ਦੇਸ਼ ਦੇ ਕੁਝ ਹਿੱਸਿਆਂ ਵਿੱਚ ਮੌਨਸੂਨ ਦੇ ਮੀਂਹ ਨੇ ਭਾਰੀ ਤਬਾਹੀ ਮਚਾਈ ਹੈ ਜਿਸ ਕਾਰਨ ਹਿਮਾਚਲ ਅਤੇ ਮਹਾਰਾਸ਼ਟਰ ’ਚ ਕਈ ਜਾਨਾਂ ਚਲੀਆਂ ਗਈਆਂ ਹਨ। ਮੋਹਲੇਧਾਰ ਮੀਂਹ ਅਤੇ ਢਿੱਗਾਂ ਡਿੱਗਣ ਕਾਰਨ ਰੇਲ ਅਤੇ ਸੜਕ ਆਵਾਜਾਈ ਠੱਪ ਹੋ ਗਈ। ਉੜੀਸਾ ਦੇ ਕਈ ਸ਼ਹਿਰਾਂ ’ਚ ਹੜ੍ਹ ਵਰਗੇ ਹਾਲਾਤ ਬਣ ਗਏ ਹਨ। ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਲਈ ਕਈ ਸੂਬਿਆਂ ’ਚ ਮੋਹਲੇਧਾਰ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਹੈ।
ਮੌਨਸੂਨ ਦਾ ਕਹਿਰ ਮਹਾਰਾਸ਼ਟਰ ’ਤੇ ਟੁੱਟਿਆ ਹੈ। ਪੁਣੇ ’ਚ ਤਿੰਨ ਹੋਰ ਮੌਤਾਂ ਹੋਣ ਨਾਲ ਸੂਬੇ ’ਚ ਹੁਣ ਤੱਕ 16 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਮੁੰਬਈ, ਠਾਣੇ ਅਤੇ ਰਾਏਗੜ੍ਹ ਲਈ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਢਿੱਗਾਂ ਡਿੱਗਣ ਕਾਰਨ ਮੁੰਬਈ-ਪੁਣੇ ਰੇਲ ਮਾਰਗ ਅਤੇ ਐਕਸਪ੍ਰੈੱਸਵੇਅ ਬੰਦ ਕਰ ਦਿੱਤੇ ਗਏ ਹਨ। ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਸੂਬੇ ਲਈ ਵੱਡੀ ਕੁਦਰਤੀ ਆਫ਼ਤ ਕਰਾਰ ਦਿੱਤਾ ਹੈ। ਉਧਰ ਹਿਮਾਚਲ ਪ੍ਰਦੇਸ਼ ਦੇ ਚੰਬਾ ’ਚ ਪਹਾੜੀ ਤੋਂ ਪੱਥਰ ਡਿੱਗਣ ਕਾਰਨ 14 ਵਰ੍ਹਿਆਂ ਦੀ ਲੜਕੀ ਦੀ ਮੌਤ ਹੋ ਗਈ। ਚੰਬਾ ਅਤੇ ਕੁੱਲੂ ਜ਼ਿਲ੍ਹਿਆਂ ’ਚ ਅਚਾਨਕ ਆਏ ਹੜ੍ਹਾਂ ਕਾਰਨ ਕਈ ਮੁੱਖ ਸੜਕਾਂ ਬੰਦ ਹੋ ਗਈਆਂ ਹਨ। ਮੌਸਮ ਵਿਭਾਗ ਨੇ ਹਿਮਾਚਲ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਉੜੀਸਾ ’ਚ ਲਗਾਤਾਰ ਤੀਜੇ ਦਿਨ ਮੀਂਹ ਪੈਣ ਕਾਰਨ ਪੂਰੇ ਸੂਬੇ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ। ਕਟਕ ਅਤੇ ਸੰਬਲਪੁਰ ਸਮੇਤ ਕਈ ਜ਼ਿਲ੍ਹਿਆਂ ’ਚ ਸਕੂਲ ਅਤੇ ਕਾਲਜ ਬੰਦ ਕਰ ਦਿੱਤੇ ਗਏ ਹਨ। ਸੋਨਪੁਰ ’ਚ ਸਭ ਤੋਂ ਵੱਧ 328.4 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਮਛੇਰਿਆਂ ਨੂੰ ਸਮੁੰਦਰ ਵਿੱਚ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ।

