ਵਾਸ਼ਿੰਗਟਨ : ਖਾੜੀ ਖੇਤਰ ਵਿੱਚ ਪਿਛਲੇ ਕੁਝ ਦਿਨਾਂ ਤੋਂ ਜਾਰੀ ਖ਼ੂਨੀ ਟਕਰਾਅ ਦਰਮਿਆਨ ਇੱਕ ਵੱਡੀ ਰਾਹਤ ਦੀ ਖ਼ਬਰ ਆਈ ਹੈ। ਅਮਰੀਕਾ ਅਤੇ ਇਰਾਨ ਖਾੜੀ ਖੇਤਰ ਵਿੱਚ ਇੱਕ-ਦੂਜੇ ਖ਼ਿਲਾਫ਼ ਕੀਤੇ ਜਾ ਰਹੇ ਹਮਲਿਆਂ ਨੂੰ ਤੁਰੰਤ ਰੋਕਣ ਅਤੇ ਹੋਰਮੁਜ਼ ਜਲਡਮਰੂ (Strait of Hormuz) ਦੇ ਵਿਵਾਦ ਨੂੰ ਸੁਲਝਾਉਣ ਲਈ ਮੁੜ ਡਿਪਲੋਮੈਟਿਕ ਗੱਲਬਾਤ ਸ਼ੁਰੂ ਕਰਨ ਲਈ ਸਹਿਮਤ ਹੋ ਗਏ ਹਨ। ਇੱਕ ਅਮਰੀਕੀ ਅਧਿਕਾਰੀ ਵੱਲੋਂ ਦਿੱਤੀ ਗਈ ਇਸ ਜਾਣਕਾਰੀ ਨਾਲ ਦੋਵਾਂ ਦੇਸ਼ਾਂ ਵਿਚਾਲੇ ਟੁੱਟਣ ਦੀ ਕਗਾਰ ’ਤੇ ਪਹੁੰਚੇ ਅੰਤਰਿਮ ਸ਼ਾਂਤੀ ਸਮਝੌਤੇ ਦੇ ਬਚਣ ਦੀਆਂ ਉਮੀਦਾਂ ਮੁੜ ਜਾਗ ਪਈਆਂ ਹਨ।
ਇੱਕ ਸੀਨੀਅਰ ਅਮਰੀਕੀ ਅਧਿਕਾਰੀ ਨੇ ਮੀਡੀਆ ਹਾਊਸ ‘ਐਕਸੀਓਸ’ (Axios) ਦੇ ਹਵਾਲੇ ਨਾਲ ਪੁਸ਼ਟੀ ਕੀਤੀ ਹੈ ਕਿ ਦੋਵੇਂ ਧਿਰਾਂ ਫਿਲਹਾਲ ਸਾਰੀਆਂ ਫ਼ੌਜੀ ਕਾਰਵਾਈਆਂ ਰੋਕਣ (Stand Down) ‘ਤੇ ਸਹਿਮਤ ਹੋ ਗਈਆਂ ਹਨ ਅਤੇ ਖੇਤਰ ਵਿੱਚ ਵਪਾਰਕ ਜਹਾਜ਼ਾਂ ਨੂੰ ਸੁਤੰਤਰ ਰੂਪ ਵਿੱਚ ਆਉਣ-ਜਾਣ ਦੀ ਇਜਾਜ਼ਤ ਹੋਵੇਗੀ। ਇਸ ਸਬੰਧੀ ਟੁੱਟੀ ਗੱਲਬਾਤ ਦਾ ਸਿਲਸਿਲਾ ਹੁਣ ਮੰਗਲਵਾਰ ਨੂੰ ਕਤਰ (Doha) ਵਿਖੇ ਦੁਬਾਰਾ ਸ਼ੁਰੂ ਹੋਣ ਜਾ ਰਿਹਾ ਹੈ। ਇਹ ਫੈਸਲਾ 17 ਜੂਨ ਨੂੰ ਹੋਏ 14-ਨੁਕਾਤੀ ਮੰਗ ਪੱਤਰ (MOU) ਦੇ ਤਹਿਤ ਲਿਆ ਗਿਆ ਹੈ, ਜਿਸ ਦਾ ਮਕਸਦ ਇਸ ਮਹੱਤਵਪੂਰਨ ਸਮੁੰਦਰੀ ਰਸਤੇ ਨੂੰ ਆਵਾਜਾਈ ਲਈ ਮੁੜ ਖੋਲ੍ਹਣਾ ਹੈ।
ਇਹ ਕੂਟਨੀਤਕ ਸਫ਼ਲਤਾ ਉਸ ਸਮੇਂ ਮਿਲੀ ਹੈ ਜਦੋਂ ਪਿਛਲੇ ਕੁਝ ਦਿਨਾਂ ਤੋਂ ਦੋਵਾਂ ਦੇਸ਼ਾਂ ਵੱਲੋਂ ਇੱਕ-ਦੂਜੇ ’ਤੇ ਜਵਾਬੀ ਹਮਲੇ ਕੀਤੇ ਜਾ ਰਹੇ ਸਨ। ਲੰਘੇ ਵੀਰਵਾਰ ਨੂੰ ਹੋਰਮੁਜ਼ ਜਲਡਮਰੂ ਵਿੱਚ ਇੱਕ ਮਾਲਵਾਹਕ ਜਹਾਜ਼ ’ਤੇ ਹੋਏ ਇਰਾਨੀ ਹਮਲੇ ਤੋਂ ਬਾਅਦ ਤਣਾਅ ਬਹੁਤ ਜ਼ਿਆਦਾ ਵਧ ਗਿਆ ਸੀ ਅਤੇ ਦੋਵਾਂ ਦੇਸ਼ਾਂ ਨੇ ਇੱਕ-ਦੂਜੇ ’ਤੇ ਜੰਗਬੰਦੀ ਦੀ ਉਲੰਘਣਾ ਦੇ ਦੋਸ਼ ਲਗਾਏ ਸਨ। ਇਸ ਤੋਂ ਪਹਿਲਾਂ ਐਤਵਾਰ ਸਵੇਰੇ ਇਰਾਨ ਨੇ ਕੁਵੈਤ ਅਤੇ ਬਹਿਰੀਨ ਸਥਿਤ ਅਮਰੀਕੀ ਫ਼ੌਜੀ ਟਿਕਾਣਿਆਂ ’ਤੇ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਹਮਲੇ ਕੀਤੇ ਸਨ। ਇਹ ਹਮਲੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਉਸ ਚੇਤਾਵਨੀ ਤੋਂ ਤੁਰੰਤ ਬਾਅਦ ਹੋਏ ਸਨ, ਜਿਸ ਵਿੱਚ ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਲਿਖਿਆ ਸੀ ਕਿ ਜੇਕਰ ਇਰਾਨ ਨੇ ਸਮਝੌਤੇ ਦੀ ਪਾਲਣਾ ਨਾ ਕੀਤੀ, ਤਾਂ “ਇਸਲਾਮਿਕ ਰਿਪਬਲਿਕ ਆਫ਼ ਇਰਾਨ ਦਾ ਵਜੂਦ ਖ਼ਤਮ ਹੋ ਜਾਵੇਗਾ।”
ਦੂਜੇ ਪਾਸੇ, ਪੱਛਮੀ ਏਸ਼ੀਆ ਵਿੱਚ ਹਾਲਾਤ ਅਜੇ ਵੀ ਨਾਜ਼ੁਕ ਬਣੇ ਹੋਏ ਹਨ। ਇਜ਼ਰਾਈਲ ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ਉਸ ਨੇ ਦੱਖਣੀ ਲੇਬਨਾਨ ਵਿੱਚ ਇਰਾਨ ਸਮਰਥਿਤ ਹਿਜ਼ਬੁੱਲਾ ਦੇ ਖ਼ਿਲਾਫ਼ ਮੁੜ ਹਮਲੇ ਕਰਕੇ ਉਨ੍ਹਾਂ ਦੇ ਜ਼ਮੀਨਦੋਜ਼ ਬੰਕਰਾਂ ਅਤੇ ਬੁਨਿਆਦੀ ਢਾਂਚੇ ਨੂੰ ਤਬਾਹ ਕਰ ਦਿੱਤਾ ਹੈ, ਜਦਕਿ ਲੈਬਨਾਨ ਨਾਲ ਸ਼ੁੱਕਰਵਾਰ ਨੂੰ ਹੀ ਇਜ਼ਰਾਈਲ ਦਾ ਜੰਗਬੰਦੀ ਸਮਝੌਤਾ ਹੋਇਆ ਸੀ। ਇਰਾਨ ਦਾ ਕਹਿਣਾ ਹੈ ਕਿ ਜੇਕਰ ਅਮਰੀਕਾ-ਇਰਾਨ ਵਿਚਾਲੇ ਕੋਈ ਵੀ ਵੱਡਾ ਸਮਝੌਤਾ ਸਿਰੇ ਚਾੜ੍ਹਨਾ ਹੈ, ਤਾਂ ਲੈਬਨਾਨ ਵਿੱਚ ਇਜ਼ਰਾਈਲੀ ਹਮਲੇ ਤੁਰੰਤ ਬੰਦ ਹੋਣੇ ਚਾਹੀਦੇ ਹਨ।
ਇਰਾਨ ਦੇ ‘ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰਪਸ’ (IRGC) ਨੇ ਬਿਆਨ ਜਾਰੀ ਕਰਦਿਆਂ ਕਿਹਾ ਸੀ ਕਿ ਅਮਰੀਕੀ ਹਮਲਿਆਂ ਨੇ ਜੰਗਬੰਦੀ ਤੋੜੀ ਸੀ, ਜਿਸ ਕਾਰਨ ਉਨ੍ਹਾਂ ਨੇ ਕੁਵੈਤ ਅਤੇ ਬਹਿਰੀਨ ਵਿੱਚ ਅਮਰੀਕੀ ਬੇਸਾਂ ਨੂੰ ਨਿਸ਼ਾਨਾ ਬਣਾਇਆ। ਹਾਲਾਂਕਿ, ਅਮਰੀਕੀ ਅਧਿਕਾਰੀਆਂ ਮੁਤਾਬਕ ਇਨ੍ਹਾਂ ਹਮਲਿਆਂ ਵਿੱਚ ਕਿਸੇ ਜਾਨੀ ਨੁਕਸਾਨ ਜਾਂ ਵੱਡੇ ਮਾਲੀ ਨੁਕਸਾਨ ਦੀ ਖ਼ਬਰ ਨਹੀਂ ਹੈ। ਇਸ ਦੌਰਾਨ, ਕਤਰ ਦੇ ਗ੍ਰਹਿ ਮੰਤਰਾਲੇ ਨੇ ਦੱਸਿਆ ਕਿ ਖਾੜੀ ਖੇਤਰ ਵਿੱਚ ਚੱਲ ਰਹੀਆਂ ਫ਼ੌਜੀ ਕਾਰਵਾਈਆਂ ਦੌਰਾਨ ਇੱਕ ਸਮੁੰਦਰੀ ਜਹਾਜ਼ ’ਤੇ ਗੋਲਾਬਾਰੀ ਦੇ ਟੁਕੜੇ (Shrapnel) ਲੱਗਣ ਕਾਰਨ ਇੱਕ ਕਤਰੀ ਨਾਗਰਿਕ ਦੀ ਮੌਤ ਹੋ ਗਈ ਹੈ। ਹੁਣ ਸਭ ਦੀਆਂ ਨਜ਼ਰਾਂ ਮੰਗਲਵਾਰ ਨੂੰ ਦੋਹਾ ਵਿੱਚ ਹੋਣ ਵਾਲੀ ਬੈਠਕ ‘ਤੇ ਟਿਕੀਆਂ ਹੋਈਆਂ ਹਨ, ਜੋ ਇਸ ਖੇਤਰ ਵਿੱਚ ਜੰਗ ਨੂੰ ਰੋਕਣ ਲਈ ਫੈਸਲਾਕੁੰਨ ਸਾਬਤ ਹੋ ਸਕਦੀ ਹੈ।

