ਗੁਰਦੁਆਰਾ ਟੁੱਟੀ ਗੰਢੀ ਬਣਿਆ ਜਲ ਸੰਭਾਲ ਦੀ ਮਿਸਾਲ

ਗੁਰਦੁਆਰਾ ਟੁੱਟੀ ਗੰਢੀ ਬਣਿਆ ਜਲ ਸੰਭਾਲ ਦੀ ਮਿਸਾਲ

ਸ੍ਰੀ ਮੁਕਤਸਰ ਸਾਹਿਬ : ਧਰਤੀ ਹੇਠਲੇ ਡਿੱਗ ਰਹੇ ਪਾਣੀ ਦੇ ਪੱਧਰ ਅਤੇ ਜਲ ਸੰਕਟ ਦੇ ਸਥਾਈ ਹੱਲ ਲਈ ਇਤਿਹਾਸਕ ਨਗਰ ਸ੍ਰੀ ਮੁਕਤਸਰ ਸਾਹਿਬ ਦੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਵਿਖੇ ਸ਼ਲਾਘਾਯੋਗ ਅਤੇ ਵਿਗਿਆਨਕ ਕਦਮ ਚੁੱਕਿਆ ਗਿਆ ਹੈ। ਪਰਿਕਰਮਾ ਦੀ ਧੁਆਈ ਅਤੇ ਬਾਰਿਸ਼ ਦੇ ਕੀਮਤੀ ਪਾਣੀ ਨੂੰ ਸੀਵਰੇਜ ਵਿੱਚ ਵਹਾਅ ਕੇ ਬਰਬਾਦ ਕਰਨ ਦੀ ਬਜਾਏ, ਹੁਣ ਹਾਈਡ੍ਰੋਲੋਜੀਕਲ ਮਾਹਿਰਾਂ ਦੀ ਦੇਖ-ਰੇਖ ਹੇਠ ਚਾਰ ਵੱਡੇ ‘ਡੀਪ ਇਕੁਈਫਰ ਰੀਚਾਰਜ ਪ੍ਰਾਜੈਕਟ’ ਸਫ਼ਲਤਾਪੂਰਵਕ ਸਥਾਪਤ ਕੀਤੇ ਗਏ ਹਨ। ਇਹ ਪ੍ਰਾਜੈਕਟ ਆਲੇ-ਦੁਆਲੇ ਦੇ ਖੇਤਰਾਂ ਲਈ ਪਾਣੀ ਬਚਾਉਣ ਅਤੇ ਜ਼ਮੀਨੀ ਪਾਣੀ ਦਾ ਪੱਧਰ ਉੱਚਾ ਚੁੱਕਣ ਲਈ ਮਾਡਲ ਵਜੋਂ ਉੱਭਰਿਆ ਹੈ। ਪ੍ਰਾਜੈਕਟ ਨੂੰ ਪੂਰੀ ਤਰ੍ਹਾਂ ਵਿਗਿਆਨਕ ਅਤੇ ਜਿਓ-ਹਾਈਡ੍ਰੋਲੋਜੀਕਲ ਨਿਯਮਾਂ ਅਨੁਸਾਰ ਤਿਆਰ ਕੀਤਾ ਗਿਆ ਹੈ ਤਾਂ ਜੋ ਬਿਨਾਂ ਕਿਸੇ ਪ੍ਰਦੂਸ਼ਣ ਦੇ ਸ਼ੁੱਧ ਪਾਣੀ ਸਿੱਧਾ ਧਰਤੀ ਦੇ ਡੂੰਘੇ ਜਲ-ਭੰਡਾਰਾਂ ਤੱਕ ਪਹੁੰਚ ਸਕੇ। ਦਰਬਾਰ ਸਾਹਿਬ ਦੇ ਮੈਨੇਜਰ ਨਿਰਮਲ ਸਿੰਘ ਅਤੇ ਵਾਤਾਵਰਣ ਪ੍ਰੇਮੀ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਪਹਿਲਾਂ ਦਰਬਾਰ ਸਾਹਿਬ ਦਾ ਸਾਰਾ ਪਾਣੀ ਸੀਵਰੇਜ ਵਿੱਚ ਜਾਂਦਾ ਸੀ ਅਤੇ ਅਕਸਰ ਸੀਵਰੇਜ ਬੰਦ ਰਹਿਣ ਕਰਕੇ ਬਜ਼ਾਰ ਵਿੱਚ ਪਾਣੀ ਭਰ ਜਾਂਦਾ ਸੀ। ਕੈਨੇਡਾ ਦੇ ਵਾਤਾਵਰਣ ਪ੍ਰੇਮੀ ਹਰਮਿੰਦਰ ਸਿੰਘ ਦੇ ਪਰਿਵਾਰ ਨੇ ਆਪਣੀ ਮਾਤਾ ਦੀ ਯਾਦ ਵਿੱਚ ਪਰਿਕਰਮਾ ਅੰਦਰ ਚਾਰ ਵੱਡੇ ਬੋਰ ਕੀਤੇ ਹਨ, ਜਿਨ੍ਹਾਂ ਵਿੱਚ ਰੇਤਾ, ਰੋੜੀ ਅਤੇ ਗਟਕਾ ਪਾਇਆ। ਉਪਰ ਜਾਲੀ ਲਾਈ ਗਈ ਹੈ।

ਇਸ ਤਰ੍ਹਾਂ ਕੂੜਾ ਉਪਰ ਰਹਿ ਜਾਂਦਾ ਹੈ ਅਤੇ ਸਾਫ ਪਾਣੀ ਧਰਤੀ ’ਚ ਚਲਾ ਜਾਂਦਾ ਹੈ। ਵਾਤਾਵਰਨ ਪ੍ਰੇਮੀ ਅੰਮ੍ਰਿਤਪਾਲ ਸਿੰਘ, ਡਾ. ਸੀਮਾ ਗੋਇਲ ਹੋਰਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਮੰਗ ਕੀਤੀ ਹੈ ਕਿ ਇਹ ਪ੍ਰਾਜੈਕਟ ਹਰ ਸਰਕਾਰੀ ਇਮਾਰਤ ਅਤੇ ਧਾਰਮਿਕ ਅਦਾਰਿਆਂ ’ਚ ਲਾਗੂ ਕੀਤਾ ਜਾਵੇ ਤਾਂ ਜੋ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਉੱਚਾ ਚੁੱਕਿਆ ਜਾ ਸਕੇ।

Share: