Municipal Corporation Elections: ਹੁਸ਼ਿਆਰਪੁਰ ਨਿਗਮ ’ਤੇ ਆਮ ਆਦਮੀ ਪਾਰਟੀ ਦਾ ਕਬਜ਼ਾ

Municipal Corporation Elections: ਹੁਸ਼ਿਆਰਪੁਰ ਨਿਗਮ ’ਤੇ ਆਮ ਆਦਮੀ ਪਾਰਟੀ ਦਾ ਕਬਜ਼ਾ

ਹੁਸ਼ਿਆਰਪੁਰ : ਹੁਸ਼ਿਆਰਪੁਰ ਨਗਰ ਨਿਗਮ ਦੀਆਂ ਚੋਣਾਂ ’ਚ ਆਮ ਆਦਮੀ ਪਾਰਟੀ ਨੇ ਹੂੰਝਾ ਫੇਰ ਜਿੱਤ ਪ੍ਰਾਪਤ ਕੀਤੀ ਹੈ। 50 ਵਿਚੋਂ 35 ਵਾਰਡਾਂ ’ਚ ਪਾਰਟੀ ਦੇ ਉਮੀਦਵਾਰ ਜੇਤੂ ਰਹੇ ਹਨ। ਕਾਂਗਰਸ ਨੂੰ 9 ਅਤੇ ਭਾਜਪਾ ਨੂੰ 3 ਸੀਟਾਂ ਹਾਸਲ ਹੋਈਆਂ ਹਨ। 3 ਸੀਟਾਂ ਤੋਂ ਆਜ਼ਾਦ ਉਮੀਦਵਾਰ ਜਿੱਤੇ ਹਨ। ਸ਼੍ਰ੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਆਪਣਾ ਖਾਤਾ ਵੀ ਨਹੀਂ ਖੋਲ ਸਕੀਆਂ। ਹਲਕਾ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਦਾ ਭਰਾ ਅਤੇ ਕੈਬਨਿਟ ਮੰਤਰੀ ਰਵਜੋਤ ਸਿੰਘ ਦਾ ਪੀਏ ਆਪਣੇ-ਆਪਣੇ ਵਾਰਡਾਂ ’ਚੋਂ ਜਿੱਤ ਗਏ

ਸਾਬਕਾ ਮੇਅਰ ਸੁਰਿੰਦਰ ਕੁਮਾਰ ਅਤੇ ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ ਵੀ ਆਪਣੇ ਵਾਰਡਾਂ ’ਚੋਂ ਜੇਤੂ ਰਹੇ। ਬਹੁਮਤ ਹਾਸਲ ਕਰਨ ਨਾਲ ਹੁਣ ਆਮ ਆਦਮੀ ਪਾਰਟੀ ਵਲੋਂ ਆਪਣਾ ਮੇਅਰ ਬਣਾਉਣਾ ਹੁਣ ਤੈਅ ਹੈ। ਅੱਜ ਦੇ ਨਤੀਜਿਆਂ ਦੀ ਜਿੱਤ ਨੇ ‘ਆਪ’ ਸਰਕਾਰ ਦੀ ਪੈਠ ਮਜ਼ਬੂਤ ਕੀਤੀ ਹੈ। ਇਸ ਚੋਣ ਨੂੰ ਜਿੱਤਣ ਲਈ ਵਿਧਾਇਕ ਬ੍ਰਹਮ ਸ਼ੰਕਰ ਨੇ ਪੂਰੀ ਵਾਹ ਲਾ ਦਿੱਤੀ ਸੀ ਅਤੇ ਇਸ ਆਪਣੇ ਵੱਕਾਰ ਦਾ ਸਵਾਲ ਬਣਾਇਆ ਹੋਇਆ ਸੀ। ਇਸ ਤੋ ਪਹਿਲਾਂ ਵੋਟਿੰਗ ਦੌਰਾਨ ਅੱਜ ਸ਼ਹਿਰ ਦੇ ਕੁੱਲ ਵੋਟਰਾਂ ਵਿਚੋ 60.5 ਫ਼ੀਸਦ ਨੇ ਹੀ ਆਪਣੀ ਦੇ ਹੱਕ ਦਾ ਇਸਤੇਮਾਲ ਕੀਤਾ। ਵੋਟਾਂ ਦਾ ਕੰਮ ਸ਼ਾਂਤਮਈ ਢੰਗ ਨਾਲ ਪੁੂਰਾ ਹੋਇਆ। ਮੀਂਹ ਕਾਰਨ ਸਵੇਰ ਵੇਲੇ ਵੋਟਿੰਗ ਦੀ ਰਫਤਾਰ ਕਾਫੀ ਘੱਟ ਰਹੀ ਪਰ ਮੌਸਮ ਖੁੱਲਣ ਜਾਣ ਤੋ ਬਾਅਦ ਪੋਲਿੰਗ ਬੂਥਾਂ ’ਤੇ ਵੋਟਰਾਂ ਦੀਆਂ ਕਤਾਰਾਂ ਲੱਗਣੀਆਂ ਸ਼ੁਰੂ ਹੋ ਗਈਆਂ। ਚੋਣ ਕਮਿਸ਼ਨ ਵਲੋਂ ਨਿਯੁਕਤ ਕੀਤੇ ਚੋਣ ਅਬਜ਼ਰਬਰ ਸੇਨੂ ਦੁੱਗਲ ਅਤੇ ਵਧੀਕ ਡਿਪਟੀ ਕਮਿਸ਼ਨਰ ਨਿਕਾਸ ਕੁਮਾਰ ਨੇ ਵੱਖ-ਵੱਖ ਪੋਲਿੰਗ ਬੂਥ ’ਤੇ ਜਾ ਕੇ ਵੋਟਿੰਗ ਦੇ ਕੰਮ ਦਾ ਜਾਇਜ਼ਾ ਲਿਆ। ਇਸੇ ਦੌਰਾਨ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਆਸ਼ਿਕਾ ਜੈਨ ਨੇ ਚੋਣ ਡਿਊਟੀ ਵਿਚ ਤੈਨਾਤ ਪ੍ਰਜਾਈਡਿੰਗ ਅਫਸਰਾਂ, ਪੋਲਿੰਗ ਅਫਸਰਾਂ, ਸੈਕਟਰ ਅਧਿਕਾਰੀਆਂ ਤੇ ਗਰੁੱਪ ਡੀ ਦੇ ਮੁਲਜ਼ਮਾਂ ਲਈ 6 ਜੁਲਾਈ ਦੀ ਛੁੱਟੀ ਦਾ ਐਲਾਨ ਕੀਤਾ ਹੈ।

