ਨਵੀਂ ਦਿੱਲੀ : ਮਮਤਾ ਬੈਨਰਜੀ ਦੀ ਅਗਵਾਈ ਵਾਲੇ ਤ੍ਰਿਣਮੂਲ ਕਾਂਗਰਸ ਦੇ ਧੜੇ ਨੇ ਸੋਮਵਾਰ ਨੂੰ ਚੋਣ ਕਮਿਸ਼ਨ ਕੋਲ ਦਾਖਲ ਜਵਾਬ ਵਿੱਚ ਬਾਗ਼ੀ ਧੜੇ ਵੱਲੋਂ ਪਾਰਟੀ ਨੂੰ ਲੈ ਕੇ ਕੀਤੇ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੇ ਸੰਵਿਧਾਨ ਤਹਿਤ ਆਲ ਇੰਡੀਆ ਤ੍ਰਿਣਮੂਲ ਕਾਂਗਰਸ (ਏ ਆਈ ਟੀ ਸੀ) ਦੀਆਂ ਜਥੇਬੰਦਕ ਕਮੇਟੀਆਂ 2027 ਤੱਕ ਵੈਧ ਰਹਿਣਗੀਆਂ।
ਚੋਣ ਕਮਿਸ਼ਨ ਕੋਲ ਜਵਾਬ ਦਾਅਵਾ ਦਾਖ਼ਲ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਤ੍ਰਿਣਮੂਲ ਸੰਸਦ ਮੈਂਬਰ ਕਲਿਆਣ ਬੈਨਰਜੀ ਨੇ ਕਿਹਾ ਕਿ ਪਾਰਟੀ ਨੇ ਬਾਗ਼ੀ ਆਗੂ ਰਿਤਾਬ੍ਰਤ ਬੈਨਰਜੀ ਵੱਲੋਂ ਕੀਤੇ ਦਾਅਦੇ ਦੇ ਸਬੰਧ ਵਿੱਚ ਚੋਣ ਕਮਿਸ਼ਨ ਕੋਲ ‘ਬਹੁਤ ਤਫ਼ਸੀਲ ’ਚ ਜਵਾਬ’ ਦਾਖ਼ਲ ਕੀਤਾ ਹੈ। ਬੈਨਰਜੀ ਨੇ ਬਾਗ਼ੀ ਧੜੇ ਦੇ ਮੁੱਖ ਦਾਅਵੇ ਕਿ ਏ ਆਈ ਟੀ ਸੀ ਕਮੇਟੀ ਤੇ ਕੌਮੀ ਵਰਕਿੰਗ ਕਮੇਟੀ ਦੀ ਮਿਆਦ 2025 ਵਿੱਚ ਖ਼ਤਮ ਹੋ ਗਈ ਸੀ, ਨੂੰ ਖਾਰਜ ਕਰਦਿਆਂ ਕਿਹਾ ਕਿ ਪਾਰਟੀ ਦੇ ਸੰਵਿਧਾਨ ਵਿੱਚ ਸਮੇਂ-ਸਮੇਂ ’ਤੇ ਸੋਧ ਕੀਤੀ ਗਈ ਹੈ, 2000 ਵਿੱਚ ਕਾਰਜਕਾਲ ਤਿੰਨ ਸਾਲ ਤੋਂ ਵਧਾ ਕੇ ਚਾਰ ਸਾਲ ਅਤੇ ਮਗਰੋਂ 2006 ਵਿੱਚ ਪੰਜ ਸਾਲ ਕਰ ਦਿੱਤਾ ਗਿਆ ਹੈ। ਚੋਣ ਕਮਿਸ਼ਨ ਨੂੰ ਇਨ੍ਹਾਂ ਤਬਦੀਲੀਆਂ ਬਾਰੇ ਸੂਚਿਤ ਕੀਤਾ ਗਿਆ ਸੀ।
ਬੈਨਰਜੀ ਨੇ ਕਿਹਾ, ‘‘ਆਖਰੀ ਜਥੇਬੰਦਕ ਚੋਣ 2022 ਵਿੱਚ ਹੋਈ ਸੀ। ਇਸ ਲਈ, ਏ ਆਈ ਟੀ ਸੀ ਅਤੇ ਕੌਮੀ ਵਰਕਿੰਗ ਕਮੇਟੀ ਦਾ ਕਾਰਜਕਾਲ ਆਪਣੇ ਆਪ ਪੰਜ ਸਾਲਾਂ ਤੱਕ ਵਧ ਜਾਂਦਾ ਹੈ। ਇਹ 2027 ਵਿੱਚ ਖਤਮ ਹੋ ਜਾਵੇਗਾ।’’ ਕਮੇਟੀ ਦਾ ਕਾਰਜਕਾਲ 2025 ਵਿੱਚ ਖਤਮ ਹੋਣ ਦਾ ਦੋਸ਼ ‘ਗਲਤ ਹੈ ਅਤੇ ਪਾਰਟੀ ਦੇ ਸੰਵਿਧਾਨਕ ਪ੍ਰਬੰਧਾਂ ਮੁਤਾਬਕ ਨਹੀਂ ਹੈ।’’ ਉਨ੍ਹਾਂ ਦਲੀਲ ਦਿੱਤੀ ਕਿ ਬਾਗ਼ੀ ਆਗੂਆਂ ਨੇ ਖੁਦ ਪਾਰਟੀ ਦੀ ਮੌਜੂਦਾ ਲੀਡਰਸ਼ਿਪ ਦੇ ਅਧਿਕਾਰ ਨੂੰ ਸਵੀਕਾਰ ਕੀਤਾ ਸੀ, ਕਿਉਂਕਿ ਉਨ੍ਹਾਂ ਨੇ 2026 ਦੀਆਂ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਪਾਰਟੀ ਚੇਅਰਪਰਸਨ ਮਮਤਾ ਬੈਨਰਜੀ ਵੱਲੋਂ ਦਸਤਖ਼ਤ ਕੀਤੇ ਨਾਮਜ਼ਦਗੀ ਪੱਤਰਾਂ ਦੀ ਵਰਤੋਂ ਕਰ ਕੇ ਟੀ ਐੱਮ ਸੀ ਦੇ ਚੋਣ ਨਿਸ਼ਾਨ ’ਤੇ ਲੜੀਆਂ ਸਨ। ਬੈਨਰਜੀ ਨੇ ਕਿਹਾ, ‘‘ਜੇ ਉਹ ਕਹਿੰਦੇ ਹਨ ਕਿ 2025 ਤੋਂ ਬਾਅਦ ਪਾਰਟੀ ਦੀ ਹੋਂਦ ਖਤਮ ਹੋ ਗਈ, ਤਾਂ ਉਨ੍ਹਾਂ ਨੇ ਕਿਸ ਆਧਾਰ ’ਤੇ ਚੋਣ ਲੜੀ? ਉਨ੍ਹਾਂ ਦੀ ਆਪਣੀ ਦਲੀਲ ਉਨ੍ਹਾਂ ਦੀ ਚੋਣ ਨੂੰ ਗੈਰ-ਕਾਨੂੰਨੀ ਬਣਾਉਂਦੀ ਹੈ। ਉਨ੍ਹਾਂ ਨੂੰ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਹੈ।’’ ਬਾਗ਼ੀ ਧੜੇ ਵੱਲੋਂ 22 ਜੂਨ ਨੂੰ ਸੱਦਿਆ ‘ਵਿਸ਼ੇਸ਼ ਇਜਲਾਸ’, ਜਿਸ ਵਿੱਚ ਪਾਰਟੀ ਦੇ ਜਥੇਬੰਦਕ ਢਾਂਚੇ ਦੇ ਪੁਨਰਗਠਨ ਦਾ ਦਾਅਵਾ ਕੀਤਾ ਗਿਆ ਸੀ, ਏ ਆਈ ਟੀ ਸੀ ਸੰਵਿਧਾਨ ਦੀ ਖ਼ਿਲਾਫ਼ਵਰਜ਼ੀ ਸੀ।

