ਆਸਟਰੇਲੀਆਈ ਯਾਤਰੀਆਂ ਲਈ ਵਿਦੇਸ਼ ਯਾਤਰਾ ਸਬੰਧੀ ਚਿਤਾਵਨੀ ਜਾਰੀ

ਆਸਟਰੇਲੀਆਈ ਯਾਤਰੀਆਂ ਲਈ ਵਿਦੇਸ਼ ਯਾਤਰਾ ਸਬੰਧੀ ਚਿਤਾਵਨੀ ਜਾਰੀ

ਸਿਡਨੀ : ਮੱਧ ਪੂਰਬ ਵਿੱਚ ਵਧ ਰਹੇ ਸੁਰੱਖਿਆ ਤਣਾਅ ਨੂੰ ਦੇਖਦਿਆਂ ਆਸਟਰੇਲੀਆ ਸਰਕਾਰ ਨੇ ਵਿਦੇਸ਼ ਯਾਤਰਾ ਸਬੰਧੀ ਯਾਤਰੀਆਂ ਨੂੰ ਅਪਡੇਟ ਕੀਤਾ ਹੈ। ਵਿਦੇਸ਼ ਮਾਮਲੇ ਅਤੇ ਵਪਾਰ ਵਿਭਾਗ ਨੇ ਆਸਟਰੇਲੀਆਈ ਨਾਗਰਿਕਾਂ ਨੂੰ ਜਾਰਡਨ, ਓਮਾਨ ਅਤੇ ਸਾਊਦੀ ਅਰਬ ਦੀ ਯਾਤਰਾ ਬਾਰੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਬਹਿਰੀਨ, ਕੂਵੈਤ, ਕਤਰ, ਸੰਯੁਕਤ ਅਰਬ ਅਮੀਰਾਤ ਅਤੇ ਇਸਰਾਈਲ ਲਈ ਵੀ ਉੱਚ ਪੱਧਰੀ ਸਾਵਧਾਨੀ ਜਾਰੀ ਕੀਤੀ ਹੈ। ਸਰਕਾਰ ਦੀ ਸਲਾਹ ਅਨੁਸਾਰ ਇਸ ਵੇਲੇ 6 ਦੇਸ਼ਾਂ ਇਰਾਨ, ਇਰਾਕ, ਲੈਬਨਾਨ, ਸੀਰੀਆ, ਯਮਨ ਅਤੇ ਫ਼ਲਸਤੀਨ ਲਈ “ਬਿਲਕੁਲ ਯਾਤਰਾ ਨਾ ਕਰੋ” ਬਾਰੇ ਕਿਹਾ ਹੈ। ਜਦੋਂ ਕਿ ਦੂਜੇ ਪਾਸੇ 8 ਦੇਸ਼ਾਂ ਲਈ “ਯਾਤਰਾ ਦੀ ਲੋੜ ਬਾਰੇ ਮੁੜ ਵਿਚਾਰ ਕਰੋ” ਬਾਰੇ ਰਾਏ ਦਿੱਤੀ ਹੈ। ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਸੁਰੱਖਿਆ ਹਾਲਾਤ ਕਿਸੇ ਵੀ ਸਮੇਂ ਬਦਲ ਸਕਦੇ ਹਨ। ਜਿਸ ਕਾਰਨ ਹਵਾਈ ਖੇਤਰ ਬੰਦ ਹੋ ਸਕਦੇ ਹਨ, ਉਡਾਣਾਂ ਰੱਦ ਜਾਂ ਦੇਰੀ ਦਾ ਸ਼ਿਕਾਰ ਹੋ ਸਕਦੀਆਂ ਹਨ। ਸਰਹੱਦਾਂ ਵੀ ਅਚਾਨਕ ਬੰਦ ਕੀਤੀਆਂ ਜਾ ਸਕਦੀਆਂ ਹਨ। ਯਾਤਰੀਆਂ ਨੂੰ ਆਪਣੀ ਹਵਾਈ ਕੰਪਨੀ ਨਾਲ ਉਡਾਣ ਦੀ ਪੁਸ਼ਟੀ ਕਰਨ, ਯਾਤਰਾ ਬੀਮੇ ਦੀਆਂ ਸ਼ਰਤਾਂ ਪੜ੍ਹਨ ਅਤੇ ਰਵਾਨਗੀ ਤੋਂ ਪਹਿਲਾਂ ਸਰਕਾਰੀ ਯਾਤਰਾ ਸਲਾਹ ਦੀ ਜਾਂਚ ਕਰਨ ਦੀ ਸਲਾਹ ਦਿੱਤੀ ਗਈ ਹੈ। ਇਸ ਨਵੀਂ ਚਿਤਾਵਨੀ ਦਾ ਅਸਰ ਹਜ਼ਾਰਾਂ ਆਸਟਰੇਲੀਆਈ ਯਾਤਰੀਆਂ ‘ਤੇ ਪੈ ਸਕਦਾ ਹੈ, ਖ਼ਾਸ ਕਰਕੇ ਉਨ੍ਹਾਂ ‘ਤੇ ਜੋ ਯੂਰਪ ਜਾਣ ਲਈ ਮੱਧ ਪੂਰਬ ਦੇ ਹਵਾਈ ਅੱਡਿਆਂ ਰਾਹੀਂ ਸਫ਼ਰ ਕਰਦੇ ਹਨ। ਯਾਤਰਾ ਮਾਹਿਰਾਂ ਦਾ ਕਹਿਣਾ ਹੈ ਕਿ ਹਾਲਾਤ ਸਧਾਰਨ ਹੋਣ ਤੱਕ ਯਾਤਰਾ ਯੋਜਨਾਵਾਂ ਸੋਚ-ਸਮਝ ਕੇ ਬਣਾਉਣੀਆਂ ਚਾਹੀਦੀਆਂ ਹਨ।

Share: