ਨਹਿਰ ਵਿੱਚ ਡੁੱਬਦੇ ਦੋਸਤ ਨੂੰ ਬਚਾਉਂਦਿਆਂ ਤਪਾ ਮੰਡੀ ਦੇ ਨੌਜਵਾਨ ਦੀ ਮੌਤ

ਨਹਿਰ ਵਿੱਚ ਡੁੱਬਦੇ ਦੋਸਤ ਨੂੰ ਬਚਾਉਂਦਿਆਂ ਤਪਾ ਮੰਡੀ ਦੇ ਨੌਜਵਾਨ ਦੀ ਮੌਤ

ਤਪਾ ਮੰਡੀ : ਕੈਨੇਡਾ ਤੋਂ ਇੱਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਨਹਿਰ ਵਿੱਚ ਡੁੱਬਦੇ ਆਪਣੇ ਦੋਸਤ ਨੂੰ ਬਚਾਉਣ ਦੀ ਕੋਸ਼ਿਸ਼ ਕਰਦਿਆਂ ਤਪਾ ਮੰਡੀ ਦਾ 26 ਸਾਲਾ ਨੌਜਵਾਨ ਲਵਪ੍ਰੀਤ ਸਿੰਘ ਵੀ ਆਪਣੀ ਜਾਨ ਗਵਾ ਬੈਠਾ। ਮ੍ਰਿਤਕ ਨੌਜਵਾਨ ਪੰਜਾਬ ਦੇ ਜ਼ਿਲ੍ਹਾ ਬਰਨਾਲਾ ਦੇ ਸ਼ਹਿਰ ਤਪਾ ਮੰਡੀ (ਘੁੰਨਸ ਰੋਡ) ਦਾ ਰਹਿਣ ਵਾਲਾ ਸੀ।

ਘਟਨਾ ਉਸ ਵੇਲੇ ਦੀ ਦੱਸੀ ਜਾ ਰਹੀ ਹੈ ਜਦੋਂ ਕੈਨੇਡਾ ਦੇ ਸ਼ਹਿਰ ਮਾਂਟਰੀਅਲ ਦੀ ਲਾਚੀਨ ਨਹਿਰ ਦੇ ਕਿਨਾਰੇ ਲਵਪ੍ਰੀਤ ਸਿੰਘ ਦੇ ਦੋਸਤ ਦਾ ਅਚਾਨਕ ਪੈਰ ਫ਼ਿਸਲ ਗਿਆ ਅਤੇ ਉਹ ਨਹਿਰ ਵਿੱਚ ਡਿੱਗ ਗਿਆ। ਜਦੋਂ ਲਵਪ੍ਰੀਤ ਸਿੰਘ ਨੂੰ ਇਸ ਘਟਨਾ ਦਾ ਪਤਾ ਲੱਗਿਆ ਤਾਂ ਉਸ ਨੇ ਆਪਣੇ ਦੋਸਤ ਨੂੰ ਬਚਾਉਣ ਲਈ ਤੁਰੰਤ ਨਹਿਰ ਵਿੱਚ ਛਾਲ ਮਾਰ ਦਿੱਤੀ। ਪਰ ਅਫ਼ਸੋਸ, ਦੋਸਤ ਨੂੰ ਬਚਾਉਂਦਿਆਂ ਲਵਪ੍ਰੀਤ ਸਿੰਘ ਖ਼ੁਦ ਵੀ ਪਾਣੀ ਦੇ ਤੇਜ਼ ਵਹਾਅ ਵਿੱਚ ਡੁੱਬ ਗਿਆ। ਕੈਨੇਡਾ ਪ੍ਰਸ਼ਾਸਨ ਵੱਲੋਂ ਕਈ ਘੰਟਿਆਂ ਦੀ ਭਾਰੀ ਮੁਸ਼ੱਕਤ ਤੋਂ ਬਾਅਦ ਦੋਵਾਂ ਨੂੰ ਨਹਿਰ ਵਿੱਚੋਂ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ, ਪਰ ਉੱਥੇ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਦਰਦਨਾਕ ਖ਼ਬਰ ਨੇ ਸਾਬਕਾ ਫ਼ੌਜੀ ਬਲਵੀਰ ਸਿੰਘ ਦੇ ਪੂਰੇ ਗੁਰਸਿੱਖ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ।

ਜ਼ਮੀਨ ਵੇਚ ਕੇ ਭੇਜਿਆ ਸੀ ਵਿਦੇਸ਼

ਪਰਿਵਾਰ ਦਾ ਇਕਲੌਤਾ ਪੁੱਤ ਲਵਪ੍ਰੀਤ ਸਿੰਘ ਕਰੀਬ ਦੋ-ਢਾਈ ਸਾਲ ਪਹਿਲਾਂ ਹੀ ਵਰਕ ਪਰਮਿਟ ’ਤੇ ਕੈਨੇਡਾ ਦੇ ਮਾਂਟਰੀਅਲ ਸ਼ਹਿਰ ਗਿਆ ਸੀ, ਜਿੱਥੇ ਉਹ ਇੱਕ ਕੰਪਨੀ ਵਿੱਚ ਬਤੌਰ ਟਰਾਲਾ ਡਰਾਈਵਰ ਕੰਮ ਕਰ ਰਿਹਾ ਸੀ। ਲਵਪ੍ਰੀਤ 12ਵੀਂ ਜਮਾਤ ਪਾਸ ਕਰਨ ਤੋਂ ਬਾਅਦ ਆਪਣੇ ਮਾਪਿਆਂ ਦੇ ਸੁਪਨੇ ਸਾਕਾਰ ਕਰਨ ਲਈ ਵਿਦੇਸ਼ ਗਿਆ ਸੀ। ਪੁੱਤ ਨੂੰ ਕੈਨੇਡਾ ਭੇਜਣ ਲਈ ਸੀ.ਆਰ.ਪੀ.ਐਫ. (CRPF) ਵਿੱਚੋਂ ਸੇਵਾਮੁਕਤ ਹੋਏ ਫ਼ੌਜੀ ਪਿਤਾ ਬਲਵੀਰ ਸਿੰਘ ਨੇ ਆਪਣੀ ਹਿੱਸੇ ਆਉਂਦੀ ਪੌਣੇ ਦੋ (ਤੇ ਪਰਿਵਾਰ ਦੀ ਢਾਈ) ਏਕੜ ਜ਼ਮੀਨ ਵੇਚ ਕੇ 29 ਲੱਖ ਰੁਪਏ ਦਾ ਇੰਤਜ਼ਾਮ ਕੀਤਾ ਸੀ। ਇਕਲੌਤੇ ਭਰਾ ਦੀ ਮੌਤ ਤੋਂ ਬਾਅਦ ਜਿੱਥੇ ਭੈਣ ਦਾ ਰੋ-ਰੋ ਕੇ ਬੁਰਾ ਹਾਲ ਹੈ, ਉੱਥੇ ਹੀ ਮਾਪਿਆਂ ਦੇ ਦੇਖੇ ਸਾਰੇ ਸੁਪਨੇ ਚਕਨਾਚੂਰ ਹੋ ਗਏ ਹਨ। ਮ੍ਰਿਤਕ ਲਵਪ੍ਰੀਤ ਸਿੰਘ ਨੇ ਮਹਿਜ਼ 10 ਦਿਨ ਪਹਿਲਾਂ ਹੀ ਫ਼ੋਨ ’ਤੇ ਆਪਣੇ ਪਰਿਵਾਰ ਨਾਲ ਗੱਲਬਾਤ ਕੀਤੀ ਸੀ।

ਸਰਕਾਰਾਂ ਅਤੇ NRI ਭਾਈਚਾਰੇ ਅੱਗੇ ਗੁਹਾਰ

ਰੋਂਦੇ-ਕੁਰਲਾਉਂਦੇ ਮਾਪਿਆਂ ਨੇ ਕੇਂਦਰ ਸਰਕਾਰ, ਪੰਜਾਬ ਸਰਕਾਰ, ਕੈਨੇਡਾ ਸਰਕਾਰ ਸਮੇਤ ਵਿਦੇਸ਼ਾਂ ਵਿੱਚ ਬੈਠੇ ਐਨ.ਆਰ.ਆਈ. (NRI) ਭਾਈਚਾਰੇ ਅਤੇ ਸਮਾਜ ਸੇਵੀਆਂ ਨੂੰ ਹੱਥ ਜੋੜ ਕੇ ਮਦਦ ਦੀ ਗੁਹਾਰ ਲਗਾਈ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਇਕਲੌਤੇ ਪੁੱਤ ਦੀ ਮ੍ਰਿਤਕ ਦੇਹ ਕੈਨੇਡਾ ਤੋਂ ਪੰਜਾਬ (ਤਪਾ ਮੰਡੀ) ਲਿਆਉਣ ਵਿੱਚ ਸਹਿਯੋਗ ਕੀਤਾ ਜਾਵੇ, ਤਾਂ ਜੋ ਉਹ ਧਾਰਮਿਕ ਰੀਤੀ-ਰਿਵਾਜਾਂ ਅਨੁਸਾਰ ਆਪਣੇ ਪੁੱਤ ਦਾ ਅੰਤਿਮ ਸੰਸਕਾਰ ਕਰ ਸਕਣ। ਲਵਪ੍ਰੀਤ ਦੇ ਪਰਿਵਾਰ ਵਿੱਚ ਹੁਣ ਸਿਰਫ਼ ਉਸ ਦੇ ਪਿਤਾ, ਮਾਤਾ ਅਤੇ ਇਕਲੌਤੀ ਭੈਣ ਰਹਿ ਗਏ ਹਨ।

ਸਿਆਸੀ ਆਗੂਆਂ ਵੱਲੋਂ ਦੁੱਖ ਦਾ ਪ੍ਰਗਟਾਵਾ

ਇਸ ਹਾਦਸੇ ਵਿੱਚ ਜਾਨ ਗਵਾਉਣ ਵਾਲੇ ਦੂਜੇ ਨੌਜਵਾਨ ਦਾ ਨਾਂ (ਜੋ ਸੂਤਰਾਂ ਮੁਤਾਬਕ ਪੂਰੀ ਤਰ੍ਹਾਂ ਸਪਸ਼ਟ ਨਹੀਂ ਹੋ ਸਕਿਆ) ਪਰ ਉਸ ਦੇ ਮਾਤਾ-ਪਿਤਾ ਦੀ ਪਛਾਣ ਪਿਤਾ ਸੁਖਰਾਜ ਸਿੰਘ ਅਤੇ ਮਾਤਾ ਜਸਵੰਤ ਕੌਰ ਵਜੋਂ ਹੋਈ ਹੈ, ਜੋ ਪਿੰਡ ਬੁਤਾਲਾ/ਨੌਰੰਗਪੁਰ, ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਇਸ ਮੰਦਭਾਗੀ ਘਟਨਾ ‘ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਮੰਡੇਰ ਨੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਲਵਪ੍ਰੀਤ ਦੀ ਦੇਹ ਪੰਜਾਬ ਲਿਆਉਣ ਲਈ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ। ਉਨ੍ਹਾਂ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜੇਕਰ ਪੰਜਾਬ ਅੰਦਰ ਰੁਜ਼ਗਾਰ ਦੇ ਯੋਗ ਸਾਧਨ ਹੋਣ, ਤਾਂ ਸਾਡੇ ਨੌਜਵਾਨਾਂ ਨੂੰ ਵਿਦੇਸ਼ਾਂ ਵੱਲ ਕੂਚ ਨਾ ਕਰਨਾ ਪਵੇ।

ਇਸ ਮੌਕੇ ਮ੍ਰਿਤਕ ਦੇ ਪਿਤਾ ਬਲਵੀਰ ਸਿੰਘ, ਮਾਤਾ ਵੀਰਪਾਲ ਕੌਰ, ਮਾਮਾ ਗੁਰਤੇਜ ਸਿੰਘ, ਗੁਰਦੀਪ ਸਿੰਘ, ਇੰਦਰਜੀਤ ਸਿੰਘ, ਜਸਕਰਨ ਸਿੰਘ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਵਾਈਸ ਪ੍ਰਧਾਨ ਪ੍ਰਿੰਸੀਪਲ ਬਲਦੇਵ ਸਿੰਘ, ਹਰਪ੍ਰੀਤ ਸਿੰਘ, ਜਸਨਪ੍ਰੀਤ ਸਿੰਘ, ਮੱਖਣ ਸਿੰਘ, ਜਥੇਦਾਰ ਲਖਵੀਰ ਸਿੰਘ ਧਾਲੀਵਾਲ, ਮਲਕੀਤ ਸਿੰਘ ਅਤੇ ਗ੍ਰੰਥੀ ਕੁਲਦੀਪ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।

Share: