮੇਂ ਵਿੱਚ ਮੱਧ ਦਿੱਲੀ ਵਿੱਚ ਯਾਤਰੀਆਂ ਦੀ ਆਵਾਜਾਈ ਵੱਡੇ ਪੱਧਰ ’ਤੇ ਪ੍ਰਭਾਵਿਤ ਹੋਈ। ਜ਼ਿਕਰਯੋਗ ਦੇ ਅਨੁਸਾਰ, ਰਾਜੀਵ ਚੌਕ, ਮੰਡੀ ਹਾਊਸ ਅਤੇ ਕੇਂਦਰੀ ਸਕੱਤਰੇਤ ਸਟੇਸ਼ਨਾਂ ’ਤੇ ਟ੍ਰੇਨ ਬਦਲਣ ਦੀ ਸਹੂਲਤ ਉਪਲਬਧ ਹੈ।

ਕੇਜਰੀਵਾਲ ਵੱਲੋਂ ਮੈਟਰੋ ਸਟੇਸ਼ਨ ਬੰਦ ਕਰਨ ਦੀ ਨਿਖੇਧੀ

ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਾਰੇ ਮੈਟਰੋ ਸਟੇਸ਼ਨ ਬੰਦ ਹੋਣ ਦੇ ਬਾਵਜੂਦ ਵੀ ਨੌਜਵਾਨ ਪ੍ਰਦਰਸ਼ਨਕਾਰੀ ਅੰਦੋਲਨ ’ਚ ਸ਼ਾਮਲ ਹੋਣ ਦਾ ਰਾਹ ਲੱਭ ਲੈਣਗੇ। ਕੇਜਰੀਵਾਲ ਨੇ ਕਈ ਮੈਟਰੋ ਸਟੇਸ਼ਨਾਂ ਨੂੰ ਬੰਦ ਕਰਨ ਦੀ ਆਲੋਚਨਾ ਕੀਤੀ ਅਤੇ ਕਿਹਾ ਕਿ ਅਜਿਹੇ ਕਦਮਾਂ ਨਾਲ ਪ੍ਰਦਰਸ਼ਨ ਹੋਰ ਮਜ਼ਬੂਤ ਹੋਵੇਗਾ। ਉਨ੍ਹਾਂ ਕਿਹਾ ਕਿ ਮੈਟਰੋ ਸਟੇਸ਼ਨਾਂ ਨੂੰ ਬੰਦ ਕਰਨਾ ਗਲਤ ਹੈ। ਸਰਕਾਰ ਵਿਦਿਆਰਥੀਆਂ ਅਤੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਦੀ ਜਿੰਨੀ ਕੋਸ਼ਿਸ਼ ਕਰੇਗੀ, ਅੰਦੋਲਨ ਓਨਾ ਹੀ ਵਧੇਗਾ।

Share: