ਕੋਲਕਾਤਾ : ਤ੍ਰਿਣਮੂਲ ਕਾਂਗਰਸ ’ਤੇ ਕੰਟਰੋਲ ਦੀ ਲੜਾਈ ਅੱਜ ਉਸ ਵੇਲੇ ਬੇਹੱਦ ਨਾਟਕੀ ਮੋੜ ’ਤੇ ਪਹੁੰਚ ਗਈ, ਜਦੋਂ ਵਿਰੋਧੀ ਧਿਰ ਦੇ ਨੇਤਾ ਰਿਤਾਬ੍ਰਤ ਬੈਨਰਜੀ ਦੀ ਅਗਵਾਈ ਵਾਲੇ ਬਾਗ਼ੀ ਧੜੇ ਨੇ ਕੋਲਕਾਤਾ ਵਿੱਚ ਪਾਰਟੀ ਦੇ ਮੈਟਰੋਪੋਲੀਟਨ ਸਥਿਤ ਮੁੱਖ ਦਫਤਰ ਦਾ ਕੰਟਰੋਲ ਆਪਣੇ ਹੱਥਾਂ ਵਿੱਚ ਲੈ ਲਿਆ, ਉੱਥੋਂ ਦੇ ਤਾਲੇ ਬਦਲ ਦਿੱਤੇ, ਨਵੇਂ ਪੋਸਟਰ ਲਾਉਣ ਮਗਰੋਂ ਐਲਾਨ ਕੀਤਾ ਕਿ ਹੁਣ ਤੋਂ ਪਾਰਟੀ ਦੀਆਂ ਗਤੀਵਿਧੀਆਂ ਇਸੇ ਇਮਾਰਤ ਤੋਂ ਚਲਾਈਆਂ ਜਾਣਗੀਆਂ।
ਇਹ ਕਦਮ ਬਾਗ਼ੀ ਖੇਮੇ ਵੱਲੋਂ ਨਵੀਂ ਦਿੱਲੀ ਵਿੱਚ ਚੋਣ ਕਮਿਸ਼ਨ ਦੇ ਫੁੱਲ ਬੈਂਚ ਸਾਹਮਣੇ ਪੇਸ਼ ਹੋ ਕੇ ਪਾਰਟੀ ਦੇ ਨਾਮ, ਚੋਣ ਨਿਸ਼ਾਨ ਅਤੇ ਜਥੇਬੰਦਕ ਢਾਂਚੇ ’ਤੇ ਆਪਣਾ ਦਾਅਵਾ ਪੇਸ਼ ਕਰਨ ਦੇ ਮਹਿਜ਼ 24 ਘੰਟਿਆਂ ਬਾਅਦ ਚੁੱਕਿਆ ਗਿਆ ਹੈ, ਜੋ ਆਪਣੀ ਵਿਧਾਨਕ ਤਾਕਤ ਨੂੰ ਜਥੇਬੰਦਕ ਕੰਟਰੋਲ ਵਿੱਚ ਬਦਲਣ ਦੀ ਕੋਸ਼ਿਸ਼ ਦਾ ਸੰਕੇਤ ਹੈ। ਸੀਨੀਅਰ ਆਗੂਆਂ ਫ਼ਿਰਹਾਦ ਹਾਕਿਮ, ਜਾਵੇਦ ਖ਼ਾਨ, ਸੰਦੀਪਨ ਸਾਹਾ ਅਤੇ ਪਾਰਟੀ ਦੇ ਖਜ਼ਾਨਚੀ ਅਖ਼ਰੂਜ਼ਮਾਨ ਦੇ ਨਾਲ ਰਿਤਬਰਤ ਈ ਐੱਮ ਬਾਈਪਾਸ ਸਥਿਤ ਦਫ਼ਤਰ ਪਹੁੰਚੇ ਅਤੇ ਇਮਾਰਤ ਦੇ ਅੰਦਰ ਮੀਟਿੰਗ ਕੀਤੀ, ਜਿਸ ਵਿੱਚ ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦਾ ਧੜਾ ਹੀ ਅਸਲੀ ਟੀ ਐੱਮ ਸੀ ਹੈ। ਮੈਟਰੋਪੋਲੀਟਨ ਇਲਾਕੇ ਵਿੱਚ ਸਥਿਤ ਇਹ ਦਫਤਰ 2022 ਤੋਂ ਪਾਰਟੀ ਦੇ ਕਾਰਜਕਾਰੀ ਮੁੱਖ ਦਫਤਰ ਵਜੋਂ ਕੰਮ ਕਰ ਰਿਹਾ ਹੈ, ਜਦੋਂ ਟੀ ਐੱਮ ਸੀ ਨੇ ਆਪਣੇ ਮੂਲ ਮੁੱਖ ਦਫ਼ਤਰ ਦੇ ਮੁੜ-ਨਿਰਮਾਣ ਕਾਰਨ ਕੰਮਕਾਜ ਇੱਥੇ ਤਬਦੀਲ ਕੀਤਾ ਸੀ। ਇਸ ਕਬਜ਼ੇ ਦੇ ਹਿੱਸੇ ਵਜੋਂ, ਗੇਟਾਂ ’ਤੇ ਨਵੇਂ ਤਾਲੇ ਲਾ ਦਿੱਤੇ ਗਏ ਅਤੇ ਇਮਾਰਤ ਦੇ ਬਾਹਰ ਇਸ ਧੜੇ ਦੇ ਲੀਡਰਸ਼ਿਪ ਢਾਂਚੇ ਨੂੰ ਦਰਸਾਉਂਦੇ ਨਵੇਂ ਪੋਸਟਰ ਲਾਏ ਗਏ। ਇਨ੍ਹਾਂ ਨਵੇਂ ਪੋਸਟਰਾਂ ਵਿੱਚ ਸਾਬਕਾ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਤਸਵੀਰ ਨਹੀਂ ਹੈ ਅਤੇ ਇਸ ਦੀ ਬਜਾਏ ਸੀਨੀਅਰ ਵਿਧਾਇਕ ਅਰੂਪ ਰਾਏ ਨੂੰ ਪਾਰਟੀ ਦੇ ਚੇਅਰਪਰਸਨ ਵਜੋਂ ਦਰਸਾਇਆ ਗਿਆ ਹੈ। ਇਨ੍ਹਾਂ ਤਬਦੀਲੀਆਂ ਦੇ ਬਾਵਜੂਦ, ਇਮਾਰਤ ਦੇ ਅੰਦਰ ਪਹਿਲਾਂ ਤੋਂ ਮੌਜੂਦ ਮਮਤਾ ਬੈਨਰਜੀ ਦੀਆਂ ਤਸਵੀਰਾਂ ਅਤੇ ਕੱਟ-ਆਊਟਸ ਨੂੰ ਬਿਨਾਂ ਛੇੜਛਾੜ ਕੀਤੇ ਉਵੇਂ ਹੀ ਰਹਿਣ ਦਿੱਤਾ ਗਿਆ।

