ਚੰਡੀਗਡ਼੍ਹ : ਪੰਜਾਬ ਵਿੱਚ ਗਰਮੀ ਅਤੇ ਬਿਜਲੀ ਕੱਟਾਂ ਨੇ ਝੋਨੇ ਦੇ ਖੇਤ ਸੁਕਾ ਦਿੱਤੇ ਹਨ। ਖੇਤੀ ਸੈਕਟਰ ਨੂੰ ਪੂਰੇ ਅੱਠ ਘੰਟੇ ਬਿਜਲੀ ਸਪਲਾਈ ਨਾ ਮਿਲਣ ਕਾਰਨ ਅੱਕੇ ਕਿਸਾਨਾਂ ਨੇ ਅੱਜ ਥਾਂ-ਥਾਂ ਬਿਜਲੀ ਗਰਿਡ ਘੇਰੇ ਅਤੇ ਸੜਕਾਂ ’ਤੇ ਜਾਮ ਲਾਏ। ‘ਆਪ’ ਸਰਕਾਰ ਦੇ ਆਖ਼ਰੀ ਵਰ੍ਹੇ ਵਿੱਚ ਕਿਸਾਨਾਂ ਨੂੰ ਬਿਜਲੀ ਲਈ ਖੱਜਲ ਹੋਣਾ ਪੈ ਰਿਹਾ ਹੈ। ਸੂਬੇ ਵਿੱਚ ਬਿਜਲੀ ਦੀ ਮੰਗ 16,800 ਮੈਗਾਵਾਟ ਨੂੰ ਛੂਹ ਗਈ ਹੈ। ਪਿਛਲੇ ਵਰ੍ਹੇ ਇਹ ਮੰਗ 17 ਹਜ਼ਾਰ ਮੈਗਾਵਾਟ ਨੂੰ ਪਾਰ ਕਰਨ ਦੇ ਬਾਵਜੂਦ ਕੱਟ ਨਹੀਂ ਲੱਗੇ ਸਨ, ਪਰ ਐਤਕੀਂ ਪਾਵਰਕੌਮ ਮੈਨੇਜਮੈਂਟ ਦੀ ਕੋਤਾਹੀ ਨੇ ਸਰਕਾਰ ਦਾ ਅਕਸ ਦਾਅ ’ਤੇ ਲਾ ਦਿੱਤਾ ਹੈ।
ਪਾਵਰਕੌਮ ਦੀ ਰਿਪੋਰਟ ਅਨੁਸਾਰ 27 ਜੂਨ ਨੂੰ ਸਰਹੱਦੀ ਖੇਤਰ ਦੇ ਖੇਤਾਂ ਨੂੰ ਸਿਰਫ਼ 4.30 ਘੰਟੇ ਅਤੇ ਬਾਕੀ ਪੰਜਾਬ ਵਿੱਚ ਖੇਤੀ ਸੈਕਟਰ ਨੂੰ ਤਿੰਨ ਤੋਂ ਸਾਢੇ ਚਾਰ ਘੰਟੇ ਹੀ ਸਪਲਾਈ ਦਿੱਤੀ ਗਈ। ਜਲੰਧਰ, ਲੁਧਿਆਣਾ, ਅੰਮ੍ਰਿਤਸਰ ਅਤੇ ਮੰਡੀ ਗੋਬਿੰਦਗੜ੍ਹ ਵਰਗੇ ਸਨਅਤੀ ਫੀਡਰਾਂ ਵਿੱਚ ਸਵਾ ਦੋ ਘੰਟੇ ਦਾ ਕੱਟ ਲਾਇਆ ਗਿਆ। ਅੱਜ ਬਾਜ਼ਾਰ ਤੇ ਸਨਅਤਾਂ ਬੰਦ ਹੋਣ ਦੇ ਬਾਵਜੂਦ ਬਿਜਲੀ ਦੀ ਮੰਗ ਪੂਰੀ ਨਹੀਂ ਕੀਤੀ ਜਾ ਸਕੀ। ਖੇਤਾਂ ਲਈ ਪੂਰੀ ਬਿਜਲੀ ਸਪਲਾਈ ਨਾ ਮਿਲਣ ਦੇ ਰੋਸ ਵਜੋਂ ਕਿਸਾਨਾਂ ਨੇ ਅੱਜ ਬਿਜਲੀ ਗਰਿੱਡ ਧੌਲਾ ਅਤੇ ਮਾਝੇ ਦੇ ਗੋਇੰਦਵਾਲ ਸਬ-ਸਟੇਸ਼ਨ ਦਾ ਘਿਰਾਓ ਕੀਤਾ। ਤਪਾ ਲਾਗੇ ਬਠਿੰਡਾ-ਜ਼ੀਰਕਪੁਰ ਮੁੱਖ ਸੜਕ ਮਾਰਗ, ਕੱਥੂਨੰਗਲ ਟੌਲ ਪਲਾਜ਼ਾ, ਮੰਗਵਾਲ ਗਰਿੱਡ ਅਤੇ ਮੌੜ ਹਲਕੇ ਵਿੱਚ ਰਾਮਪੁਰਾ-ਤਲਵੰਡੀ ਸਾਬੋ ਰੋਡ ’ਤੇ ਜਾਮ ਲਾਏ ਗਏ। ਪਟਿਆਲਾ ਅਤੇ ਮੁਕਤਸਰ-ਮਲੋਟ ਰੋਡ ’ਤੇ ਪੈਂਦੇ ਪਿੰਡ ਔਲਖ ਵਿੱਚ ਵੀ ਕਿਸਾਨਾਂ ਨੇ ਟੈਂਟ ਲਾ ਕੇ ਆਵਾਜਾਈ ਠੱਪ ਕੀਤੀ। ਫ਼ਰੀਦਕੋਟ ਦੇ ਪਿੰਡ ਢੀਮਾਂਵਾਲੀ, ਗੁਰੂ ਹਰਸਹਾਏ ਦੇ ਲਾਲਚੀਆਂ ਅਤੇ ਗਿੱਦੜਬਾਹਾ ਦੇ ਪਿੰਡ ਗੁਰੂਸਰ ਦੇ ਕਿਸਾਨਾਂ ਅਨੁਸਾਰ ਤਿੰਨ-ਚਾਰ ਘੰਟੇ ਹੀ ਬਿਜਲੀ ਮਿਲ ਰਹੀ ਹੈ, ਜਿਸ ਕਾਰਨ ਲਾਗਤ ਖ਼ਰਚੇ ਵਧਣ ਦੇ ਡਰੋਂ ਬਹੁਤਿਆਂ ਨੇ ਜੈਨਰੇਟਰ ਖ਼ਰੀਦਣੇ ਸ਼ੁਰੂ ਕਰ ਦਿੱਤੇ ਹਨ। ਕਿਸਾਨ ਦਲਜੀਤ ਸਿੰਘ ਨੇ ਦੱਸਿਆ ਪਿੰਡ ਖੱਪ, ਹੰਸਾਵਾਲਾ ਤੇ ਪਿੰਡੀਆਂ ਆਦਿ ’ਚ ਦੋ ਤੋਂ ਤਿੰਨ ਘੰਟੇ ਹੀ ਬਿਜਲੀ ਸਪਲਾਈ ਆ ਰਹੀ ਹੈ।
ਸੂਬੇ ਵਿੱਚ ਤਾਪਮਾਨ 45 ਡਿਗਰੀ ਸੈਲਸੀਅਸ ਤੋਂ ਪਾਰ ਹੈ। ਮੌਸਮ ਵਿਭਾਗ ਨੇ ਪਹਿਲੀ ਜੁਲਾਈ ਤੋਂ ਮੀਂਹ ਦੀ ਪੇਸ਼ੀਨਗੋਈ ਕੀਤੀ ਹੈ। ਅੱਜ ਵੀ ਚਾਰ ਜ਼ਿਲ੍ਹਿਆਂ ਵਿੱਚ ਹਲਕਾ ਮੀਂਹ ਪਿਆ। ਪਾਵਰਕੌਮ ਨੂੰ ਆਪਣੇ ਸਰੋਤਾਂ ਤੋਂ ਮਹਿਜ਼ 5,744 ਮੈਗਾਵਾਟ ਬਿਜਲੀ ਮਿਲ ਰਹੀ ਹੈ ਅਤੇ ਬਾਕੀ ਕੇਂਦਰੀ ਪੂਲ ’ਤੇ ਨਿਰਭਰ ਹੈ। ਰੋਪੜ ਥਰਮਲ ਦੇ ਚਾਰ ਯੂਨਿਟ ਪੂਰੀ ਸਮਰੱਥਾ ’ਤੇ ਨਹੀਂ ਚੱਲ ਰਹੇ ਅਤੇ ਲਹਿਰਾ ਥਰਮਲ ਦਾ ਇੱਕ ਯੂਨਿਟ ਬੰਦ ਹੈ, ਹਾਲਾਂਕਿ ਕੋਲੇ ਦੀ ਕੋਈ ਕਮੀ ਨਹੀਂ ਹੈ। ਮੈਨੇਜਮੈਂਟ ਅਤੇ ਇੰਜਨੀਅਰਾਂ ਵਿਚਾਲੇ ਪਿਛਲੇ ਸਮੇਂ ਦਾ ਟਕਰਾਅ ਹੁਣ ਅਸਰ ਦਿਖਾ ਰਿਹਾ ਹੈ।
ਭਲਕੇ ਪਾਵਰਕੌਮ ਦਫ਼ਤਰਾਂ ਅੱਗੇ ਮੁਜ਼ਾਹਰਿਆਂ ਦੀ ਚਿਤਾਵਨੀ
ਕਿਸਾਨ ਮਜ਼ਦੂਰ ਮੋਰਚੇ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਐਲਾਨ ਕੀਤਾ ਕਿ ਜੇ ਸਪਲਾਈ ਨਾ ਸੁਧਰੀ ਤਾਂ 30 ਜੂਨ ਨੂੰ ਪਾਵਰਕੌਮ ਦਫ਼ਤਰਾਂ ਅੱਗੇ ਮੁਜ਼ਾਹਰਾ ਕੀਤਾ ਜਾਵੇਗਾ। ਦੂਜੇ ਪਾਸੇ, ਮੰਡੀ ਗੋਬਿੰਦਗੜ੍ਹ ਦੀ ਐੱਮ ਐੱਸ ਐੱਮ ਈ ਫਰਨੇਸ ਐਸੋਸੀਏਸ਼ਨ ਦੇ ਪ੍ਰਧਾਨ ਜਰਨੈਲ ਸਿੰਘ ਨੇ ਬਿਜਲੀ ਸਕੱਤਰ ਨੂੰ ਪੱਤਰ ਲਿਖ ਕੇ ਦੋਸ਼ ਲਾਇਆ ਕਿ 27 ਜੂਨ ਦੀ ਰਾਤ ਨੂੰ ਬਿਨਾਂ ਸੂਚਨਾ ਅੱਠ ਘੰਟੇ ਦਾ ਕੱਟ ਲਾਇਆ ਗਿਆ ਅਤੇ ਹੁਣ 28 ਜੂਨ ਦੀ ਰਾਤ ਲਈ ਵੀ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ, ਜਿਸ ਨਾਲ ਛੋਟਾ ਕਾਰੋਬਾਰ ਤਬਾਹ ਹੋ ਜਾਵੇਗਾ।

