ਨਵੀਂ ਦਿੱਲੀ : ਜੰਤਰ-ਮੰਤਰ ’ਤੇ ਸਮਾਜਿਕ ਕਾਰਕੁਨ ਸੋਨਮ ਵਾਂਗਚੁਕ ਦੀ ਭੁੱਖ ਹੜਤਾਲ ਸ਼ੁੱਕਰਵਾਰ ਨੂੰ ਛੇਵੇਂ ਦਿਨ ਵਿੱਚ ਦਾਖ਼ਲ ਹੋਣ ਦੇ ਨਾਲ ਹੀ, ਕੌਕਰੋਚ ਜਨਤਾ ਪਾਰਟੀ (ਸੀ ਜੇ ਪੀ) ਨੇ ਕਿਹਾ ਕਿ ਉਹ ਪਹਿਲਾਂ ਨਾਲੋਂ ਕਿਤੇ ਵੱਧ ਕਮਜ਼ੋਰ ਅਤੇ ਥੱਕੇ ਹੋਏ ਦਿਖਾਈ ਦੇ ਰਹੇ ਹਨ। ਪਾਰਟੀ ਨੇ ਦੇਸ਼ ਭਰ ਦੇ ਸਮਰਥਕਾਂ ਨੂੰ ਇਸ ਅੰਦੋਲਨ ਦੇ ਸਮਰਥਨ ਵਿੱਚ ਇੱਕ ਦਿਨ ਦਾ ਵਰਤ ਰੱਖਣ ਦੀ ਅਪੀਲ ਕੀਤੀ ਹੈ। ‘ਐਕਸ’ ਉੱਤੇ ਵਾਂਗਚੁਕ ਦੀ ਸਿਹਤ ਬਾਰੇ ਤਾਜ਼ਾ ਜਾਣਕਾਰੀ ਸਾਂਝੀ ਕਰਦਿਆਂ, ਸੀ ਜੇ ਪੀ ਦੇ ਬਾਨੀ ਅਭਿਜੀਤ ਦੀਪਕੇ ਨੇ ਦੱਸਿਆ ਕਿ ਵਾਂਗਚੁਕ ਦਾ ਬਲੱਡ ਪ੍ਰੈਸ਼ਰ 110/75 ਐੱਮ ਐੱਮ ਐੱਚ ਜੀ, ਪਲਸ ਰੇਟ 72 ਪ੍ਰਤੀ ਮਿੰਟ ਅਤੇ ਬਲੱਡ ਸ਼ੂਗਰ ਦਾ ਪੱਧਰ 61 ਮਿਲੀਗ੍ਰਾਮ/ਡੀ ਐੱਲ ਦਰਜ ਕੀਤਾ ਗਿਆ ਹੈ। ਦੀਪਕੇ ਨੇ ਕਿਹਾ ਕਿ ਵਾਂਗਚੁਕ ਦੀ ਹਾਲਤ ਹਰ ਲੰਘਦੇ ਘੰਟੇ ਨਾਲ ਵਿਗੜਦੀ ਜਾ ਰਹੀ ਹੈ। ਭਾਵੇਂ ਕਿ ਉਹ ਖ਼ੁਦ ਕਹਿ ਰਹੇ ਹਨ ਕਿ ਉਹ ਬਿਲਕੁਲ ਠੀਕ ਮਹਿਸੂਸ ਕਰ ਰਹੇ ਹਨ। ਦੀਪਕੇ ਨੇ ਕਿਹਾ, ‘‘ਸੋਨਮ ਵਾਂਗਚੁਕ ਦੀ ਭੁੱਖ ਹੜਤਾਲ ਦਾ ਅੱਜ ਛੇਵਾਂ ਦਿਨ ਹੈ। ਅੱਜ ਉਹ ਕੁਝ ਦਿਨ ਪਹਿਲਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਕਮਜ਼ੋਰ ਅਤੇ ਨਿਢਾਲ ਨਜ਼ਰ ਆ ਰਹੇ ਹਨ। ਪਹਿਲੀ ਵਾਰ, ਮੈਂ ਉਨ੍ਹਾਂ ਦੀ ਲਗਾਤਾਰ ਵਿਗੜ ਰਹੀ ਸਿਹਤ ਕਾਰਨ ਉਨ੍ਹਾਂ ਦੇ ਚਿਹਰੇ ’ਤੇ ਦਰਦ ਦੇਖ ਸਕਦਾ ਸਾਂ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਉਹ ਠੀਕ ਹਨ ਅਤੇ ਚਿੰਤਾ ਦੀ ਕੋਈ ਗੱਲ ਨਹੀਂ ਹੈ, ਪਰ ਹਕੀਕਤ ਕੁਝ ਹੋਰ ਹੈ।’’
ਇੱਕ ਹੋਰ ਪੋਸਟ ਵਿੱਚ, ਦੀਪਕੇ ਨੇ ਵਾਂਗਚੁਕ ਨੂੰ ਮਹਾਨ ਸਿੱਖਿਆ ਸ਼ਾਸਤਰੀ ਦੱਸਿਆ ਜੋ ਵਿਦਿਆਰਥੀਆਂ ਲਈ ਆਪਣੀ ਜਾਨ ਖ਼ਤਰੇ ਵਿੱਚ ਪਾ ਰਹੇ ਹਨ ਅਤੇ ਸਵਾਲ ਕੀਤਾ ਕਿ ਸਰਕਾਰ ਕਦੋਂ ਜਵਾਬ ਦੇਵੇਗੀ। ਉਨ੍ਹਾਂ ਸਵਾਲ ਕੀਤਾ, ‘‘ਇੱਕ ਮਹਾਨ ਸਿੱਖਿਆ ਸ਼ਾਸਤਰੀ ਵਿਦਿਆਰਥੀਆਂ ਲਈ ਇਨਸਾਫ਼ ਮੰਗਣ ਵਾਸਤੇ ਆਪਣੀ ਜਾਨ ਜੋਖਮ ਵਿੱਚ ਪਾ ਰਿਹਾ ਹੈ। ਸਰਕਾਰ ਕਦੋਂ ਜਾਗੇਗੀ?’’ ਦੀਪਕੇ ਨੇ ਦੇਸ਼ ਭਰ ਦੇ ਸਮਰਥਕਾਂ ਨੂੰ ਆਪਣੇ ਘਰਾਂ ਤੋਂ ਇੱਕ ਦਿਨ ਦਾ ਵਰਤ ਰੱਖ ਕੇ ਇਸ ਅੰਦੋਲਨ ਵਿੱਚ ਸ਼ਾਮਲ ਹੋਣ ਦੀ ਅਪੀਲ ਵੀ ਕੀਤੀ।