ਵੱਖ-ਵੱਖ ਵਾਰਡਾਂ ਤੋਂ ਜੇਤੂ ਉਮੀਦਵਾਰਾਂ ਦਾ ਵੇਰਵਾ

ਚੋਣ ਨਤੀਜਿਆਂ ਮੁਤਾਬਕ ਵਾਰਡ 1 ਤੋਂ ਆਜ਼ਾਦ ਉਮੀਦਵਾਰ ਰਜਨੀ ਬਾਲਾ, ਵਾਰਡ 2 ਤੋਂ ਰਮੇਸ਼ ਕੁਮਾਰ (ਕਾਂਗਰਸ), ਵਾਰਡ 3 ਤੋਂ ਰਜਨੀ ਕੌਰ (ਆਪ), ਵਾਰਡ 4 ਤੋਂ ਜਤਿੰਦਰ ਸਿੰਘ ਸੈਣੀ (ਭਾਜਪਾ), ਵਾਰਡ 5, 7, 8, 9 ਤੇ 10 ਕ੍ਰਮਵਾਰ ਪ੍ਰਵੀਨ ਸੈਣੀ, ਨਰਿੰਦਰ ਕੌਰ, ਮੁਖੀ ਰਾਮ ਰੱਲ, ਗੁਰਬਖਸ਼ ਕੌਰ ਰੱਲ ਤੇ ਜਸਪਾਲ ਚੇਚੀ (ਸਾਰੇ ਆਪ), ਵਾਰਡ 6 ਤੇ 11 ਤੋਂ ਅਸ਼ੋਕ ਕੁਮਾਰ ਤੇ ਰਿੰਪੀ ਚੌਹਾਨ (ਕਾਂਗਰਸ), 12, 13, 14, 15, 16, 17, 18, 19, 20, 21 ਤੇ 22 ਤੋਂ ਕ੍ਰਮਵਾਰ ਸੰਦੀਪ ਚੇਚੀ, ਜਤਿੰਦਰ ਕੌਰ, ਬਲਵਿੰਦਰ ਕੁਮਾਰ, ਚੰਦਰਾਵਤੀ, ਕਮਲਜੀਤ ਸਿੰਘ (ਆਪ), ਅਮਨਪ੍ਰੀਤ ਕੌਰ (ਆਪ), ਸੁਰਿੰਦਰ ਕੁਮਾਰ ਸ਼ਿੰਦਾ, ਮਨਮੀਤ ਕੌਰ, ਜਸਵੰਤ ਰਾਏ, ਰਾਜ ਰਾਣੀ ਬੈਂਸ ਅਤੇ ਹਰਿੰਦਰ ਸਿੰਘ (ਆਪ), ਵਾਰਡ 23 ਤੇ 24 ਤੋਂ ਬਲਜੀਤ ਕੌਰ ਤੇ ਬਲਵਿੰਦਰ ਕੌਰ (ਦੋਵੇਂ ਕਾਂਗਰਸ), ਵਾਰਡ 25, 26, 27, 28, 29 ਤੇ 30 ਤੋਂ ਕ੍ਰਮਵਾਰ ਬਲਜੀਤ ਕੌਰ, ਅਜੈ ਕੁਮਾਰ, ਮਨਜੋਤ ਕੌਰ, ਕੁਲਵਿੰਦਰ ਸਿੰਘ ਨੀਰਜ ਰਾਣੀ, ਬਲਵਿੰਦਰ ਕੁਮਾਰ (ਸਾਰੇ ‘ਆਪ’) ਜੇਤੂ ਰਹੇ। ਵਾਰਡ 31, 32 ਤੇ 36 ਤੋਂ ਨਵਜੋਤ ਕਟੋਚ, ਅਲਕਾ ਤੇ ਮੀਨਾ ਕੁਮਾਰੀ (ਕਾਂਗਰਸ), ਵਾਰਡ 33 ਤੋਂ ਰਣਜੀਤ ਚੌਧਰੀ (ਆਜ਼ਾਦ), ਵਾਰਡ 34, 35, 37, 38 ਤੇ 39 ਕ੍ਰਮਵਾਰ ਰਾਜੇਸ਼ਵਰ ਦਿਆਲ ਬੱਬੀ, ਹਰਪ੍ਰੀਤ ਕੌਰ, ਪਰਮਜੀਤ ਕੌਰ, ਦਰਿਪਨ ਸੈਣੀ, ਅੰਜਨਾ ਬਰਮੀ (ਸਾਰੇ ਆਪ), ਵਾਰਡ 40 ਤੋਂ ਜਗਵਿੰਦਰ ਸਿੰਘ (ਆਜ਼ਾਦ), ਵਾਰਡ 41 ਤੋਂ ਗਿਤਿਕਾ ਅਰੋੜਾ (ਭਾਜਪਾ), ਵਾਰਡ 42, 43 ਤੇ 44 ਤੋਂ ਜਸਵਿੰਦਰ ਕੌਰ, ਨੀਲਮ ਰਾਣੀ ਤੇ ਪ੍ਰਦੀਪ ਕੁਮਾਰ (‘ਆਪ’), ਵਾਰਡ 45 ਤੋਂ ਤਨੀਸ਼ਾ ਸ਼ਰਮਾ (ਕਾਂਗਰਸ), ਵਾਰਡ 46, 47, 48 ਤੇ 50 ਤੋਂ ਅਜੈ ਕੁਮਾਰ ਵਰਮਾ, ਕਮਲੇਸ਼ ਰਾਣੀ, ਤੀਰਥ ਰਾਮ ਤੇ ਸੁਖਵਿੰਦਰ ਕੌਰ (ਆਪ) ਅਤੇ ਵਾਰਡ 49 ਤੋਂ ਉਮੀਦਵਾਰ ਕਮਲਜੀਤ (ਭਾਜਪਾ) ਜੇਤੂ ਰਹੇ।

Share: