ਲਾਠੀਚਾਰਜ ਬਾਰੇ ਸਵਾਲ ’ਤੇ ਪ੍ਰੈੱਸ ਕਾਨਫਰੰਸ ਛੱਡ ਗਏ CM Nayab Saini

ਲਾਠੀਚਾਰਜ ਬਾਰੇ ਸਵਾਲ ’ਤੇ ਪ੍ਰੈੱਸ ਕਾਨਫਰੰਸ ਛੱਡ ਗਏ CM Nayab Saini

ਰਾਜਪੁਰਾ : ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਰਾਜਪੁਰਾ ਵਿੱਚ ਸ੍ਰੀ ਜਗਨਨਾਥ ਯਾਤਰਾ ਨੂੰ ਝੰਡੀ ਦੇ ਕੇ ਰਵਾਨਾ ਕਰਨ ਮੌਕੇ ਪੰਜਾਬ ਦੀ ‘ਆਪ’ ਸਰਕਾਰ ਅਤੇ ਕਾਂਗਰਸ ’ਤੇ ਸਿਆਸੀ ਹਮਲੇ ਕੀਤੇ। ਭਾਜਪਾ ਦੇ ਹਲਕਾ ਇੰਚਾਰਜ ਜਗਦੀਸ਼ ਕੁਮਾਰ ਜੱਗਾ ਦੀ ਮੌਜੂਦਗੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੈਣੀ ਨੇ ਕਿਹਾ ਕਿ ‘ਆਪ’ ਅਤੇ ਕਾਂਗਰਸੀ ਇਕੋ ਥੈਲੀ ਦੇ ਚੱਟੇ-ਵੱਟੇ ਹਨ, ਜਦਕਿ ਅਰਵਿੰਦ ਕੇਜਰੀਵਾਲ ਕਾਂਗਰਸ ਨਾਲੋਂ ਵੀ ਵੱਡੇ ਭ੍ਰਿਸ਼ਟਾਚਾਰੀ ਹਨ।

ਉਨ੍ਹਾਂ ਦੋਸ਼ ਲਾਇਆ ਕਿ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਸਮੇਤ ਕੀਤੇ ਗਏ ਵਾਅਦਿਆਂ ਨੂੰ ਭਗਵੰਤ ਮਾਨ ਸਰਕਾਰ ਪੂਰਾ ਕਰਨ ਵਿੱਚ ਅਸਫ਼ਲ ਰਹੀ ਹੈ। ਸੈਣੀ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਰੁਜ਼ਗਾਰ ਦੇ ਮੁੱਦੇ ’ਤੇ ਵ੍ਹਾਈਟ ਪੇਪਰ ਜਾਰੀ ਕਰ ਕੇ ਲੋਕਾਂ ਨੂੰ ਅਸਲ ਹਾਲਤ ਤੋਂ ਜਾਣੂ ਕਰਵਾਏ। ਹਾਲਾਂਕਿ ਪ੍ਰੈੱਸ ਕਾਨਫਰੰਸ ਦੌਰਾਨ ਉਸ ਵੇਲੇ ਦਿਲਚਸਪ ਸਥਿਤੀ ਬਣ ਗਈ, ਜਦੋਂ ਪੱਤਰਕਾਰਾਂ ਨੇ ਦਿੱਲੀ ਦੇ ਜੰਤਰ ਮੰਤਰ ਵਿੱਚ ਵਿਦਿਆਰਥੀਆਂ ’ਤੇ ਹੋਏ ਲਾਠੀਚਾਰਜ ਸਬੰਧੀ ਸਵਾਲ ਪੁੱਛਣੇ ਸ਼ੁਰੂ ਕੀਤੇ। ਇਸ ਦੌਰਾਨ ਨਾਇਬ ਸਿੰਘ ਸੈਣੀ ਨੇ ਕੋਈ ਜਵਾਬ ਨਾ ਦਿੱਤਾ ਅਤੇ ਪੱਤਰਕਾਰਾਂ ਵੱਲੋਂ ਰੋਕੇ ਜਾਣ ਦੇ ਬਾਵਜੂਦ ਪ੍ਰੈੱਸ ਕਾਨਫਰੰਸ ਵਿਚਕਾਰ ਹੀ ਛੱਡ ਕੇ ਚਲੇ ਗਏ। ਇਸ ਘਟਨਾ ਨੂੰ ਲੈ ਕੇ ਸਿਆਸੀ ਗਲਿਆਰਿਆਂ ਵਿੱਚ ਚਰਚਾ ਛਿੜ ਗਈ ਕਿ ਮੁੱਖ ਮੰਤਰੀ ਵਿਰੋਧੀ ਸਵਾਲਾਂ ਦਾ ਸਾਹਮਣਾ ਕਰਨ ਤੋਂ ਬਚਦੇ ਨਜ਼ਰ ਆਏ।

Share: