ਅਮੀਰੀ ਅਤੇ ਗਰੀਬੀ ਦਾ ਵਧਦਾ ਪਾੜਾ: ਦੁਨੀਆ ਭਰ ’ਚ ਨਿੱਜੀ ਦੌਲਤ ਵਿੱਚ 10 ਸਾਲਾਂ ਦਾ ਸਭ ਤੋਂ ਵੱਡਾ ਉਛਾਲ

ਅਮੀਰੀ ਅਤੇ ਗਰੀਬੀ ਦਾ ਵਧਦਾ ਪਾੜਾ: ਦੁਨੀਆ ਭਰ ’ਚ ਨਿੱਜੀ ਦੌਲਤ ਵਿੱਚ 10 ਸਾਲਾਂ ਦਾ ਸਭ ਤੋਂ ਵੱਡਾ ਉਛਾਲ

ਵਿਨੀਪੈੱਗ : ਦੁਨੀਆ ਭਰ ਵਿੱਚ 2025 ਦੌਰਾਨ ਨਿੱਜੀ ਦੌਲਤ (ਪਰਸਨਲ ਵੈਲਥ) ਵਿੱਚ 10.8 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ, ਜੋ ਪਿਛਲੇ ਕਈ ਸਾਲਾਂ ਵਿੱਚ ਸਭ ਤੋਂ ਤੇਜ਼ ਸਾਲਾਨਾ ਵਾਧਾ ਹੈ। ਇਸੇ ਦੌਰਾਨ ਲਗਪਗ 10 ਲੱਖ ਨਵੇਂ ਅਮਰੀਕੀ ਕਰੋੜਪਤੀ (ਮਿਲੀਅਨੇਅਰ) ਬਣੇ ਅਤੇ ਦੁਨੀਆ ਵਿੱਚ ਅਜਿਹੇ ਲੋਕਾਂ ਦੀ ਕੁੱਲ ਗਿਣਤੀ 5.75 ਕਰੋੜ ਤੋਂ ਵੱਧ ਹੋ ਗਈ। ਇਹ ਖ਼ੁਲਾਸਾ ਸਵਿਟਜ਼ਰਲੈਂਡ ਦੀ ਵਿੱਤੀ ਸੰਸਥਾ ਯੂ ਬੀ ਐੱਸ (UBS) ਦੀ ਗਲੋਬਲ ਵੈਲਥ ਰਿਪੋਰਟ 2026 ਵਿੱਚ ਕੀਤਾ ਗਿਆ ਹੈ।

ਰਿਪੋਰਟ ਅਨੁਸਾਰ ਇਸ ਵਾਧੇ ਪਿੱਛੇ ਸਭ ਤੋਂ ਵੱਡਾ ਕਾਰਨ ਵਿਸ਼ਵ ਦੇ ਸ਼ੇਅਰ ਬਾਜ਼ਾਰਾਂ ਵਿੱਚ ਆਈ ਤੇਜ਼ੀ, ਜਾਇਦਾਦ ਦੀਆਂ ਵਧੀਆਂ ਕੀਮਤਾਂ ਅਤੇ ਵਿੱਤੀ ਸੰਪਤੀਆਂ ਦੀ ਮਜ਼ਬੂਤ ਕਾਰਗੁਜ਼ਾਰੀ ਰਹੀ। ਖ਼ਾਸ ਤੌਰ ‘ਤੇ ਉੱਤਰੀ ਅਮਰੀਕਾ ਨੇ ਵਿਸ਼ਵ ਦੌਲਤ ਵਿੱਚ ਸਭ ਤੋਂ ਵੱਡਾ ਯੋਗਦਾਨ ਪਾਇਆ, ਜਦਕਿ ਏਸ਼ੀਆ-ਪ੍ਰਸ਼ਾਂਤ ਖੇਤਰ ਵਿੱਚ ਵੀ ਦੌਲਤ ਵਿੱਚ ਕਰੀਬ ਛੇ ਫ਼ੀਸਦੀ ਵਾਧਾ ਦਰਜ ਕੀਤਾ ਗਿਆ।
ਰਿਪੋਰਟ ਮੁਤਾਬਕ 2025 ਦੌਰਾਨ ਦੁਨੀਆ ਵਿੱਚ ਬਣੇ ਕਰੀਬ 10 ਲੱਖ ਨਵੇਂ ਮਿਲੀਅਨੇਅਰਾਂ ਵਿੱਚੋਂ 4.4 ਲੱਖ ਤੋਂ ਵੱਧ ਇਕੱਲੇ ਅਮਰੀਕਾ ਵਿੱਚ ਹਨ। ਇਸ ਦਾ ਭਾਵ ਹੈ ਕਿ ਔਸਤਨ ਹਰ ਰੋਜ਼ 1,200 ਤੋਂ ਵੱਧ ਅਮਰੀਕੀ ਇੱਕ ਮਿਲੀਅਨ ਅਮਰੀਕੀ ਡਾਲਰ ਤੋਂ ਵੱਧ ਸੰਪਤੀ ਵਾਲੇ ਵਰਗ ਵਿੱਚ ਸ਼ਾਮਲ ਹੋਏ। ਚੀਨ, ਜਾਪਾਨ, ਜਰਮਨੀ, ਬਰਤਾਨੀਆ ਅਤੇ ਫਰਾਂਸ ਵਿੱਚ ਵੀ ਮਿਲੀਅਨੇਅਰਾਂ ਦੀ ਗਿਣਤੀ ਵਿੱਚ ਮਹੱਤਵਪੂਰਨ ਵਾਧਾ ਦਰਜ ਕੀਤਾ ਗਿਆ, ਜਦਕਿ ਭਾਰਤ ਨੇ ਵੀ 30 ਹਜ਼ਾਰ ਤੋਂ ਵੱਧ ਨਵੇਂ ਡਾਲਰ ਕਰੋੜਪਤੀ ਜੋੜੇ।
ਪ੍ਰਤੀ ਬਾਲਗ ਔਸਤ ਸੰਪਤੀ ਦੇ ਆਧਾਰ ‘ਤੇ ਸਵਿਟਜ਼ਰਲੈਂਡ ਇੱਕ ਵਾਰ ਫਿਰ ਦੁਨੀਆ ਦਾ ਸਭ ਤੋਂ ਅਮੀਰ ਦੇਸ਼ ਬਣਿਆ ਹੈ, ਜਿੱਥੇ ਪ੍ਰਤੀ ਬਾਲਗ ਔਸਤ ਦੌਲਤ 9.10 ਲੱਖ ਅਮਰੀਕੀ ਡਾਲਰ ਤੋਂ ਵੱਧ ਹੈ। ਅਮਰੀਕਾ 6.96 ਲੱਖ ਡਾਲਰ ਨਾਲ ਦੂਜੇ ਸਥਾਨ ‘ਤੇ ਹੈ। ਇਸ ਤੋਂ ਬਾਅਦ ਲਕਜ਼ਮਬਰਗ, ਹਾਂਗਕਾਂਗ, ਆਸਟ੍ਰੇਲੀਆ, ਸਿੰਗਾਪੁਰ, ਡੈਨਮਾਰਕ, ਨਿਊਜ਼ੀਲੈਂਡ, ਨਾਰਵੇ, ਨੀਦਰਲੈਂਡ, ਬੈਲਜੀਅਮ ਅਤੇ ਸਵੀਡਨ ਦਾ ਸਥਾਨ ਹੈ। ਕੈਨੇਡਾ 3,99,886 ਅਮਰੀਕੀ ਡਾਲਰ ਦੀ ਪ੍ਰਤੀ ਬਾਲਗ ਔਸਤ ਸੰਪਤੀ ਨਾਲ 13ਵੇਂ ਸਥਾਨ ‘ਤੇ ਹੈ।
ਰਿਪੋਰਟ ਦੱਸਦੀ ਹੈ ਕਿ ਅਮਰੀਕਾ ਅਤੇ ਗ੍ਰੇਟਰ ਚਾਈਨਾ (ਚੀਨ, ਹਾਂਗਕਾਂਗ ਅਤੇ ਤਾਇਵਾਨ) ਮਿਲ ਕੇ ਯੂ ਬੀ ਐੱਸ ਵੱਲੋਂ ਅਧਿਐਨ ਕੀਤੀ ਗਈ ਕੁੱਲ ਨਿੱਜੀ ਦੌਲਤ ਦੇ ਅੱਧ ਤੋਂ ਵੀ ਵੱਧ ਹਿੱਸੇ ‘ਤੇ ਕਬਜ਼ਾ ਰੱਖਦੇ ਹਨ। ਇਕੱਲਾ ਅਮਰੀਕਾ ਹੀ ਇਸ ਕੁੱਲ ਦੌਲਤ ਦਾ ਕਰੀਬ 36 ਫ਼ੀਸਦੀ ਹਿੱਸਾ ਰੱਖਦਾ ਹੈ, ਜਿਸ ਨਾਲ ਉਸ ਦੀ ਵਿਸ਼ਵ ਆਰਥਿਕ ਪ੍ਰਮੁੱਖਤਾ ਹੋਰ ਮਜ਼ਬੂਤ ਹੋਈ ਹੈ।

ਭਾਰਤ ਅਤੇ ਚੀਨ ਬਾਰੇ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਨ੍ਹਾਂ ਦੇਸ਼ਾਂ ਵਿੱਚ ਉੱਚ ਆਮਦਨ ਵਰਗ ਅਤੇ ਉਦਯੋਗਪਤੀਆਂ ਦੀ ਸੰਪਤੀ ਲਗਾਤਾਰ ਵਧ ਰਹੀ ਹੈ। ਭਾਰਤ ਵਿੱਚ ਨਵੇਂ ਮਿਲੀਅਨੇਅਰਾਂ ਦੀ ਗਿਣਤੀ ਵਿੱਚ ਉਲੇਖਣਯੋਗ ਵਾਧਾ ਹੋਇਆ ਹੈ, ਜਦਕਿ ਚੀਨ ਅਜੇ ਵੀ ਅਮਰੀਕਾ ਤੋਂ ਬਾਅਦ ਦੁਨੀਆ ਦੀ ਸਭ ਤੋਂ ਵੱਡੀ ਨਿੱਜੀ ਦੌਲਤ ਵਾਲੀ ਅਰਥਵਿਵਸਥਾ ਬਣਿਆ ਹੋਇਆ ਹੈ। ਚੀਨ ਵਿੱਚ 50 ਲੱਖ ਤੋਂ 10 ਕਰੋੜ ਡਾਲਰ ਦਰਮਿਆਨ ਸੰਪਤੀ ਵਾਲੇ ਲੋਕਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ।

Share: