Malerkotla ਦੇ ਕਿਸਾਨ Gursimran Singh ਨੇ ਮਹਿਜ਼ 4 Acres ਜ਼ਮੀਨ ’ਤੇ 20 ਤੋਂ ਵੱਧ ਫ਼ਸਲਾਂ ਦੀ ਕਾਸ਼ਤ ਕੀਤੀ

Malerkotla ਦੇ ਕਿਸਾਨ Gursimran Singh ਨੇ ਮਹਿਜ਼ 4 Acres ਜ਼ਮੀਨ ’ਤੇ 20 ਤੋਂ ਵੱਧ ਫ਼ਸਲਾਂ ਦੀ ਕਾਸ਼ਤ ਕੀਤੀ

ਮਾਲੇਰਕੋਟਲਾ : ਜ਼ਿਲ੍ਹੇ ਦੇ ਪਿੰਡ ਹਥੋਆ ਦੇ ਕਿਸਾਨ ਗੁਰਸਿਮਰਨ ਸਿੰਘ ਆਪਣੀ ਮਹਿਜ਼ ਚਾਰ ਏਕੜ ਜ਼ਮੀਨ ’ਤੇ ਵਿਭਿੰਨਤਾ ਅਧਾਰਿਤ ਖੇਤੀ ਕਰ ਕੇ ਹੋਰ ਕਿਸਾਨਾਂ ਲਈ ਪ੍ਰੇਰਨਾਸ੍ਰੋਤ ਬਣੇ ਹੋਏ ਹਨ। ਉਨ੍ਹਾਂ ਨੇ ਸਾਬਤ ਕਰ ਦਿੱਤਾ ਹੈ ਕਿ ਜ਼ਮੀਨ ਦਾ ਰਕਬਾ ਨਹੀਂ, ਸਗੋਂ ਸੋਚ, ਯੋਜਨਾਬੰਦੀ ਅਤੇ ਨਵੀਆਂ ਤਕਨੀਕਾਂ ਅਪਣਾਉਣ ਦੀ ਇੱਛਾ ਹੀ ਸਫ਼ਲਤਾ ਦੀ ਅਸਲ ਕੁੰਜੀ ਹੈ।

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਮਾਲੇਰਕੋਟਲਾ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਦੀ ਰਹਿਨੁਮਾਈ ਹੇਠ ਗੁਰਸਿਮਰਨ ਸਿੰਘ ਨੇ ਆਪਣੇ ਖੇਤ ਨੂੰ ਬਹੁ-ਫ਼ਸਲੀ ਮਾਡਲ ਵਜੋਂ ਵਿਕਸਿਤ ਕੀਤਾ ਹੈ। ਉਹ ਆਪਣੇ ਫਾਰਮ ’ਤੇ 20 ਤੋਂ ਵੱਧ ਕਿਸਮਾਂ ਦੀਆਂ ਫ਼ਸਲਾਂ, ਦਵਾਈ ਬੂਟਿਆਂ ਅਤੇ ਫਲਦਾਰ ਪੌਦਿਆਂ ਦੀ ਸਫਲ ਕਾਸ਼ਤ ਕਰ ਰਹੇ ਹਨ, ਜਿਸ ਨਾਲ ਉਨ੍ਹਾਂ ਦੀ ਆਮਦਨ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਉਨ੍ਹਾਂ ਬਾਗ਼ ਵਿੱਚ ਐਵੋਕਾਡੋ, ਪੀਕਨ, ਜਪਾਨੀ ਫ਼ਲ, ਨਿੰਬੂ, ਅਮਰੂਦ, ਚੀਆ ਸੀਡ, ਕੈਲੀਫੋਰਨੀਆ ਬਦਾਮ ਸਮੇਤ ਕਈ ਫ਼ਸਲਾਂ ਅਤੇ ਫਲਦਾਰ ਪੌਦੇ ਲਾਏ ਗਏ ਹਨ। ਇਸ ਤੋਂ ਇਲਾਵਾ ਉਹ ਵਪਾਰਕ ਪੱਧਰ ’ਤੇ ਬਾਂਸ ਦੀ ਖੇਤੀ ਵੀ ਕਰ ਰਹੇ ਹਨ ਅਤੇ ਮਧੂ ਮੱਖੀ ਪਾਲਣ ਨੂੰ ਵੀ ਆਪਣਾ ਸਹਾਇਕ ਧੰਦਾ ਬਣਾਇਆ ਹੈ। ਹਾੜੀ ਸੀਜ਼ਨ ਦੌਰਾਨ ਉਹ ਜੈਵਿਕ ਤਰੀਕੇ ਨਾਲ ਸੋਨਾਮੋਤੀ ਕਣਕ ਦੀ ਕਾਸ਼ਤ ਕਰਦੇ ਹਨ। ਖੇਤੀ ਦੇ ਨਾਲ-ਨਾਲ ਉਹ ਨਰਸਰੀ ਵੀ ਚਲਾ ਰਹੇ ਹਨ, ਜਿੱਥੇ ਵੱਖ-ਵੱਖ ਫਲਦਾਰ ਪੌਦਿਆਂ ਦੇ ਬੂਟੇ ਤਿਆਰ ਕਰ ਕੇ ਵੇਚੇ ਜਾਂਦੇ ਹਨ। ਉਹ ਹੋਰ ਕਿਸਾਨਾਂ ਨੂੰ ਵੀ ਉੱਚ ਮੁੱਲ ਵਾਲੀਆਂ ਫ਼ਸਲਾਂ, ਬਾਗ਼ਬਾਨੀ ਅਤੇ ਵਿਭਿੰਨਤਾ ਅਧਾਰਿਤ ਖੇਤੀ ਅਪਣਾਉਣ ਲਈ ਪ੍ਰੇਰਿਤ ਕਰ ਰਹੇ ਹਨ। ਗੁਰਸਿਮਰਨ ਸਿੰਘ ਦਾ ਕਹਿਣਾ ਹੈ ਕਿ ਜੇ ਕਿਸਾਨ ਰਵਾਇਤੀ ਖੇਤੀ ਦੇ ਨਾਲ-ਨਾਲ ਬਾਗ਼ਬਾਨੀ, ਜੈਵਿਕ ਖੇਤੀ, ਨਰਸਰੀ, ਮਧੂ ਮੱਖੀ ਪਾਲਣ ਅਤੇ ਹੋਰ ਸਹਾਇਕ ਧੰਦੇ ਅਪਣਾਉਣ ਤਾਂ ਘੱਟ ਜ਼ਮੀਨ ਹੋਣ ਦੇ ਬਾਵਜੂਦ ਵੀ ਖੇਤੀ ਨੂੰ ਲਾਭਕਾਰੀ ਕਾਰੋਬਾਰ ਵਿੱਚ ਬਦਲਿਆ ਜਾ ਸਕਦਾ ਹੈ।

Share: