ਮਹਿਲ ਕਲਾਂ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅੱਜ ਮਹਿਲ ਕਲਾਂ ਵਿਖੇ ਹੋਣ ਵਾਲੀ ‘ਲੋਕ ਮਿਲਣੀ’ ਤੋਂ ਪਹਿਲਾਂ ਇਲਾਕੇ ਵਿੱਚ ਸਿਆਸੀ ਮਾਹੌਲ ਪੂਰੀ ਤਰ੍ਹਾਂ ਭੜਕ ਗਿਆ ਹੈ। ਮੁੱਖ ਮੰਤਰੀ ਦੀ ਆਮਦ ਤੋਂ ਤੜਕਸਾਰ ਹੀ ਮਹਿਲ ਕਲਾਂ ਦੀਆਂ ਕੰਧਾਂ, ਮੁੱਖ ਬਾਜ਼ਾਰ, ਬਰਨਾਲਾ-ਲੁਧਿਆਣਾ ਹਾਈਵੇਅ, ਛੀਨੀਵਾਲ ਰੋਡ ਅਤੇ (ਲੋਕ ਮਿਲਣੀ ਵਾਲੀ ਜਗ੍ਹਾ ਜੰਗ ਸਿੰਘ ਪਾਰਕ ਦੇ ਨੇੜੇ ਵੱਡੀ ਗਿਣਤੀ ਵਿੱਚ ਵਿਵਾਦਿਤ ਪੋਸਟਰ ਲਗਾਏ ਗਏ ਹਨ।
ਇਨ੍ਹਾਂ ਪੋਸਟਰਾਂ ਵਿੱਚ ਅਕਾਲ ਤਖ਼ਤ ਸਾਹਿਬ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਜਾਰੀ ਕੀਤੇ ਗਏ ਫ਼ੈਸਲੇ ਦਾ ਹਵਾਲਾ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਅਕਾਲ ਤਖ਼ਤ ਸਾਹਿਬ ਨੇ ਇੱਕ ਵਿਵਾਦਿਤ ਵੀਡੀਓ ਮਾਮਲੇ ਦੀ ਫੋਰੈਂਸਿਕ ਜਾਂਚ ਦੇ ਆਧਾਰ ’ਤੇ ਮੁੱਖ ਮੰਤਰੀ ਨੂੰ ‘ਗੁਰੂ ਦੋਖੀ’ ਅਤੇ ‘ਖਾਲਸਾ ਪੰਥ ਵਿਰੋਧੀ’ ਕਰਾਰ ਦਿੱਤਾ ਹੈ। ਇਹ ਪੋਸਟ ਕਿਸ ਵੱਲੋਂ ਲਗਾਏ ਗਏ ਇਸਦਾ ਅਜੇ ਕੁਝ ਵੀ ਪਤਾ ਨਹੀਂ ਲੱਗਿਆ। ਸ਼ਾਸਨ ਵੱਲੋਂ ਵੱਡੇ ਪੱਧਰ ’ਤੇ ਲੋਕ ਮਿਲਣੀ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ, ਪਰ ਸਵੇਰ ਵੇਲੇ ਲੱਗੇ ਇਨ੍ਹਾਂ ਪੋਸਟਰਾਂ ਨੇ ਪੁਲੀਸ ਅਤੇ ਸਥਾਨਕ ਪ੍ਰਸ਼ਾਸਨ ਨੂੰ ਭਾਜੜਾਂ ਪਾ ਦਿੱਤੀਆਂ ਹਨ। ਕੁਝ ਥਾਵਾਂ ਤੋਂ ਇਹਨਾਂ ਪੋਸਟਾਂ ਨੂੰ ਹਟਾਇਆ ਵੀ ਗਿਆ।

