ਆਗਰਾ : ਉੱਤਰ ਪ੍ਰਦੇਸ਼ ਦੇ ਆਗਰਾ ਜ਼ਿਲ੍ਹੇ ਦੇ ਸਿਕੰਦਰਾ ਥਾਣਾ ਖੇਤਰ ਵਿੱਚ ਇੱਕ ਰੂਹ ਕੰਬਾਊ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਬੇਰਹਿਮ ਪਤਨੀ ਨੇ ਕਥਿਤ ਤੌਰ ’ਤੇ ਆਪਣੇ ਪਤੀ ਦਾ ਬੇਰਹਿਮੀ ਨਾਲ ਕਤਲ ਕਰਨ ਤੋਂ ਬਾਅਦ ਉਸ ਦੀ ਲਾਸ਼ ਨੂੰ ਘਰ ਦੇ ਬਾਥਰੂਮ ਵਿੱਚ ਹੀ ਦਫ਼ਨਾ ਦਿੱਤਾ। ਇੰਨਾ ਹੀ ਨਹੀਂ, ਇਸ ਰਾਜ਼ ’ਤੇ ਪਰਦਾ ਪਾਉਣ ਲਈ ਉਸ ਨੇ ਲਾਸ਼ ਦੇ ਉੱਪਰ ਪੱਕਾ ਫਰਸ਼ ਬਣਵਾ ਕੇ ਨਵੀਆਂ ਟਾਈਲਾਂ ਵੀ ਲਗਵਾ ਦਿੱਤੀਆਂ। ਮੁਲਜ਼ਮ ਮਹਿਲਾ ਕਰੀਬ 45 ਦਿਨਾਂ ਤੱਕ ਪਤੀ ਦੇ ਲਾਪਤਾ ਹੋਣ ਦਾ ਡਰਾਮਾ ਰਚਦੀ ਰਹੀ ਅਤੇ ਪੁਲੀਸ ਕੋਲ ਗੁੰਮਸ਼ੁਦਗੀ ਦੀ ਰਿਪੋਰਟ ਵੀ ਦਰਜ ਕਰਵਾਈ। ਪੁਲੀਸ ਨੇ ਸਖ਼ਤੀ ਨਾਲ ਕੀਤੀ ਪੁੱਛਗਿੱਛ ਤੋਂ ਬਾਅਦ ਮਹਿਲਾ ਦੀ ਨਿਸ਼ਾਨਦੇਹੀ ’ਤੇ ਬਾਥਰੂਮ ਦੀ ਖੁਦਾਈ ਕਰਕੇ ਲਾਸ਼ ਬਰਾਮਦ ਕਰ ਲਈ ਹੈ।
ਪੁਲੀਸ ਤੋਂ ਮਿਲੀ ਜਾਣਕਾਰੀ ਅਨੁਸਾਰ ਭਰਤਪੁਰ ਦਾ ਰਹਿਣ ਵਾਲਾ 44 ਸਾਲਾ ਸੁਰਿੰਦਰ ਕੁਮਾਰ ਸ਼ਰਮਾ ਆਗਰਾ ਦੀ ਰੇਣੁਕਾ ਧਾਮ ਕਾਲੋਨੀ ਵਿੱਚ ਆਪਣੀ ਪਤਨੀ ਰੂਬੀ, ਮਾਂ ਕਮਲਾ ਅਤੇ ਦੋ ਧੀਆਂ ਨਾਲ ਰਹਿੰਦਾ ਸੀ। ਬੀਤੀ 18 ਮਈ ਨੂੰ ਰੂਬੀ ਨੇ ਪਰਿਵਾਰਕ ਮੈਂਬਰਾਂ ਨੂੰ ਸੁਰਿੰਦਰ ਦੇ ਲਾਪਤਾ ਹੋਣ ਦੀ ਗੱਲ ਕਹੀ ਸੀ ਅਤੇ 26 ਮਈ ਨੂੰ ਸਿਕੰਦਰਾ ਥਾਣੇ ਵਿੱਚ ਉਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ। ਉਦੋਂ ਤੋਂ ਉਹ ਲਗਾਤਾਰ ਸਾਰੇ ਰਿਸ਼ਤੇਦਾਰਾਂ ਨੂੰ ਇਹੀ ਕਹਿ ਕੇ ਗੁੰਮਰਾਹ ਕਰ ਰਹੀ ਸੀ ਕਿ ਉਸ ਦਾ ਪਤੀ ਘਰੋਂ ਕਿਧਰੇ ਚਲਿਆ ਗਿਆ ਹੈ।
ਵੱਡੇ ਭਰਾ ਨੇ ਪੁਲੀਸ ਕੋਲ ਪ੍ਰਗਟਾਇਆ ਖਦਸ਼ਾ
ਇਸ ਅੰਨ੍ਹੇ ਕਤਲਕਾਂਡ ਦਾ ਖੁਲਾਸਾ ਉਦੋਂ ਹੋਇਆ ਜਦੋਂ ਮ੍ਰਿਤਕ ਸੁਰਿੰਦਰ ਦੇ ਵੱਡੇ ਭਰਾ ਨੇ ਪੁਲੀਸ ਕੋਲ ਰੂਬੀ ਦੇ ਸ਼ੱਕੀ ਵਿਵਹਾਰ ਬਾਰੇ ਖ਼ਦਸ਼ਾ ਪ੍ਰਗਟਾਇਆ। ਸ਼ੱਕ ਦੇ ਆਧਾਰ ‘ਤੇ ਜਦੋਂ ਪੁਲੀਸ ਸ਼ੁੱਕਰਵਾਰ ਨੂੰ ਮਾਮਲੇ ਦੀ ਪੜਤਾਲ ਲਈ ਰੂਬੀ ਦੇ ਘਰ ਪਹੁੰਚੀ ਤਾਂ ਉਹ ਪੁਲੀਸ ਨੂੰ ਦੇਖ ਕੇ ਬੁਰੀ ਤਰ੍ਹਾਂ ਘਬਰਾ ਗਈ। ਪੁਲੀਸ ਨੇ ਜਦੋਂ ਹਿਰਾਸਤ ਵਿੱਚ ਲੈ ਕੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਸਾਰਾ ਸੱਚ ਉਗਲ ਦਿੱਤਾ ਅਤੇ ਪਤੀ ਦਾ ਕਤਲ ਕਰਕੇ ਲਾਸ਼ ਬਾਥਰੂਮ ਵਿੱਚ ਦਫ਼ਨਾਉਣ ਦੀ ਗੱਲ ਕਬੂਲ ਕਰ ਲਈ। ਪੁਲੀਸ ਨੇ ਮੈਜਿਸਟ੍ਰੇਟ ਦੀ ਹਾਜ਼ਰੀ ਵਿੱਚ ਬਾਥਰੂਮ ਦੀਆਂ ਟਾਈਲਾਂ ਤੁੜਵਾ ਕੇ ਖੁਦਾਈ ਕਰਵਾਈ, ਜਿੱਥੋਂ ਗਲੀ-ਸੜੀ ਲਾਸ਼ ਬਰਾਮਦ ਹੋਈ, ਜਿਸ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।ਮੁਲਜ਼ਮ ਪਤਨੀ ਰੂਬੀ ਨੇ ਪੁਲੀਸ ਹਿਰਾਸਤ ਵਿੱਚ ਦੱਸਿਆ ਕਿ ਉਸ ਦਾ ਪਤੀ ਅਕਸਰ ਸ਼ਰਾਬ ਪੀ ਕੇ ਉਸ ਨਾਲ ਕੁੱਟਮਾਰ ਅਤੇ ਝਗੜਾ ਕਰਦਾ ਸੀ, ਜਿਸ ਤੋਂ ਉਹ ਬੇਹੱਦ ਪਰੇਸ਼ਾਨ ਸੀ। ਵਾਰਦਾਤ ਨੂੰ ਅੰਜਾਮ ਦੇਣ ਲਈ ਉਸ ਨੇ ਇੱਕ ਸਾਜ਼ਿਸ਼ ਤਹਿਤ ਆਪਣੀ ਸੱਸ ਅਤੇ ਦੋਵਾਂ ਧੀਆਂ ਨੂੰ ਬਹਾਨੇ ਨਾਲ ਆਪਣੇ ਜੇਠ ਦੇ ਘਰ ਭੇਜ ਦਿੱਤਾ। ਇਸ ਤੋਂ ਬਾਅਦ ਉਸ ਨੇ ਪਤੀ ਲਈ ਖੀਰ ਬਣਾਈ, ਜਿਸ ਵਿੱਚ 20 ਤੋਂ ਵੱਧ ਨੀਂਦ ਦੀਆਂ ਗੋਲੀਆਂ ਮਿਲਾ ਦਿੱਤੀਆਂ। ਜਦੋਂ ਸੁਰਿੰਦਰ ਬੇਹੋਸ਼ੀ ਦੀ ਹਾਲਤ ਵਿੱਚ ਗੂੜ੍ਹੀ ਨੀਂਦ ਸੌਂ ਗਿਆ ਤਾਂ ਉਸ ਨੇ ਉਸ ਦਾ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਬਾਥਰੂਮ ਵਿੱਚ ਟੋਆ ਪੁੱਟ ਕੇ ਦੱਬ ਦਿੱਤਾ। ਅਗਲੇ ਦਿਨ ਉਸ ਨੇ ਮਿਸਤਰੀ ਬੁਲਾ ਕੇ ਉੱਥੇ ਪੱਕਾ ਫਰਸ਼ ਲਗਵਾ ਦਿੱਤਾ ਤਾਂ ਜੋ ਕਿਸੇ ਨੂੰ ਸ਼ੱਕ ਨਾ ਹੋਵੇ। ਪੁਲੀਸ ਹੁਣ ਇਸ ਗੱਲ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਕਿ ਕੀ ਇਸ ਖ਼ੌਫ਼ਨਾਕ ਵਾਰਦਾਤ ਵਿੱਚ ਰੂਬੀ ਦੇ ਨਾਲ ਕੋਈ ਹੋਰ ਵੀ ਸ਼ਾਮਲ ਸੀ।

