ਚੰਡੀਗਡ਼੍ਹ : ਪੰਜਾਬ ਸਰਕਾਰ ਲਈ ਵੱਡੀ ਚੁਣੌਤੀ ਉੱਭਰੀ ਹੈ ਕਿ ਹੁਣ ਸੂਬੇ ’ਚ ਗੁਦਾਮ ਅਨਾਜ ਨਾਲ ਨੱਕੋ-ਨੱਕ ਭਰ ਗਏ ਹਨ। ਨਵਾਂ ਅਨਾਜ ਰੱਖਣ ਲਈ ਕਿਧਰੇ ਵੀ ਕੋਈ ਜਗ੍ਹਾ ਨਹੀਂ ਬਚੀ। ਕੇਂਦਰ ਸਰਕਾਰ ਨੇ ਕਣਕ ਦੇ ਭੰਡਾਰਨ ਤੋਂ ਪਹਿਲਾਂ ਮੰਡੀਆਂ ’ਚੋਂ ਜਿਣਸ ਦੀ ਸਿੱਧੀ ਚੁਕਾਈ ਤਾਂ ਕੀਤੀ ਪਰ ਇਸ ਦੇ ਬਾਵਜੂਦ ਸੂਬੇ ’ਚੋਂ ਪੰਜਾਬ ਦੀ ਮੰਗ ਮੁਤਾਬਕ ਅਨਾਜ ਦੀ ਚੁਕਾਈ ਨਹੀਂ ਹੋਈ। ਸੂਬੇ ਦੀਆਂ ਚੌਲ ਮਿੱਲਾਂ ’ਚੋਂ 30 ਜੂਨ ਤੱਕ ਚੌਲ ਲਏ ਜਾਣ ਦੀ ਆਖ਼ਰੀ ਤਰੀਕ ਸੀ। ਇਸ ਵੇਲੇ ਸ਼ੈਲਰਾਂ ’ਚ 45 ਲੱਖ ਮੀਟਰਿਕ ਟਨ ਝੋਨਾ ਪਿਆ ਹੈ ਜਿਸ ਦੀ ਛੜਾਈ ਹੋਣ ਮਗਰੋਂ ਡਿਲਿਵਰੀ ਹੋਣੀ ਹੈ ਪਰ ਇਹ ਚੌਲ ਰੱਖਣ ਵਾਸਤੇ ਕੋਈ ਜਗ੍ਹਾ ਨਹੀਂ ਹੈ।
ਪੰਜਾਬ ’ਚ ਇਸ ਵੇਲੇ 180 ਲੱਖ ਮੀਟਰਿਕ ਟਨ ਅਨਾਜ ਭੰਡਾਰਨ ਲਈ ਗੁਦਾਮ ਹਨ ਜਦੋਂ ਕਿ 60 ਲੱਖ ਮੀਟਰਿਕ ਟਨ ਅਨਾਜ ਨੂੰ ਪਲੰਥਾਂ ’ਤੇ ਭੰਡਾਰ ਕੀਤਾ ਜਾਂਦਾ ਹੈ। ਆਮ ਤੌਰ ’ਤੇ ਕਵਰਡ ਅਤੇ ਪਲੰਥਾਂ ’ਤੇ ਕਣਕ ਹੀ ਭੰਡਾਰ ਕੀਤੀ ਜਾਂਦੀ ਹੈ ਅਤੇ ਗੁਦਾਮਾਂ ’ਚ ਚੌਲ ਲਗਾਏ ਜਾਂਦੇ ਹਨ। ਹੁਣ ਜਦੋਂ ਚੌਲ ਰੱਖਣ ਲਈ ਥਾਂ ਨਹੀਂ ਹੈ ਤਾਂ ਸ਼ੈਲਰਾਂ ’ਚ ਝੋਨੇ ਦੀ ਛੜਾਈ ਦਾ ਕੰਮ ਸੁਸਤ ਹੋ ਗਿਆ ਹੈ। ਸੂਤਰਾਂ ਮੁਤਾਬਕ ਇੱਕ ਵੀ ਗੁਦਾਮ ਨਵੇਂ ਅਨਾਜ ਭੰਡਾਰਨ ਲਈ ਖ਼ਾਲੀ ਨਹੀਂ ਹੈ। ਪੰਜਾਬ ਰਾਈਸ ਮਿੱਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਭਾਰਤ ਭੂਸ਼ਣ ਬਿੰਟਾ ਬਾਂਸਲ ਨੇ ਕਿਹਾ ਕਿ ਚੌਲ ਮਿੱਲਾਂ ਵੱਲੋਂ ਕਰੀਬ 30 ਲੱਖ ਮੀਟਰਿਕ ਟਨ ਚੌਲ ਡਿਲਿਵਰ ਕੀਤਾ ਜਾਣਾ ਹੈ ਜਿਸ ਵਾਸਤੇ ਖ਼ਾਲੀ ਗੁਦਾਮਾਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਹ ਚੌਲ ਸਰਕਾਰ ਨੂੰ 30 ਜੂਨ ਤੱਕ ਡਿਲਿਵਰ ਕੀਤੇ ਜਾਣੇ ਸਨ ਪਰ ਹੁਣ ਜਦੋਂ ਕਿਧਰੇ ਜਗ੍ਹਾ ਨਹੀਂ ਹੈ ਤਾਂ ਇਸ ਦੀ ਆਖ਼ਰੀ ਤਰੀਕ ’ਚ ਵਾਧਾ ਹੋ ਸਕਦਾ ਹੈ। ਦੂਜੇ ਪਾਸੇ ਖ਼ੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀ ਗੁਦਾਮ ਖ਼ਾਲੀ ਕਰਨ ਵਾਸਤੇ ਭੱਜ-ਨੱਠ ’ਚ ਜੁਟੇ ਹੋਏ ਹਨ। ਅਧਿਕਾਰੀਆਂ ਅਨੁਸਾਰ ਨਵੀਂ ਜਿਣਸ ਆਉਣ ਤੋਂ ਪਹਿਲਾਂ ਉਹ 30 ਲੱਖ ਮੀਟਰਿਕ ਟਨ ਮਿਲਣ ਵਾਲੇ ਚੌਲਾਂ ਸਬੰਧੀ ਫ਼ਿਕਰਮੰਦ ਹਨ। ਉਨ੍ਹਾਂ ਕਿਹਾ ਕਿ ਜੇ ਪੰਜਾਬ ਸਰਕਾਰ ਨੇ ਸ਼ੈਲਰਾਂ ’ਚੋਂ ਚੌਲ ਨਾ ਚੁੱਕਿਆ ਤਾਂ ਅਗਲੇ ਸੀਜ਼ਨ ’ਚ ਨਵਾਂ ਸੰਕਟ ਬਣ ਸਕਦਾ ਹੈ। ਸ਼ੈਲਰ ਮਾਲਕਾਂ ਨੇ ਨਵੀਂ ਫ਼ਸਲ ਲੈਣ ਤੋਂ ਇਨਕਾਰ ਕਰ ਦੇਣਾ ਹੈ ਜਿਵੇਂ ਉਨ੍ਹਾਂ ਪਿਛਲੇ ਸਾਲ ਕੀਤਾ ਸੀ। ਪੰਜਾਬ ਸਰਕਾਰ ਨੇ ਕੇਂਦਰ ਨੂੰ ਕਿਹਾ ਹੈ ਕਿ ਸੂਬੇ ’ਚੋਂ ਅਨਾਜ ਦੀ ਚੁਕਾਈ ਦੁੱਗਣੀ ਕੀਤੀ ਜਾਵੇ। ਇਸ ਵੇਲੇ ਸੂਬੇ ’ਚੋਂ ਹਰ ਮਹੀਨੇ 6 ਤੋਂ 6.50 ਲੱਖ ਮੀਟਰਿਕ ਟਨ ਚੌਲ ਅਤੇ 5 ਲੱਖ ਮੀਟਰਿਕ ਟਨ ਕਣਕ ਦੀ ਚੁਕਾਈ ਹੋ ਰਹੀ ਹੈ। ਅਧਿਕਾਰੀ ਆਖਦੇ ਹਨ ਕਿ ਉਨ੍ਹਾਂ ਕੇਂਦਰ ਸਰਕਾਰ ਨੂੰ ਇਹ ਮੂਵਮੈਂਟ ਦੁੱਗਣੀ ਕਰਨ ਲਈ ਕਿਹਾ ਹੈ।ਕੇਂਦਰ ਸਰਕਾਰ ਜੇ ਜੁਲਾਈ-ਅਕਤੂਬਰ ਦੌਰਾਨ ਹਰ ਮਹੀਨੇ 20 ਲੱਖ ਮੀਟਰਿਕ ਟਨ ਅਨਾਜ ਦੀ ਚੁਕਾਈ ਕਰਦੀ ਹੈ ਤਾਂ ਹੀ ਅਗਲੀ ਫ਼ਸਲ ਤੱਕ 80 ਲੱਖ ਮੀਟਰਿਕ ਟਨ ਅਨਾਜ ਭੰਡਾਰਨ ਲਈ ਜਗ੍ਹਾ ਬਣ ਸਕੇਗੀ। ਦੇਖਿਆ ਜਾਵੇ ਤਾਂ ਸੂਬੇ ’ਚ ਅਨਾਜ ਭੰਡਾਰਨ ਵਾਸਤੇ ਜਗ੍ਹਾ ’ਚ ਵਾਧਾ ਨਹੀਂ ਹੋਇਆ ਅਤੇ ਹਰ ਵਰ੍ਹੇ ਕੋਈ ਨਾ ਕੋਈ ਵਿਵਾਦ ਖੜ੍ਹਾ ਹੋ ਜਾਂਦਾ ਹੈ। ਸੂਬਾ ਸਰਕਾਰ ਵੱਲੋਂ ਬਣਾਏ ਜਾ ਰਹੇ ਸਾਈਲੋ ਕਿਸਾਨ ਧਿਰਾਂ ਦੇ ਵਿਰੋਧ ਕਾਰਨ ਤਕਰੀਬਨ ਬੰਦ ਹੋ ਗਏ ਹਨ। ਹੁਣ ਭਾਰਤੀ ਖ਼ੁਰਾਕ ਨਿਗਮ 10 ਲੱਖ ਮੀਟਰਿਕ ਟਨ ਸਮਰੱਥਾ ਦੇ ਆਪਣੇ ਸਾਈਲੋ ਬਣਾ ਰਿਹਾ ਹੈ। ਚੌਲਾਂ ਦੇ ਭੰਡਾਰਨ ਲਈ 46 ਲੱਖ ਮੀਟਰਿਕ ਟਨ ਦੀ ਸਮਰੱਥਾ ਵਾਲੇ ਗੁਦਾਮ ਬਣਾਉਣ ਦਾ ਪ੍ਰਸਤਾਵ ਟੈਂਡਰਿੰਗ ਪ੍ਰਕਿਰਿਆ ਤੋਂ ਅੱਗੇ ਨਹੀਂ ਵਧ ਸਕਿਆ।

