ਰਾਮ ਮੰਦਰ ਟਰੱਸਟ ਵੱਲੋਂ ਚੰਪਤ ਰਾਏ ਦਾ ਅਸਤੀਫਾ ਮਨਜ਼ੂਰ

ਰਾਮ ਮੰਦਰ ਟਰੱਸਟ ਵੱਲੋਂ ਚੰਪਤ ਰਾਏ ਦਾ ਅਸਤੀਫਾ ਮਨਜ਼ੂਰ

ਅਯੁੱਧਿਆ : ਸ੍ਰੀਰਾਮ ਮੰਦਰ ਦੇ ਚੜ੍ਹਾਵੇ ਤੇ ਦਾਨ ਵਸਤਾਂ ’ਚ ਕਥਿਤ ਹੇਰਾਫੇਰੀ ਨਾਲ ਜੁੜੇ ਵਿਵਾਦ ਦਰਮਿਆਨ ਸ੍ਰੀ ਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਨੇ ਸੋਮਵਾਰ ਨੂੰ ਜਨਰਲ ਸਕੱਤਰ ਚੰਪਤ ਰਾਏ ਤੇ ਟਰੱਸਟੀ ਅਨਿਲ ਮਿਸ਼ਰਾ ਦੇ ਅਸਤੀਫ਼ਿਆਂ ਨੂੰ ਪ੍ਰਵਾਨ ਕਰ ਲਿਆ। ਟਰੱਸਟ ਨੇ ਮੈਂਬਰ ਕ੍ਰਿਸ਼ਨਾ ਮੋਹਨ ਨੂੰ ਨਵੇਂ ਜਨਰਲ ਸਕੱਤਰ ਦੀ ਚੋਣ ਤੱਕ ਕਾਰਜਕਾਰੀ ਵਜੋਂ ਸੇਵਾਵਾਂ ਨਿਭਾਉਣ ਦੀ ਜ਼ਿੰਮੇਵਾਰੀ ਸੌਂਪੀ ਹੈ। ਟਰੱਸਟੀਆਂ ਨੇ ਮੰਦਰ ਟਰੱਸਟ ਲਈ ਮੁੱਖ ਕਾਰਜਕਾਰੀ ਅਧਿਕਾਰੀ (ਸੀ ਈ ਓ) ਦੀ ਚੋਣ ਵਾਸਤੇ ਤਿੰਨ ਮੈਂਬਰੀ ਕਮੇਟੀ ਬਣਾਉਣ ਦਾ ਵੀ ਐਲਾਨ ਕੀਤਾ ਹੈ। ਇਸ ਕਮੇਟੀ ਵਿੱਚ ਸਾਬਕਾ ਜੱਜ ਪ੍ਰਮੋਦ ਕੋਹਲੀ, ਸੇਵਾ ਮੁਕਤ ਲੈਫਟੀਨੈਂਟ ਜਨਰਲ ਵਿਸ਼ਨੂਕਾਂਤ ਚਤੁਰਵੇਦੀ ਤੇ ਟਰੱਸਟੀ ਸੁਰੇਸ਼ ਹਵਾਰੇ ਸ਼ਾਮਲ ਹੋਣਗੇ।

ਟਰੱਸਟ ਦੇ ਖਜ਼ਾਨਚੀ ਗੋਵਿੰਦ ਗਿਰੀ ਨੇ ਤਿੰਨ ਘੰਟੇ ਤੱਕ ਚੱਲੀ ਮੀਟਿੰਗ ਉਪਰੰਤ ਮੰਦਰ ਦੇ ਚੜ੍ਹਾਵੇ ’ਚੋਂ ਚੋਰੀ ਨੂੰ ਟਰੱਸਟ ਲਈ ‘ਦੁੱਖ ਤੇ ਸ਼ਰਮਿੰਦਗੀ’ ਦਾ ਵਿਸ਼ਾ ਦੱਸਿਆ। ਉਨ੍ਹਾਂ ਕਿਹਾ ਕਿ ਇਸ ਵਿਵਾਦ ਨੇ ਸਦੀਆਂ ਦੇ ਸੰਘਰਸ਼ ਤੇ ਅਣਗਿਣਤ ਕੁਰਬਾਨੀਆਂ ’ਤੇ ਬੁਰਾ ਅਸਰ ਪਾਇਆ ਹੈ। ਗਿਰੀ ਨੇ ਹਾਲਾਂਕਿ ਕਿਹਾ ਕਿ ਟਰੱਸਟ ਨੇ ਚੰਪਤ ਰਾਏ ਦਾ ਅਸਤੀਫ਼ਾ ਪ੍ਰਵਾਨ ਕਰਨ ਦੇ ਬਾਵਜੂਦ ਉਨ੍ਹਾਂ ਵੱਲੋਂ ਰਾਮ ਮੰਦਰ ਅੰਦੋਲਨ ਤੇ ਉਸਾਰੀ ਵਿੱਚ ਪਾਏ ਯੋਗਦਾਨ ਦੀ ਇਕਮੱਤ ਨਾਲ ਤਾਰੀਫ਼ ਕੀਤੀ ਹੈ। ਗਿਰੀ ਨੇ ਕਿਹਾ ਕਿ ਰਾਏ ਨੇ ਸਵੈ-ਇੱਛਾ ਨਾਲ ਅਹੁਦਾ ਛੱਡਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਟਰੱਸਟ, ਮੰਦਰ ਨੂੰ ਚੜ੍ਹਾਵੇ ’ਚ ਮਿਲੀਆਂ ਵਸਤਾਂ ਦਾ ਸਾਰਾ ਰਿਕਾਰਡ ਰੱਖਦਾ ਹੈ ਤੇ ਦਾਨ ’ਚ ਮਿਲੀ ਹਰੇਕ ਆਈਟਮ ਸੁਰੱਖਿਅਤ ਹੈ। ਜੇ ਕੋਈ ਤਸਦੀਕ ਕਰਨਾ ਚਾਹੁੰਦਾ ਹੈ ਤਾਂ ਟਰੱਸਟ ਸਾਰਾ ਰਿਕਾਰਡ ਤੇ ਦਾਨ ’ਚ ਮਿਲੀਆਂ ਵਸਤਾਂ ਦਿਖਾਉਣ ਲਈ ਤਿਆਰ ਹੈ। ਖ਼ਜ਼ਾਨਚੀ ਨੇ ਕਿਹਾ ਕਿ ਕ੍ਰਿਸ਼ਨਾ ਮੋਹਨ, ਜਿਨ੍ਹਾਂ ਨੂੰ ਅੰਤਰਿਮ ਜਨਰਲ ਸਕੱਤਰ ਦੀ ਵਾਧੂ ਜ਼ਿੰਮੇਵਾਰੀ ਦਿੱਤੀ ਗਈ ਹੈ, ਨੂੰ ਆਪਣੀ ਟੀਮ ਚੁਣਨ ਦੀ ਪੂਰੀ ਖੁੱਲ੍ਹ ਰਹੇਗੀ ਤੇ ਉਹ ਪਾਰਦਰਸ਼ਤਾ ਯਕੀਨੀ ਬਣਾਉਣ ਤੇ ਪ੍ਰਸ਼ਾਸਕੀ ਪ੍ਰਬੰਧ ਨੂੰ ਮਜ਼ਬੂਤ ਕਰਨ ਦੇ ਉਪਰਾਲਿਆਂ ਦੀ ਦੇਖ ਰੇਖ ਕਰਨਗੇ। ਗਿਰੀ ਨੇ ਕਿਹਾ ਕਿ ਟਰੱਸਟ 22 ਜੁਲਾਈ ਨੂੰ ਮੁੜ ਮੀਟਿੰਗ ਕਰੇਗਾ ਤੇ ਉਮੀਦ ਕੀਤੀ ਜਾਂਦੀ ਹੈ ਕਿ ਵਿਸ਼ੇਸ਼ ਜਾਂਚ ਟੀਮ ਉਦੋਂ ਤੱਕ ਆਪਣੀ ਅੰਤਿਮ ਰਿਪੋਰਟ ਸੌਂਪ ਦੇਵੇਗੀ। ਅਗਲੀ ਬੈਠਕ ਵਿੱਚ ਵਾਧੂ ਟਰੱਸਟੀਆਂ ਦੀ ਨਿਯੁਕਤੀ ਬਾਰੇ ਵੀ ਚਰਚਾ ਕੀਤੀ ਜਾਵੇਗੀ। ਗਿਰੀ ਨੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਉਹ ਕੂੜ ਪ੍ਰਚਾਰ ਤੋਂ ਬਚਣ ਅਤੇ ਦਾਨ ਕੀਤੀਆਂ ਵਸਤਾਂ ਬਾਰੇ ਸ਼ੱਕ ਹੋਣ ’ਤੇ ਟਰੱਸਟ ਦਫ਼ਤਰ ਨਾਲ ਸੰਪਰਕ ਕਰ ਸਕਦੇ ਹਨ।

ਉਧਰ, ਨਵਨਿਯੁਕਤ ਅੰਤਰਿਮ ਜਨਰਲ ਸਕੱਤਰ ਕ੍ਰਿਸ਼ਨ ਮੋਹਨ ਨੇ ਮੀਟਿੰਗ ਮਗਰੋਂ ਕਿਹਾ ਕਿ ਜੋ ਕੋਈ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ਼ ਢੁੱਕਵੀਂ ਕਾਰਵਾਈ ਕੀਤੀ ਜਾਵੇਗੀ। ਸਾਰੇ ਟਰੱਸਟੀ ਲੋਕਾਂ ਦਾ ਭਰੋਸਾ ਬਹਾਲ ਕਰਨ ਅਤੇ ਰਾਮ ਮੰਦਰ ਟਰੱਸਟ ਦੇ ਉਦੇਸ਼ਾਂ ਅਨੁਸਾਰ ਸ਼ਰਧਾਲੂਆਂ ਵੱਲੋਂ ਦਿੱਤੇ ਚੜ੍ਹਾਵੇ ਦਾ ਪ੍ਰਬੰਧਨ ਕਰਨ ਲਈ ਕੰਮ ਕਰਨਗੇ।

ਰਾਮ ਮੰਦਰ ਕੰਪਲੈਕਸ ਅੰਦਰਲੇ ਗੈਸਟ ਹਾਊਸ ਵਿੱਚ ਹੋਈ ਮੀਟਿੰਗ ’ਚ ਟਰੱਸਟ ਦੇ ਚੇਅਰਮੈਨ ਨ੍ਰਿਤਿਆ ਗੋਪਾਲ ਦਾਸ ਸਣੇ ਨੌਂ ਸਥਾਈ ਮੈਂਬਰਾਂ ’ਚੋਂ ਸੱਤ ਜਣੇ ਮੌਜੂਦ ਸਨ। ਰਾਏ ਤੇ ਮਿਸ਼ਰਾ ਬੈਠਕ ਵਿੱਚ ਸ਼ਾਮਲ ਨਹੀਂ ਸਨ। ਉਧਰ, ਪੁਲੀਸ ਨੇ ਹੁਣ ਤੱਕ ਅੱਠ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਚੜ੍ਹਾਵੇ ਦੀ ਸਾਂਭ ਸੰਭਾਲ ਤੇ ਗਿਣਤੀ ਕਰਨ ਵਿੱਚ ਸ਼ਾਮਲ ਸਨ। ਐੱਫ ਆਈ ਆਰ ’ਚ ਕਿਸੇ ਵੀ ਟਰੱਸਟੀ ਦਾ ਨਾਮ ਸ਼ਾਮਲ ਨਹੀਂ ਹੈ।

Share: