ਚੰਡੀਗਡ਼੍ਹ : ਮੁੱਖ ਮੰਤਰੀ ਭਗਵੰਤ ਮਾਨ ਭਲਕੇ ਆਪਣੇ ਹਲਕੇ ਧੂਰੀ ਤੋਂ ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਦੀ ਸ਼ੁਰੂਆਤ ਕਰਨਗੇ। ਪਹਿਲੀ ਜੁਲਾਈ ਨੂੰ ਧੂਰੀ ’ਚ ਨਿਰੋਲ ਔਰਤਾਂ ਦਾ ਇਕੱਠ ਕੀਤਾ ਜਾ ਰਿਹਾ ਹੈ, ਜਿਸ ਵਿੱਚ ‘ਆਪ’ ਮਹਿਲਾ ਵਿਧਾਇਕਾਂ ਤੋਂ ਇਲਾਵਾ ਉਚੇਚੇ ਤੌਰ ’ਤੇ ਮੁੱਖ ਮੰਤਰੀ ਦੀ ਪਤਨੀ ਡਾ. ਗੁਰਪ੍ਰੀਤ ਕੌਰ ਵੀ ਸ਼ਾਮਲ ਹੋਣਗੇ। ਪੰਜਾਬ ਸਰਕਾਰ ਨੇ ਇਸ ਸਕੀਮ ਨੂੰ ਅਮਲੀ ਰੂਪ ਦੇਣ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਪਹਿਲੀ ਜੁਲਾਈ ਤੋਂ ਔਰਤਾਂ ਨੂੰ ਤਿੰਨ ਮਹੀਨੇ ਦੀ ਇਕੱਠੀ ਰਾਸ਼ੀ ਮਿਲੇਗੀ।
ਵੇਰਵਿਆਂ ਅਨੁਸਾਰ ਪਹਿਲੀ ਜੁਲਾਈ ਨੂੰ ਦੁਪਹਿਰ ਮਗਰੋਂ ਲੱਖਾਂ ਔਰਤਾਂ ਦੇ ਫ਼ੋਨ ’ਤੇ ਇੱਕੋ ਸਮੇਂ ਸਤਿਕਾਰ ਭੱਤੇ ਦੀ ਰਾਸ਼ੀ ਖਾਤੇ ’ਚ ਆਉਣ ਦੇ ਸੁਨੇਹੇ ਪੁੱਜਣਗੇ। ‘ਆਪ’ ਸਰਕਾਰ ਆਪਣੀ ਆਖ਼ਰੀ ਗਰੰਟੀ ਨੂੰ ਪੂਰੀ ਕਰਨ ਲਈ ਭਲਕੇ ਜਨਰਲ ਵਰਗ ਦੀਆਂ ਔਰਤਾਂ ਨੂੰ ਇੱਕ ਹਜ਼ਾਰ ਅਤੇ ਦਲਿਤ ਵਰਗ ਦੀਆਂ ਔਰਤਾਂ ਨੂੰ 1500 ਰੁਪਏ ਪ੍ਰਤੀ ਮਹੀਨਾ ਸਤਿਕਾਰ ਭੱਤਾ ਦੇਣਾ ਸ਼ੁਰੂ ਕਰੇਗੀ। ਪੰਜਾਬ ਦੀਆਂ ਕਰੀਬ 97 ਫ਼ੀਸਦੀ ਔਰਤਾਂ ਇਸ ਸਕੀਮ ’ਚ ਕਵਰ ਹੋਣਗੀਆਂ। ਪੰਜਾਬ ਸਰਕਾਰ ਨੇ 13 ਅਪਰੈਲ ਤੋਂ ਸਕੀਮ ਦੀ ਰਜਿਸਟ੍ਰੇਸ਼ਨ ਸ਼ੁਰੂ ਕੀਤੀ ਸੀ ਅਤੇ ਮੰਗਲਵਾਰ ਸਵੇਰੇ 9 ਵਜੇ ਤੱਕ ਇਸ ਸਕੀਮ ਤਹਿਤ 44.41 ਲੱਖ ਔਰਤਾਂ ਦੀ ਰਜਿਸਟ੍ਰੇਸ਼ਨ ਹੋ ਚੁੱਕੀ ਸੀ। ਇਸ ਵਿੱਚ ਦਲਿਤ ਵਰਗ ਦੀਆਂ 14.28 ਲੱਖ ਔਰਤਾਂ ਅਤੇ ਜਨਰਲ ਵਰਗ ਦੀਆਂ 30.13 ਲੱਖ ਔਰਤਾਂ ਸ਼ਾਮਲ ਹਨ। ਪਹਿਲੀ ਜੁਲਾਈ ਤੋਂ ਸਕੀਮ ਦੀ ਸ਼ੁਰੂਆਤ ਹੋਣ ਤੋਂ ਪਹਿਲਾਂ ਜੂਨ ਮਹੀਨੇ ਦੇ ਆਖ਼ਰੀ ਪੰਜ ਦਿਨਾਂ ’ਚ ਪੰਜਾਬ ਭਰ ਵਿੱਚ 8.99 ਲੱਖ ਔਰਤਾਂ ਦੀ ਰਜਿਸਟ੍ਰੇਸ਼ਨ ਹੋਈ ਹੈ। 26 ਜੂਨ ਤੱਕ 35.42 ਲੱਖ ਔਰਤਾਂ ਦੀ ਰਜਿਸਟ੍ਰੇਸ਼ਨ ਹੋਈ ਸੀ।
ਪੰਜਾਬ ਭਰ ’ਚੋਂ ਪਟਿਆਲਾ ਅਤੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ’ਚ ਸਭ ਤੋਂ ਵੱਧ ਔਰਤਾਂ ਇਸ ਸਕੀਮ ਲਈ ਰਜਿਸਟਰਡ ਹੋਈਆਂ ਹਨ। ਹੁਣ ਤੱਕ ਹੋਈ ਰਜਿਸਟ੍ਰੇਸ਼ਨ ਮੁਤਾਬਕ ਮੁੱਢਲੇ ਪੜਾਅ ’ਤੇ ਔਰਤਾਂ ਨੂੰ ਤਿੰਨ ਮਹੀਨੇ ਦੀ ਇਕੱਠੀ ਰਾਸ਼ੀ ਵਜੋਂ 1546.50 ਕਰੋੜ ਰੁਪਏ ਉਨ੍ਹਾਂ ਦੇ ਬੈਂਕ ਖਾਤਿਆਂ ’ਚ ਟਰਾਂਸਫ਼ਰ ਕੀਤੇ ਜਾਣਗੇ। ਦਲਿਤ ਵਰਗ ਦੀਆਂ ਔਰਤਾਂ ਨੂੰ ਤਿੰਨ ਮਹੀਨੇ ਦੇ 642.60 ਕਰੋੜ ਅਤੇ ਜਨਰਲ ਵਰਗ ਦੀਆਂ ਔਰਤਾਂ ਨੂੰ ਤਿੰਨ ਮਹੀਨੇ ਦੀ ਰਾਸ਼ੀ 903.90 ਕਰੋੜ ਰੁਪਏ ਮਿਲੇਗੀ। ਸੂਤਰਾਂ ਮੁਤਾਬਕ ਅੱਜ ਸ਼ਾਮ ਤੱਕ ਰਜਿਸਟ੍ਰੇਸ਼ਨ ਦਾ ਅੰਕੜਾ ਵੱਧ ਕੇ 45 ਲੱਖ ਹੋਣ ਦੀ ਸੰਭਾਵਨਾ ਹੈ।
32 ਲੱਖ ਔਰਤਾਂ ਦੇ ਖਾਤੇ ’ਚ ਆਵੇਗਾ ਪੈਸਾ
ਪਹਿਲੀ ਜੁਲਾਈ ਨੂੰ ਕਰੀਬ 32 ਲੱਖ ਔਰਤਾਂ ਦੇ ਖਾਤੇ ’ਚ ਇਕਦਮ ਪੈਸਾ ਭੇਜਿਆ ਜਾਵੇਗਾ ਜਦੋਂ ਕਿ ਬਾਕੀ ਔਰਤਾਂ ਦੇ ਖਾਤੇ ’ਚ ਰੋਜ਼ਾਨਾ ਰਾਸ਼ੀ ਭੇਜੀ ਜਾਵੇਗੀ। ਪੰਜਾਬ ਸਰਕਾਰ ਨੇ ਵਿੱਤੀ ਸਾਲ 2026-27 ਦੇ ਬਜਟ ’ਚ ਔਰਤਾਂ ਲਈ 9300 ਕਰੋੜ ਰੁਪਏ ਰੱਖੇ ਹਨ। ਮੁੱਖ ਮੰਤਰੀ ਭਗਵੰਤ ਮਾਨ ਸਪਸ਼ਟ ਕਰ ਚੁੱਕੇ ਹਨ ਕਿ ਜੇ ਕਿਸੇ ਯੋਗ ਔਰਤ ਦਾ ਕਾਰਡ ਅਗਲੇ ਮਹੀਨਿਆਂ ’ਚ ਬਣਦਾ ਹੈ ਤਾਂ ਉਸ ਨੂੰ ਵੀ ਸਕੀਮ ਦਾ ਲਾਭ ਪਹਿਲੀ ਜੁਲਾਈ ਤੋਂ ਹੀ ਮਿਲੇਗਾ। ਇਸ ਯੋਜਨਾ ਦੇ ਦਾਇਰੇ ’ਚੋਂ ਸੇਵਾਮੁਕਤ ਤੇ ਸੇਵਾ ਮੁਕਤ ਸਰਕਾਰੀ ਕਰਮਚਾਰੀ, ਆਮਦਨ ਕਰਦਾਤਾ, ਮੌਜੂਦਾ ਤੇ ਸਾਬਕਾ ਵਿਧਾਇਕ, ਮੌਜੂਦਾ ਸੰਸਦ ਮੈਂਬਰਾਂ ਤੇ ਸਾਬਕਾ ਸੰਸਦ ਮੈਂਬਰਾਂ ਨੂੰ ਬਾਹਰ ਰੱਖਿਆ ਗਿਆ ਹੈ। ਜਿਨ੍ਹਾਂ ਔਰਤਾਂ ਨੂੰ ਸਮਾਜਿਕ ਸੁਰੱਖਿਆ ਪੈਨਸ਼ਨ ਮਿਲਦੀ ਹੈ, ਉਨ੍ਹਾਂ ਨੂੰ ਉਪਰੋਕਤ ਸਕੀਮ ਦੇ ਨਾਲ-ਨਾਲ ਹੁਣ ਪੁਰਾਣੀ ਪੈਨਸ਼ਨ ਮਿਲਣੀ ਵੀ ਜਾਰੀ ਰਹੇਗੀ।

