ਚੰਡੀਗੜ੍ਹ : ਮੈਟਾ (Meta) ਦੀ ਮਲਕੀਅਤ ਵਾਲੇ ਦੁਨੀਆ ਦੇ ਸਭ ਤੋਂ ਪ੍ਰਸਿੱਧ ਮੈਸੇਜਿੰਗ ਪਲੇਟਫਾਰਮ ‘ਵਟਸਐਪ’ (WhatsApp) ਵੱਲੋਂ ਯੂਜ਼ਰਸ ਦੀ ਨਿੱਜਤਾ ਅਤੇ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਲਈ ਇੱਕ ਫੀਚਰ ਦਾ ਐਲਾਨ ਕੀਤਾ ਗਿਆ ਹੈ। ਇਸ ਨਵੇਂ ਫੀਚਰ ਤਹਿਤ ਹੁਣ ਯੂਜ਼ਰਸ ਆਪਣੇ ਨਿੱਜੀ ਮੋਬਾਈਲ ਨੰਬਰ ਨੂੰ ਸਾਂਝਾ ਕੀਤੇ ਬਿਨਾਂ ਵੀ ਇੱਕ-ਦੂਜੇ ਨਾਲ ਰਾਬਤਾ ਕਾਇਮ ਕਰ ਸਕਣਗੇ। ਇਸ ਦੇ ਲਈ ਵਟਸਐਪ ਵੱਲੋਂ ਵਿਲੱਖਣ ‘ਯੂਜ਼ਰਨੇਮ’ (Unique Usernames) ਪੇਸ਼ ਕੀਤੇ ਜਾ ਰਹੇ ਹਨ। ਕੰਪਨੀ ਮੁਤਾਬਕ ਯੂਜ਼ਰਸ ਇਸ ਹਫ਼ਤੇ ਤੋਂ ਹੀ ਆਪਣੇ ਪਸੰਦੀਦਾ ਯੂਜ਼ਰਨੇਮ ਰਿਜ਼ਰਵ (ਬੁੱਕ) ਕਰਨਾ ਸ਼ੁਰੂ ਕਰ ਸਕਦੇ ਹਨ, ਜਦੋਂਕਿ ਇਹ ਫੀਚਰ ਆਉਂਦੇ ਕੁਝ ਮਹੀਨਿਆਂ ਦੌਰਾਨ ਪੜਾਅਵਾਰ ਤਰੀਕੇ ਨਾਲ ਪੂਰੀ ਦੁਨੀਆ ਵਿੱਚ ਲਾਗੂ ਕਰ ਦਿੱਤਾ ਜਾਵੇਗਾ।
ਵਟਸਐਪ ਦੇ ਮੁਖੀ ਕੁਨਾਲ ਸ਼ਾਹ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਲਿਖਿਆ, “ਸਮਾਂ ਸਭ ਕੁਝ ਹੁੰਦਾ ਹੈ। ਮੈਂ ਵਿਸ਼ਵ ਪੱਧਰ ’ਤੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਆਪਣਾ ਯੂਜ਼ਰਨੇਮ ਕਲੇਮ ਕਰ ਲਿਆ ਹੈ। ਹੁਣ ਤੁਹਾਡੀ ਵਾਰੀ ਹੈ।” ਵਟਸਐਪ ਨੇ ਆਪਣੇ ਅਧਿਕਾਰਤ ਬਲੌਗ ਪੋਸਟ ਵਿੱਚ ਦੱਸਿਆ ਕਿ ਅਕਸਰ ਲੋਕ ਕਿਸੇ ਨਵੇਂ ਬਣੇ ਦੋਸਤ, ਜਮਾਤੀ ਜਾਂ ਗੁਆਂਢੀ ਨਾਲ ਆਪਣਾ ਮੋਬਾਈਲ ਨੰਬਰ ਸਾਂਝਾ ਕਰਨ ਲੱਗਿਆਂ ਝਿਜਕਦੇ ਹਨ, ਕਿਉਂਕਿ ਮੋਬਾਈਲ ਨੰਬਰ ਜ਼ਿੰਦਗੀ ਦੇ ਕਈ ਹੋਰ ਅਹਿਮ ਖਾਤਿਆਂ ਨਾਲ ਜੁੜਿਆ ਹੁੰਦਾ ਹੈ। ਇਸੇ ਤਰ੍ਹਾਂ ਕਈ ਵਾਰ ਲੋਕ ਵੱਡੇ ਗਰੁੱਪ ਚੈਟਸ ਵਿੱਚ ਸ਼ਾਮਲ ਤਾਂ ਹੋਣਾ ਚਾਹੁੰਦੇ ਹਨ, ਪਰ ਉਹ ਨਹੀਂ ਚਾਹੁੰਦੇ ਕਿ ਕੋਈ ਅਣਜਾਣ ਸ਼ਖਸ ਉਨ੍ਹਾਂ ਦਾ ਨੰਬਰ ਦੇਖੇ। ਇਹ ਨਵਾਂ ਫੀਚਰ ਅਜਿਹੀਆਂ ਸਾਰੀਆਂ ਸਮੱਸਿਆਵਾਂ ਦਾ ਪੱਕਾ ਹੱਲ ਕਰੇਗਾ।
ਦੁਨੀਆ ਭਰ ਵਿੱਚ 3 ਅਰਬ (3 Billion) ਤੋਂ ਵੱਧ ਯੂਜ਼ਰਸ ਹੋਣ ਕਾਰਨ, ਵਟਸਐਪ ਨੇ ਯੂਜ਼ਰਨੇਮ ਦੀ ਬੁਕਿੰਗ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਹਰ ਕਿਸੇ ਨੂੰ ਆਪਣੀ ਪਸੰਦ ਦਾ ਨਾਮ ਸੁਰੱਖਿਅਤ ਕਰਨ ਦਾ ਬਰਾਬਰ ਮੌਕਾ ਮਿਲ ਸਕੇ। ਜੇਕਰ ਕਿਸੇ ਯੂਜ਼ਰ ਦਾ ਮਨਪਸੰਦ ਨਾਮ ਪਹਿਲਾਂ ਹੀ ਕਿਸੇ ਹੋਰ ਨੇ ਲੈ ਲਿਆ ਹੋਵੇਗਾ, ਤਾਂ ਐਪ ਦੇ ਅੰਦਰ ਮੌਜੂਦ ‘ਯੂਜ਼ਰਨੇਮ ਜਨਰੇਟਰ’ ਖੁਦ ਕੁਝ ਨਵੇਂ ਵਿਕਲਪ ਸੁਝਾਏਗਾ। ਇਸ ਦੇ ਨਾਲ ਹੀ ਸੋਸ਼ਲ ਮੀਡੀਆ ਕ੍ਰਿਏਟਰਾਂ, ਛੋਟੇ ਕਾਰੋਬਾਰੀਆਂ ਅਤੇ ਸੰਸਥਾਵਾਂ ਨੂੰ ਇਹ ਖੁੱਲ੍ਹ ਦਿੱਤੀ ਗਈ ਹੈ ਕਿ ਉਹ ਇੰਸਟਾਗ੍ਰਾਮ ਜਾਂ ਫੇਸਬੁੱਕ ਵਾਲਾ ਯੂਜ਼ਰਨੇਮ ਹੀ ਵਟਸਐਪ ’ਤੇ ਵੀ ਰੱਖ ਸਕਦੇ ਹਨ, ਤਾਂ ਜੋ ਮੈਟਾ ਦੇ ਸਾਰੇ ਪਲੇਟਫਾਰਮਾਂ ’ਤੇ ਉਨ੍ਹਾਂ ਦੀ ਪਛਾਣ ਇੱਕੋ ਜਿਹੀ ਰਹੇ।
ਸੁਰੱਖਿਆ ਨੂੰ ਹੋਰ ਬਾਰੀਕੀ ਨਾਲ ਸਮਝਾਉਂਦਿਆਂ ਵਟਸਐਪ ਨੇ ਸਾਫ਼ ਕੀਤਾ ਹੈ ਕਿ ਇਸ ਵਿੱਚ ਯੂਜ਼ਰਨੇਮ ਲੱਭਣ ਲਈ ਕੋਈ ਜਨਤਕ ਡਾਇਰੈਕਟਰੀ ਜਾਂ ਸਰਚ ਸੁਝਾਅ (Suggestions) ਨਹੀਂ ਹੋਣਗੇ। ਯਾਨੀ ਜਦੋਂ ਤੱਕ ਤੁਹਾਨੂੰ ਕਿਸੇ ਦਾ ਬਿਲਕੁਲ ਸਹੀ ਯੂਜ਼ਰਨੇਮ ਪਤਾ ਨਹੀਂ ਹੋਵੇਗਾ, ਤੁਸੀਂ ਉਸ ਨੂੰ ਮੈਸੇਜ ਨਹੀਂ ਕਰ ਸਕੋਗੇ। ਇਸ ਤੋਂ ਇਲਾਵਾ ਇੱਕ ਵਿਸ਼ੇਸ਼ ‘ਯੂਜ਼ਰਨੇਮ ਕੀ’ (Username Key) ਫੀਚਰ ਵੀ ਦਿੱਤਾ ਜਾ ਰਿਹਾ ਹੈ, ਜਿਸ ਨੂੰ ਚਾਲੂ ਕਰਨ ਤੋਂ ਬਾਅਦ ਕੋਈ ਵੀ ਨਵਾਂ ਵਿਅਕਤੀ ਤੁਹਾਨੂੰ ਉਦੋਂ ਤੱਕ ਪਹਿਲਾ ਮੈਸੇਜ ਨਹੀਂ ਭੇਜ ਸਕੇਗਾ ਜਦੋਂ ਤੱਕ ਉਹ ਉਹ ਖਾਸ ਕੋਡ ਦਰਜ ਨਹੀਂ ਕਰਦਾ।
ਆਪਣਾ ਯੂਜ਼ਰਨੇਮ ਬੁੱਕ ਕਰਨ ਲਈ ਯੂਜ਼ਰਸ ਨੂੰ ਵਟਸਐਪ ਅਪਡੇਟ ਕਰਕੇ ‘ਸੈਟਿੰਗਜ਼ > ਅਕਾਊਂਟ > ਯੂਜ਼ਰਨੇਮ’ (Settings > Account > Username) ਦੇ ਵਿਕਲਪ ’ਤੇ ਜਾਣਾ ਹੋਵੇਗਾ। ਤੁਹਾਡੇ ਦੇਸ਼ ਵਿੱਚ ਇਹ ਸੁਵਿਧਾ ਉਪਲਬਧ ਹੁੰਦੇ ਹੀ ਐਪ ਰਾਹੀਂ ਨੋਟੀਫਿਕੇਸ਼ਨ ਵੀ ਭੇਜਿਆ ਜਾਵੇਗਾ।

