ਫੇਲ੍ਹ ਹੋਏ ਦੁੱਧ ਦੇ ਸੈਂਪਲ; ਮੋਗਾ ’ਚ ਡੇਅਰੀ ਵਿਕਾਸ ਵਿਭਾਗ ਵੱਲੋਂ ‘ਦੁੱਧ ਖਪਤਕਾਰ ਜਾਗਰੂਕਤਾ ਕੈਂਪ’ ਲਗਾਏ, ਮੌਕੇ ’ਤੇ ਕੀਤੀ ਪਰਖ

ਫੇਲ੍ਹ ਹੋਏ ਦੁੱਧ ਦੇ ਸੈਂਪਲ; ਮੋਗਾ ’ਚ ਡੇਅਰੀ ਵਿਕਾਸ ਵਿਭਾਗ ਵੱਲੋਂ ‘ਦੁੱਧ ਖਪਤਕਾਰ ਜਾਗਰੂਕਤਾ ਕੈਂਪ’ ਲਗਾਏ, ਮੌਕੇ ’ਤੇ ਕੀਤੀ ਪਰਖ

ਧਰਮਕੋਟ : ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅੱਜ ਮੋਗਾ ਜ਼ਿਲ੍ਹੇ ਅੰਦਰ ਵੱਖ-ਵੱਖ ਥਾਵਾਂ ’ਤੇ ਲੋਕਾਂ ਨੂੰ ਦੁੱਧ ਦੀ ਗੁਣਵੱਤਾ ਪ੍ਰਤੀ ਜਾਗਰੂਕ ਕਰਨ ਲਈ ‘ਦੁੱਧ ਖਪਤਕਾਰ ਜਾਗਰੂਕਤਾ ਕੈਂਪਾਂ’ ਲਗਾਇਆ ਗਿਆ । ਡੇਅਰੀ ਵਿਕਾਸ ਵਿਭਾਗ ਦੇ ਡਿਪਟੀ ਡਾਇਰੈਕਟਰ ਨਿਰਵੈਰ ਸਿੰਘ ਬਰਾੜ ਦੀ ਯੋਗ ਦੇਖ-ਰੇਖ ਹੇਠ ਲਗਾਏ ਗਏ ਇਨ੍ਹਾਂ ਵਿਸ਼ੇਸ਼ ਕੈਂਪਾਂ ਵਿੱਚ ਵਿਭਾਗ ਦੇ ਇੰਸਪੈਕਟਰ ਦੇਵਸਿਮਰਨ ਕੌਰ ਅਤੇ ਅਨੁਰਾਗਦੀਪ ਕੌਰ ਸਮੇਤ ਵੱਡੀ ਗਿਣਤੀ ਵਿੱਚ ਵਿਭਾਗ ਦੇ ਮੁਲਾਜ਼ਮਾਂ ਨੇ ਸ਼ਿਰਕਤ ਕੀਤੀ। ਇਨ੍ਹਾਂ ਕੈਂਪਾਂ ਨੂੰ ਸਥਾਨਕ ਦੁੱਧ ਖ਼ਪਤਕਾਰਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ।

ਇਸ ਸਬੰਧੀ ਵਿਸਥਾਰਤ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਨਿਰਵੈਰ ਸਿੰਘ ਬਰਾੜ ਨੇ ਦੱਸਿਆ ਕਿ ਇਨ੍ਹਾਂ ਜਾਗਰੂਕਤਾ ਕੈਂਪਾਂ ਦਾ ਮੁੱਖ ਉਦੇਸ਼ ਲੋਕਾਂ ਨੂੰ ਸ਼ੁੱਧ ਦੁੱਧ ਦੀ ਪਛਾਣ ਕਰਵਾਉਣਾ ਸੀ। ਕੈਂਪਾਂ ਦੌਰਾਨ ਉਪਭੋਗਤਾਵਾਂ ਦੇ ਦੁੱਧ ਦੀ ਮੌਕੇ ’ਤੇ ਹੀ ਪਰਖ ਅਤੇ ਜਾਂਚ ਕੀਤੀ ਗਈ। ਇਸ ਪ੍ਰਕਿਰਿਆ ਰਾਹੀਂ ਦੁੱਧ ਵਿੱਚ ਫੈਟ (ਚਰਬੀ), ਐੱਸ.ਐੱਨ.ਐੱਫ. (SNF), ਅਤੇ ਉੱਪਰੋਂ ਪਾਏ ਗਏ ਪਾਣੀ ਦੀ ਮਾਤਰਾ ਦੀ ਜਾਂਚ ਕੀਤੀ ਗਈ। ਇਸ ਦੇ ਨਾਲ ਹੀ ਸਿਹਤ ਲਈ ਹਾਨੀਕਾਰਕ ਰਸਾਇਣਾਂ ਜਿਵੇਂ ਕਿ ਯੂਰੀਆ, ਕਾਸਟਿਕ ਸੋਡਾ ਅਤੇ ਸਟਾਰਚ ਆਦਿ ਦੀ ਮਿਲਾਵਟ ਦਾ ਪਤਾ ਲਗਾਉਣ ਲਈ ਵੀ ਟੈਸਟ ਕੀਤੇ ਗਏ।

10 ਸੈਂਪਲਾਂ ਵਿੱਚ ਪਾਈ ਗਈ ਪਾਣੀ ਦੀ ਮਿਲਾਵਟ

ਵਿਭਾਗ ਵੱਲੋਂ ਸਾਂਝੇ ਕੀਤੇ ਅੰਕੜਿਆਂ ਅਨੁਸਾਰ, ਅੱਜ ਲਗਾਏ ਗਏ ਕੈਂਪ ਵਿੱਚ ਦੁੱਧ ਦੇ ਕੁੱਲ 24 ਸੈਂਪਲ ਟੈਸਟ ਕੀਤੇ ਗਏ। ਇਨ੍ਹਾਂ ਵਿੱਚੋਂ 14 ਸੈਂਪਲ ਨਿਰਧਾਰਿਤ ਮਿਆਰਾਂ ਅਨੁਸਾਰ ਬਿਲਕੁਲ ਸਹੀ ਪਾਏ ਗਏ, ਜਦਕਿ 10 ਸੈਂਪਲਾਂ ਵਿੱਚ ਪਾਣੀ ਦੀ ਮਿਲਾਵਟ ਪਾਈ ਗਈ। ਰਾਹਤ ਦੀ ਗੱਲ ਇਹ ਰਹੀ ਕਿ ਕਿਸੇ ਵੀ ਸੈਂਪਲ ਵਿੱਚ ਕਿਸੇ ਕਿਸਮ ਦੀ ਘਾਤਕ ਰਸਾਇਣਿਕ ਮਿਲਾਵਟ ਦੀ ਪੁਸ਼ਟੀ ਨਹੀਂ ਹੋਈ। ਅਧਿਕਾਰੀਆਂ ਨੇ ਖਪਤਕਾਰਾਂ ਨੂੰ ਆਪਣੇ ਪਰਿਵਾਰ ਦੀ ਸਿਹਤ ਲਈ ਚੰਗੀ ਗੁਣਵੱਤਾ ਵਾਲਾ ਦੁੱਧ ਵਰਤਣ ਲਈ ਪ੍ਰੇਰਿਤ ਕੀਤਾ ਅਤੇ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਲੋਕ-ਪੱਖੀ ਗਤੀਵਿਧੀਆਂ ਬਾਰੇ ਵਿਸਥਾਰ ਨਾਲ ਦੱਸਿਆ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੋਈ ਵੀ ਦੁੱਧ ਖਪਤਕਾਰ ਵਿਭਾਗ ਦੇ ਮੋਗਾ ਸਥਿਤ ਮੁੱਖ ਦਫ਼ਤਰ ਵਿਖੇ ਕਿਸੇ ਵੀ ਕੰਮਕਾਜ ਵਾਲੇ ਦਿਨ ਪਹੁੰਚ ਕੇ ਆਪਣੇ ਘਰ ਆਉਣ ਵਾਲੇ ਦੁੱਧ ਦੀ ਮੁਫ਼ਤ ਜਾਂਚ ਕਰਵਾ ਸਕਦਾ ਹੈ।

Share: