ਹਰਮੁਜ਼ ਜਲ ਮਾਰਗ ਤੋਂ ਲੰਘਣ ਵਾਲੇ ਹਰ ਸਾਮਾਨ ’ਤੇ ਲੱਗੇਗਾ 20 ਫੀਸਦੀ ਟੈਕਸ: ਟਰੰਪ

ਹਰਮੁਜ਼ ਜਲ ਮਾਰਗ ਤੋਂ ਲੰਘਣ ਵਾਲੇ ਹਰ ਸਾਮਾਨ ’ਤੇ ਲੱਗੇਗਾ 20 ਫੀਸਦੀ ਟੈਕਸ: ਟਰੰਪ

ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਹਰਮੁਜ਼ ਜਲ ਮਾਰਗ (ਸਟਰੇਟ ਆਫ਼ ਹੋਰਮੁਜ਼) ਤੋਂ ਲੰਘਣ ਵਾਲੇ ਸਾਰੇ ਵਪਾਰਕ ਸਾਮਾਨ (ਕਾਰਗੋ) ‘ਤੇ 20 ਫ਼ੀਸਦੀ ਟੈਕਸ ਲਗਾਉਣ ਦੇ ਐਲਾਨ ਤੋਂ ਬਾਅਦ ਭਾਰਤ ਦੀ ਸਪਲਾਈ ਚੇਨ ਲਈ ਵੱਡਾ ਖ਼ਤਰਾ ਪੈਦਾ ਹੋ ਗਿਆ ਹੈ। ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸਪੈਸ਼ਲ ’ਤੇ ਪੋਸਟ ਕੀਤਾ ਕਿ ਹੁਣ ਤੋਂ ਅਮਰੀਕਾ ਨੂੰ ਹਰਮੁਜ਼ ਜਲ ਮਾਰਗ ਦਾ ਰੱਖਿਅਕ ਮੰਨਿਆ ਜਾਵੇਗਾ ਅਤੇ ਇਸ ਬੇਹੱਦ ਸੰਵੇਦਨਸ਼ੀਲ ਇਲਾਕੇ ਨੂੰ ਸੁਰੱਖਿਆ ਦੇਣ ਦੇ ਬਦਲੇ ਸਾਰੇ ਸਾਮਾਨ ’ਤੇ 20 ਫ਼ੀਸਦੀ ਦੀ ਦਰ ਨਾਲ ਫੀਸ ਵਸੂਲੀ ਜਾਵੇਗੀ, ਜਿਸ ਦੀ ਪ੍ਰਕਿਰਿਆ ਤੁਰੰਤ ਸ਼ੁਰੂ ਹੋ ਰਹੀ ਹੈ।

ਉਨ੍ਹਾਂ ਸਪਸ਼ਟ ਕੀਤਾ ਕਿ ਇਹ ਜਲ ਮਾਰਗ ਖੁੱਲ੍ਹਾ ਰਹੇਗਾ ਪਰ ਇਰਾਨੀ ਜਹਾਜ਼ਾਂ ਦੀ ਆਵਾਜਾਈ ਨੂੰ ਰੋਕਣ ਲਈ ਅਮਰੀਕਾ ਦੁਬਾਰਾ ਨਾਕਾਬੰਦੀ (ਬਲਾਕੇਡ) ਸ਼ੁਰੂ ਕਰ ਰਿਹਾ ਹੈ, ਜਦੋਂ ਕਿ ਬਾਕੀ ਦੇਸ਼ ਇਸ ਰਸਤੇ ਦੀ ਵਰਤੋਂ ਕਰ ਸਕਣਗੇ। ਇਸ ਫੈਸਲੇ ਨਾਲ ਭਾਰਤ ਵਿੱਚ ਮਾਲ ਭਾੜਾ ਵਧੇਗਾ, ਕੱਚੇ ਤੇਲ ਦੀਆਂ ਕੀਮਤਾਂ ਉੱਪਰ ਜਾਣਗੀਆਂ ਅਤੇ ਖਾਦ ਤੇ ਐਲਐਨਜੀ (LNG) ਦੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗੀ। ਇਸ ਫੈਸਲੇ ਦਾ ਭਾਰਤ ਦੇ ਊਰਜਾ ਅਤੇ ਖੇਤੀਬਾੜੀ ਖੇਤਰ ‘ਤੇ ਸਿੱਧਾ ਅਸਰ ਪਵੇਗਾ। ਭਾਰਤ ਆਪਣੀ ਲੋੜ ਦੀ 50 ਫ਼ੀਸਦੀ ਤੋਂ ਵੱਧ ਐਲਐਨਜੀ (ਤਰਲ ਕੁਦਰਤੀ ਗੈਸ) ਅਤੇ 35 ਤੋਂ 50 ਫ਼ੀਸਦੀ ਕੱਚਾ ਤੇਲ ਇਸੇ ਹਰਮੁਜ਼ ਜਲ ਮਾਰਗ ਰਾਹੀਂ ਮੰਗਵਾਉਂਦਾ ਹੈ। 20 ਫ਼ੀਸਦੀ ਟੈਕਸ ਅਤੇ ਸਮੁੰਦਰੀ ਯੁੱਧ-ਜੋਖਮ ਬੀਮੇ (ਵਾਰ-ਰਿਸਕ ਇੰਸ਼ੋਰੈਂਸ) ਦੇ ਵਧਣ ਨਾਲ ਇਹ ਬਾਲਣ ਭਾਰਤ ਪਹੁੰਚਦਿਆਂ ਹੀ ਬਹੁਤ ਮਹਿੰਗਾ ਹੋ ਜਾਵੇਗਾ। ਇਸ ਤੋਂ ਇਲਾਵਾ, ਭਾਰਤ ਖਾਦਾਂ ਅਤੇ ਉਨ੍ਹਾਂ ਦੇ ਕੱਚੇ ਮਾਲ ਦੀ ਵੱਡੀ ਮਾਤਰਾ ਖਾੜੀ ਦੇਸ਼ਾਂ ਤੋਂ ਹੀ ਆਯਾਤ ਕਰਦਾ ਹੈ, ਜਿਸ ਕਾਰਨ ਪਰਸ਼ੀਅਨ ਖਾੜੀ ਵਿੱਚ ਪੈਦਾ ਹੋਈ ਇਸ ਰੁਕਾਵਟ ਨਾਲ ਖੇਤੀਬਾੜੀ ਦੀਆਂ ਲਾਗਤਾਂ ਬਹੁਤ ਵਧ ਜਾਣਗੀਆਂ।

ਅਮਰੀਕੀ ਟੈਕਸ ਅਤੇ ਸੁਰੱਖਿਆ ਖ਼ਤਰਿਆਂ ਤੋਂ ਬਚਣ ਲਈ ਜੇਕਰ ਜਹਾਜ਼ਾਂ ਨੂੰ ‘ਕੇਪ ਆਫ਼ ਗੁੱਡ ਹੋਪ’ (ਅਫ਼ਰੀਕਾ ਦੇ ਹੇਠੋਂ ਦੀ) ਵਰਗੇ ਬਦਲਵੇਂ ਰੂਟਾਂ ਰਾਹੀਂ ਭੇਜਿਆ ਜਾਂਦਾ ਹੈ ਤਾਂ ਇਸ ਨਾਲ ਸਮੁੰਦਰੀ ਸਫ਼ਰ ਦਾ ਸਮਾਂ 10 ਤੋਂ 15 ਦਿਨ ਵਧ ਜਾਵੇਗਾ ਅਤੇ ਬੁਨਿਆਦੀ ਮਾਲ ਭਾੜੇ ਦੀਆਂ ਕੀਮਤਾਂ ਵਿੱਚ 30 ਫ਼ੀਸਦੀ ਤੱਕ ਦਾ ਭਾਰੀ ਵਾਧਾ ਹੋਵੇਗਾ। ਟਰਾਂਸਪੋਰਟੇਸ਼ਨ ਅਤੇ ਕੱਚੇ ਮਾਲ ਦੇ ਮਹਿੰਗੇ ਹੋਣ ਕਾਰਨ ਭਾਰਤ ਵਿੱਚ ਮਹਿੰਗਾਈ ਦਾ ਦਬਾਅ ਹੋਰ ਵਧੇਗਾ।

ਦੇਸ਼ ਦੀ ਕੁੱਲ ਥੋਕ ਅਤੇ ਰਿਟੇਲ ਮਹਿੰਗਾਈ ਜੋ ਹਾਲ ਹੀ ਵਿੱਚ 4.38 ਫ਼ੀਸਦੀ ਦਰਜ ਕੀਤੀ ਗਈ ਸੀ, ਇਸ ਨਵੇਂ ਸੰਕਟ ਕਾਰਨ ਹੋਰ ਉੱਪਰ ਜਾਣ ਦੀ ਪੂਰੀ ਸੰਭਾਵਨਾ ਹੈ।

Share: